ਇਸ ਪਦੇ ਵਿਚ ਪ੍ਰਭੂ ਦੇ
ਨਾਮ ਨਾਲ ਪ੍ਰੀਤ ਪਾਉਣ ਦਾ ਉਪਦੇਸ਼ ਹੈ। ਸਾਹਾਂ ਦੇ ਚਲਦਿਆਂ ਹੀ ਇਸ ਨਾਮ ਨੂੰ ਸਿਮਰਨ ਦੀ ਤਾਕੀਦ ਹੈ। ਨਾਮ ਦੇ ਸਿਮਰਨ ਦੁਆਰਾ ਪ੍ਰਾਪਤ ਹੋਣ ਵਾਲੀਆਂ ਬਰਕਤਾਂ ਦਾ ਵੀ ਜਿਕਰ ਹੈ। ਪਰ ਇਹ ਨਾਮ ਕੇਵਲ ਉਹੀ ਸਿਮਰਦੇ ਹਨ, ਜਿਨ੍ਹਾਂ ਨੂੰ ਇਹ ਦਾਤ ਧੁਰ-ਦਰਗਾਹੋਂ ਪ੍ਰਾਪਤ ਹੋਈ ਹੁੰਦੀ ਹੈ। ਗੁਰ-ਸ਼ਬਦ ਦੀ ਬਰਕਤ ਨਾਲ ਇਸ ਨਾਮ ਦੀ ਕਮਾਈ ਕਰ ਕੇ ਮਨੁਖ ਸੰਸਾਰ ਵਿਚ ਜੀਵਨ ਸਫਲ ਕਰ ਲੈਂਦਾ ਹੈ।
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ ॥
ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ ॥
ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ ॥
ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ ॥
ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿਆਇ ॥੩॥
ਮਨ ਹਰਿ ਹਰਿ ਪ੍ਰੀਤਿ ਲਗਾਇ ॥
ਵਡਭਾਗੀ ਗੁਰੁ ਪਾਇਆ ਗੁਰ ਸਬਦੀ ਪਾਰਿ ਲਘਾਇ ॥੧॥ ਰਹਾਉ ॥
-ਗੁਰੂ ਗ੍ਰੰਥ ਸਾਹਿਬ ੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਤੋਂ ਪ੍ਰਤੀਤ ਹੁੰਦਾ ਹੈ ਕਿ ਨਾਮ ਕੇਵਲ ਸਿਮਰਨ ਹੀ ਨਹੀਂ, ਬਲਕਿ ਜੀਵਨ ਅਭਿਆਸ ਵੀ ਹੈ। ਇਸ ਲਈ ਕਿਹਾ ਗਿਆ ਹੈ ਕਿ ਜਦ ਤਕ ਸਰੀਰ ਜੋਬਨ ਅਤੇ ਜੁਆਨੀ ਦੀ ਅਵਸਥਾ ਵਿਚ ਹੈ ਤੇ ਜਦੋਂ ਤਕ ਇਸ ਦੇ ਸਾਹ ਚੱਲਦੇ ਹਨ, ਉਦੋਂ ਤਕ ਮਨੁਖ ਨੂੰ ਨਾਮ-ਅਭਿਆਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਕਥਨ ਤੋਂ ਸੰਕੇਤ ਮਿਲਦਾ ਹੈ ਕਿ ਬਜ਼ੁਰਗੀ ਦੀ ਕਮਜ਼ੋਰ ਅਵਸਥਾ ਵਿਚ ਨਾਮ-ਅਭਿਆਸ ਵਿਚ ਮੁਸ਼ਕਲ ਪੇਸ਼ ਆਵੇਗੀ।
