Guru Granth Sahib Logo
  
ਇਸ ਪਦੇ ਵਿਚ ਗੁਰ-ਸ਼ਬਦ ਅਤੇ ਸਤਸੰਗੀ ਜਨਾਂ ਦੀ ਸੰਗਤ ਦੀ ਮਹਿਮਾ ਨੂੰ ਬਿਆਨ ਕੀਤਾ ਗਿਆ ਹੈ। ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਭੂ ਦਾ ਨਾਮ ਅਤੇ ਨਾਮ ਦੀ ਬਰਕਤ ਨਾਲ ਪ੍ਰਭੂ ਦਾ ਮਿਲਾਪ ਹਾਸਲ ਹੁੰਦਾ ਹੈ। ਪ੍ਰਭੂ-ਪਿਤਾ ਦੇ ਪੁੱਤਰ ਵੀ ਗੁਰ-ਸ਼ਬਦ ਅਤੇ ਸਤਸੰਗੀ ਜਨਾਂ ਦੀ ਸੰਗਤ ਦੁਆਰਾ ਹੀ ਬਣਿਆ ਜਾ ਸਕਦਾ ਹੈ।
ਸੰਤ ਜਨਾ ਵਿਣੁ ਭਾਈਆ   ਹਰਿ ਕਿਨੈ ਪਾਇਆ ਨਾਉ
ਵਿਚਿ ਹਉਮੈ ਕਰਮ ਕਮਾਵਦੇ   ਜਿਉ ਵੇਸੁਆ ਪੁਤੁ ਨਿਨਾਉ
ਪਿਤਾ ਜਾਤਿ ਤਾ ਹੋਈਐ   ਗੁਰੁ ਤੁਠਾ ਕਰੇ ਪਸਾਉ
ਵਡਭਾਗੀ ਗੁਰੁ ਪਾਇਆ   ਹਰਿ ਅਹਿਨਿਸਿ ਲਗਾ ਭਾਉ
ਜਨ ਨਾਨਕਿ ਬ੍ਰਹਮੁ ਪਛਾਣਿਆ   ਹਰਿ ਕੀਰਤਿ ਕਰਮ ਕਮਾਉ ॥੨॥

ਮਨਿ ਹਰਿ ਹਰਿ ਲਗਾ ਚਾਉ
ਗੁਰਿ ਪੂਰੈ ਨਾਮੁ ਦ੍ਰਿੜਾਇਆ   ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ
-ਗੁਰੂ ਗ੍ਰੰਥ ਸਾਹਿਬ ੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਦੱਸਿਆ ਹੈ ਕਿ ਸ਼ਾਂਤ-ਚਿਤ ਅਵਸਥਾ ਵਿਚ ਰਹਿਣ ਵਾਲੇ ਸ਼ਬਦ ਪਰਾਇਣ ਸੱਜਣ ਪੁਰਸ਼ਾਂ ਦੀ ਸੰਗਤ ਜਾਂ ਸਹਿਯੋਗ ਬਿਨਾਂ ਕਿਸੇ ਨੇ ਵੀ ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕੀਤਾ। ਭਾਵ, ਅਜਿਹੇ ਸੰਤ ਜਨਾਂ ਦੀ ਸੰਗਤ ਵਿਚ ਹੀ ਕਿਸੇ ਨੂੰ ਪ੍ਰਭੂ-ਮਿਲਾਪ ਦੀ ਯਾਦ ਆਉਂਦੀ ਹੈ ਤੇ ਉਸ ਪ੍ਰਤੀ ਮਨ ਵਿਚ ਤਾਂਘ ਅਤੇ ਤੜਪ ਪੈਦਾ ਹੁੰਦੀ ਹੈ।

ਇਸ ਦੇ ਵਿਪਰੀਤ ਜਿਹੜੇ ਲੋਕ ਆਪਣੇ-ਆਪੇ ਦੇ ਹੰਕਾਰ ਵਿਚ ਆ ਕੇ ਜੀਵਨ-ਚਰਿਆ ਦੇ ਕੰਮਕਾਰ ਕਰਦੇ ਹਨ, ਉਹ ਵੇਸਵਾ ਦੇ ਬੱਚੇ ਵਾਂਗ ਬੇਨਾਮ ਅਤੇ ਬੇਪਛਾਣ ਹੀ ਰਹਿੰਦੇ ਹਨ। ਬੇਸ਼ੱਕ ਅਜਿਹੇ ਮਨੁਖਾਂ ਨੂੰ ਆਪਣੀ ਹਉਮੈ ਨਜ਼ਰ ਨਹੀਂ ਆ ਰਹੀ ਹੁੰਦੀ, ਪਰ ਹੋਰਾਂ ਨੂੰ ਸਪਸ਼ਟ ਦਿੱਸ ਰਹੀ ਹੁੰਦੀ ਹੈ। ਇਸ ਕਰਕੇ ਲੋਕ ਅਜਿਹੇ ਹਉਮੈ ਗ੍ਰਸਤ ਲੋਕਾਂ ਦੀਆਂ ਗੱਲਾਂ ਵੱਲ ਰੱਤੀ ਭਰ ਧਿਆਨ ਨਹੀਂ ਦਿੰਦੇ, ਜਿਸ ਕਰਕੇ ਅਜਿਹੇ ਲੋਕ ਬੇਨਾਮ ਅਤੇ ਬੇਪਛਾਣ ਰਹਿੰਦੇ ਹਨ।

