ਇਸ ਪਦੇ ਵਿਚ ਮਨ ਨੂੰ ਪ੍ਰਭੂ ਦਾ
ਨਾਮ ਜਪਣ ਦਾ ਉਪਦੇਸ਼ ਦੇ ਕੇ ਸਮਝਾਇਆ ਹੈ ਕਿ ਇਸ ਨਾਮ-ਸਿਮਰਨ ਅਤੇ ਗੁਰ-ਸ਼ਬਦ ਦੀ ਬਰਕਤ ਨਾਲ ਸਾਰੇ ਦੁਖ ਤੇ ਪਾਪ ਦੂਰ ਹੋ ਜਾਂਦੇ ਹਨ। ਪ੍ਰਭੂ ਸਵੈ-ਪ੍ਰਕਾਸ਼ ਹੈ। ਸਾਰੀ ਸ੍ਰਿਸ਼ਟੀ ਦਾ ਸਥਾਪਨ ਅਤੇ ਵਿਸਥਾਪਨ ਉਹੀ ਕਰਦਾ ਹੈ। ਉਹੀ ਸੁਮਤਿ ਅਤੇ ਕੁਮਤਿ ਦਿੰਦਾ ਹੈ। ਪਰ ਵਿਰਲੇ ਮਨੁਖ ਹੀ ਪ੍ਰਭੂ ਦੀ ਸਰਬ-ਵਿਆਪਕਤਾ ਤੇ ਸਰਬ-ਸਮਰੱਥਾ ਨੂੰ ਜਾਣ ਪਾਉਂਦੇ ਹਨ। ਜਿਹੜੇ ਜਾਣ ਲੈਂਦੇ ਹਨ, ਉਹ ਸਦਾ ਖੇੜੇ ਵਿਚ ਰਹਿੰਦੇ ਹਨ।
ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ ॥
ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥
ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ ॥
ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ ॥
ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥੪॥
ਮਨਿ ਹਰਿ ਹਰਿ ਜਪਨੁ ਕਰੇ ॥
ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥
-ਗੁਰੂ ਗ੍ਰੰਥ ਸਾਹਿਬ ੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਆਪ ਹੀ ਆਪਣੇ-ਆਪ ਨੂੰ ਪੈਦਾ ਕਰ ਲੈਂਦਾ ਹੈ। ਇਸ ਦਾ ਅਰਥ ਇਹ ਬਿਲਕੁਲ ਨਹੀਂ ਕਿ ਪ੍ਰਭੂ ਜਨਮ ਲੈਂਦਾ ਅਤੇ ਮਰਦਾ ਹੈ। ਇਥੇ ਉਸ ਦੇ ਪੈਦਾ ਹੋਣ ਦਾ ਅਰਥ ਇਹੀ ਹੈ ਕਿ ਉਹ ਕਦੇ ਸ੍ਰਿਸ਼ਟੀ ਵਜੋਂ ਅਕਾਰ ਰੂਪ ਵਿਚ ਪ੍ਰਗਟ ਹੋ ਜਾਂਦਾ ਹੈ ਤੇ ਕਦੇ ਨਿਰੰਕਾਰ ਵਜੋਂ ਅਪ੍ਰਗਟ ਹੋ ਜਾਂਦਾ ਹੈ। ਪਰ ਜਦ ਉਹ ਸ੍ਰਿਸ਼ਟੀ ਦਾ ਰੂਪ ਧਾਰਦਾ ਹੈ ਤਾਂ ਉਹ ਇਸ ਸ੍ਰਿਸ਼ਟੀ ਵਿਚ ਜੀਵ-ਉਤਪਤੀ ਕਰਦਾ ਹੈ ਤੇ ਆਪ ਹੀ ਜੀਵਾਂ ਨੂੰ ਵਾਪਸ ਬੁਲਾ ਲੈਂਦਾ ਹੈ।