ਫਿਰ ਨਾਮ-ਸਿਮਰਨ ਦੇ ਅਭਿਆਸ ਦੀ ਬਰਕਤ ਦੱਸੀ ਗਈ ਹੈ ਕਿ ਸਹੀ ਅਵਸਥਾ ਵਿਚ ਸਿਮਰਨ ਕਰਨ ਵਾਲੇ ਸੱਜਣਾਂ ਦੇ ਜੀਵਨ ਦੌਰਾਨ ਪ੍ਰਭੂ ਹਮੇਸ਼ਾ ਨਾਲ ਨਿਭਦਾ ਹੈ ਤੇ ਉਹ ਪ੍ਰਭੂ ਜੀਵਨ ਦੇ ਅੰਤਲੇ ਸਾਹਾਂ ਦੀ ਮੁਸ਼ਕਲ ਤੋਂ ਵੀ ਬਚਾਅ ਲੈਂਦਾ ਹੈ। ਭਾਵ, ਉਹ ਹਰ ਸਮੇਂ ਮਦਦਗਾਰ ਸਾਬਤ ਹੁੰਦਾ ਹੈ।
ਫਿਰ ਪਾਤਸ਼ਾਹ ਸ਼ਾਬਾਸ਼ ਵਜੋਂ ਉਨ੍ਹਾਂ ਦੇ ਬਲਿਹਾਰ ਜਾਂਦੇ ਹਨ, ਜਿਨ੍ਹਾਂ ਦੇ ਮਨ ਅੰਦਰ ਪ੍ਰਭੂ ਦਾ ਨਾਮ ਆ ਵਸਿਆ ਹੈ। ਭਾਵ, ਨਾਮ ਦੀ ਨਿਰੰਤਰ ਲਗਨ ਜਿਨ੍ਹਾਂ ਦੇ ਮਨ ਵਿਚ ਟਿਕ ਗਈ ਹੈ।
ਇਸ ਦੇ ਉਲਟ ਜਿਨ੍ਹਾਂ ਦੇ ਮਨ-ਚਿਤ ਨੂੰ ਪ੍ਰਭੂ ਦੇ ਨਾਮ-ਸਿਮਰਨ ਦੀ ਲਗਨ ਨਹੀਂ ਲੱਗੀ, ਉਨ੍ਹਾਂ ਦੇ ਪੱਲੇ ਪਛਤਾਵਾ ਹੀ ਪਿਆ ਹੈ। ਉਹ ਆਪਣੇ ਜੀਵਨ ਦੇ ਅਖੀਰ ਤਕ ਪਛਤਾਉਂਦੇ ਹੋਏ ਹੀ ਜਹਾਨ ਤੋਂ ਤੁਰ ਗਏ।
ਪਰ ਜਿਨ੍ਹਾਂ ਦੇ ਮੱਥੇ ’ਤੇ ਪ੍ਰਭੂ ਨੇ ਪਹਿਲਾਂ ਹੀ ਲਿਖਿਆ ਹੋਇਆ ਹੈ, ਭਾਵ ਜਿਨ੍ਹਾਂ ਨੂੰ ਪ੍ਰਭੂ ਦੇ ਇਸ ਸਿਧਾਂਤ ਦੀ ਸੋਝੀ ਹੈ, ਉਨ੍ਹਾਂ ਨੇ ਪ੍ਰਭੂ ਨੂੰ ਹਮੇਸ਼ਾ ਆਪਣੇ ਧਿਆਨ ਵਿਚ ਰਖਦੇ ਹੋਏ ਜੀਵਨ ਬਸਰ ਕੀਤਾ ਹੈ। ਭਾਵ, ਪ੍ਰਭੂ ਦੀ ਰਜਾ ਤੋਂ ਬਿਨਾਂ ਉਸ ਦਾ ਨਾਮ ਵੀ ਨਹੀਂ ਜਪਿਆ ਜਾ ਸਕਦਾ।
ਇਸ ਲਈ ਆਪਣੇ ਮਨ ਦੇ ਰਾਹੀਂ ਮਨੁਖ ਨੂੰ ਸਿੱਖਿਆ ਦਿੱਤੀ ਗਈ ਹੈ ਕਿ ਪ੍ਰਭੂ ਲਈ ਮਨ ਵਿਚ ਪ੍ਰ੍ਰੇਮ ਭਾਵ ਵਾਲੀ ਲਗਨ ਲੱਗੀ ਰਹਿਣੀ ਚਾਹੀਦੀ ਹੈ। ਪਰ ਇਹ ਸੋਝੀ ਗੁਰੂ ਦੇ ਲੜ ਲੱਗਿਆਂ ਹੀ ਮਿਲਦੀ ਹੈ ਤੇ ਗੁਰੂ ਮਿਲਣਾ ਵਡੇ ਭਾਗ ਦੀ ਨਿਸ਼ਾਨੀ ਹੈ। ਗੁਰੂ ਹੀ ਅਜਿਹੇ ਗਿਆਨ ਦਾ ਸੋਮਾ ਹੈ, ਜਿਸ ਦੇ ਪ੍ਰਕਾਸ਼ ਵਿਚ ਭਵਜਲ ਜਿਹਾ ਮੁਸ਼ਕਲ ਜੀਵਨ ਸੌਖਾ ਬਸਰ ਹੁੰਦਾ ਹੈ।