ਇਸ ਲਈ ਇੱਜਤਦਾਰ ਬਾਪ ਦੇ ਹੋਣਹਾਰ ਬੇਟੇ ਜਿਹੀ ਪਛਾਣ ਤਾਂ ਹੀ ਸੰਭਵ ਹੁੰਦੀ ਹੈ, ਜੇ ਕਿਸੇ ’ਤੇ ਗੁਰੂ ਖੁਸ਼ ਹੋ ਕੇ ਮਿਹਰ ਕਰ ਦੇਵੇ। ਭਾਵ, ਪਛਾਣ ਗੁਰੂ ਦੀ ਬਖਸ਼ਿਸ਼ ਨਾਲ ਨਸੀਬ ਹੁੰਦੀ ਹੈ। ਵਡੇ ਭਾਗਾਂ ਸਦਕਾ ਜਿਨ੍ਹਾਂ ਦਾ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ, ਉਹ ਫਿਰ ਰਾਤ-ਦਿਨ ਪ੍ਰਭੂ ਦੇ ਪਿਆਰ-ਭਾਵ ਵਿਚ ਹੀ ਮਗਨ ਰਹਿੰਦੇ ਹਨ।

ਇਸ ਤਰ੍ਹਾਂ ਜਿਸ ਜੀਵ ਨੇ ਵੀ ਪ੍ਰਭੂ ਨੂੰ ਜਾਣ ਅਤੇ ਪਛਾਣ ਲਿਆ ਹੈ, ਉਹ ਫਿਰ ਅਜਿਹੇ ਕਰਮ ਕਰਦਾ ਹੈ, ਜਿਸ ਨਾਲ ਪ੍ਰਭੂ ਦੀ ਸੋਭਾ ਅਤੇ ਸਿਫਤਿ ਵਿਚ ਹੀ ਵਾਧਾ ਹੁੰਦਾ ਹੈ। ਭਾਵ, ਉਹ ਆਪਣੇ ਜੀਵਨ-ਅਭਿਆਸ ਨਾਲ ਵੀ ਪ੍ਰਭੂ ਦੀ ਜਸ-ਕੀਰਤੀ ਹੀ ਕਰਦਾ ਹੈ। ਕਿਉਂਕਿ ਉਸ ਦੇ ਮਨ ਵਿਚ ਹਮੇਸ਼ਾ ਪ੍ਰਭੂ ਦਾ ਚਾਅ ਚੜ੍ਹਿਆ ਰਹਿੰਦਾ ਹੈ। ਪ੍ਰਭੂ-ਮਿਲਾਪ ਦਾ ਚਾਅ ਹੀ ਹਰ ਕਾਰਜ ਨੂੰ ਸ਼ੋਭਨੀਕ ਬਣਾ ਦਿੰਦਾ ਹੈ।

ਇਸ ਕਰਕੇ ਇਸ ਸ਼ਬਦ ਦੇ ਅਖੀਰ ਵਿਚ ਦੱਸਿਆ ਗਿਆ ਹੈ ਸੰਪੂਰਨ ਅਤੇ ਸਮਰੱਥ ਗੁਰੂ ਨੇ ਪ੍ਰਭੂ ਦੇ ਨਾਮ-ਸਿਮਰਨ ਵਿਚ ਅਜਿਹਾ ਵਿਸ਼ਵਾਸ ਦ੍ਰਿੜ ਕਰਵਾਇਆ ਹੈ ਕਿ ਪ੍ਰਭੂ ਦੇ ਨਾਮ-ਸਿਮਰਨ ਦੀ ਬਰਕਤ ਸਦਕਾ ਪ੍ਰਭੂ ਪ੍ਰਾਪਤ ਹੋ ਗਿਆ ਹੈ। ਇਹ ਸ਼ਬਦ ਦਾ ਕੇਂਦਰੀ ਭਾਵ ਵੀ ਹੈ।
Tags