ਸ੍ਰਿਸ਼ਟੀ ਵਿਚ ਪੈਦਾ ਹੋਏ ਜੀਵ ਨੂੰ ਪ੍ਰਭੂ ਆਪ ਹੀ ਭਰਮ ਵਿਚ ਪਾ ਕੇ ਉਸ ਦੇ ਮੂਲ ਤੋਂ ਭੁਲਾ ਕੇ ਭਟਕਣ ਵਿਚ ਪਾ ਦਿੰਦਾ ਹੈ ਤੇ ਆਪ ਹੀ ਜੀਵ ਨੂੰ ਆਪਣੀ ਸੋਝੀ ਦੇ ਦਿੰਦਾ ਹੈ। ਭਾਵ, ਆਪ ਹੀ ਉਸ ਨੂੰ ਉਸ ਦੇ ਮੂਲ ਦਾ ਗਿਆਨ ਕਰਵਾ ਦਿੰਦਾ ਹੈ ਤੇ ਉਹ ਮੁੜ ਆਪਣੇ ਮੂਲ ਵਿਚ ਸਮਾ ਜਾਂਦਾ ਹੈ।
ਪਰ ਪ੍ਰਭੂ ਦੇ ਇਸ ਤੱਥ ਦਾ ਗਿਆਨ ਕੇਵਲ ਉਸ ਨੂੰ ਹੀ ਹੈ, ਜਿਨ੍ਹਾਂ ਦਾ ਗੁਰੂ ਨਾਲ ਮਿਲਾਪ ਹੋ ਗਿਆ ਹੈ, ਜਿਹੜੇ ਗੁਰੂ ਵਾਲੇ, ਭਾਵ ਗੁਰਮੁਖ ਹਨ। ਇਹ ਵੀ ਸੱਚ ਹੈ ਕਿ ਅਜਿਹੇ ਗੁਰਮੁਖ ਸੱਜਣ ਕੋਈ ਵਿਰਲੇ-ਟਾਂਵੇ ਹੀ ਹਨ।
ਫਿਰ ਪਾਤਸ਼ਾਹ ਸ਼ਾਬਾਸ਼ ਵਜੋਂ ਉਨ੍ਹਾਂ ਦੇ ਬਲਿਹਾਰ ਜਾਂਦੇ ਹਨ, ਜਿਨ੍ਹਾਂ ਨੇ ਉੱਪਰ ਦੱਸੇ ਅਨੁਸਾਰ ਗੁਰੂ ਤੋਂ ਸੋਝੀ ਪ੍ਰਾਪਤ ਕਰਕੇ, ਗੁਰ-ਸ਼ਬਦ ਦੀ ਬਰਕਤ ਸਦਕਾ ਪ੍ਰਭੂ ਨਾਲ ਮੇਲ ਪ੍ਰਾਪਤ ਕਰ ਲਿਆ ਹੈ। ਭਾਵ, ਜਿਹੜੇ ਆਪਣੇ ਮੂਲ ਨਾਲ ਜੁੜ ਗਏ ਹਨ।
ਫਿਰ ਪਾਤਸ਼ਾਹ ਨਿਮਰ ਭਾਵ ਵਿਚ ਆ ਕੇ ਇਕ ਜਗਿਆਸੂ ਵਜੋਂ ਦੱਸਦੇ ਹਨ ਕਿ ਉਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਦਾ ਨਾਮ ਆ ਵਸਿਆ ਹੈ ਤੇ ਉਨ੍ਹਾਂ ਦਾ ਹਿਰਦਾ ਖਿੜ ਉਠਿਆ ਹੈ। ਭਾਵ, ਮਨ ਚਿਤ ਅਨੰਤ ਖੁਸ਼ੀ ਮਹਿਸੂਸ ਕਰ ਰਿਹਾ ਹੈ। ਇਸ ਖੁਸ਼ੀ ਦੇ ਆਲਮ ਵਿਚ ਮਨ ਅੰਦਰ ਪ੍ਰਭੂ ਦਾ ਲਗਾਤਾਰ ਸਿਮਰਨ ਹੋ ਰਿਹਾ ਹੈ।
ਅਖੀਰ ਵਿਚ ਪ੍ਰਭੂ ਦੇ ਸਿਮਰਨ ਤੋਂ ਅਭਿੱਜ ਰੂਹ ਨੂੰ ਪ੍ਰੇਰਨਾ ਕੀਤੀ ਗਈ ਹੈ ਕਿ ਜਿੰਨੀ ਛੇਤੀ ਹੋ ਸਕੇ, ਉਹ ਵੀ ਪ੍ਰਭੂ ਦੀ ਸ਼ਰਣ ਵਿਚ ਚਲੀ ਜਾਵੇ, ਜਿਥੇ ਜਾਣੇ-ਅਣਜਾਣੇ ਹੋਏ ਹਰ ਤਰ੍ਹਾਂ ਦੇ ਦੋਸ਼ ਦੂਰ ਹੋ ਜਾਂਦੇ ਹਨ। ਇਹੀ ਸ਼ਬਦ ਦਾ ਸਥਾਈ ਭਾਵ ਹੈ।