Guru Granth Sahib Logo
  
ਇਸ ਬਾਣੀ ਵਿਚ ਦੱਸਿਆ ਗਿਆ ਹੈ ਕਿ ਇਸ ਸ੍ਰਿਸ਼ਟੀ ਦੀ ਸਾਜਨਾ ਕਰਨ ਵਾਲਾ ਇਕ ਪ੍ਰਭੂ ਹੀ ਹੈ। ਮਾਇਆ ਵਿਚ ਗਲਤਾਨ ਜੀਵ ਜੰਮਦੇ-ਮਰਦੇ ਰਹਿੰਦੇ ਹਨ। ਰਹਾਉ ਵਾਲੀ ਤੁਕ ਵਿਚ ਮਸਤਕ ਦੇ ਲੇਖਾਂ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਇਆ ਹੈ। ਜੀਵਾਂ ਦੇ ਕਰਮਾਂ ਦੇ ਅਧਾਰ ’ਤੇ ਪ੍ਰਭੂ ਦੁਆਰਾ ਉਨ੍ਹਾਂ ਦੇ ਲੇਖ ਲਿਖੇ ਜਾਂਦੇ ਹਨ। ਜਿਹੜਾ ਮਨੁਖ ਸੱਚੇ ਗੁਰ-ਸ਼ਬਦ ਨੂੰ ਚਿਤਵਦਾ ਤੇ ਹਿਰਦੇ ਵਿਚ ਵਸਾਉਂਦਾ ਹੈ, ਉਹ ਇਸ ਰਹੱਸ ਨੂੰ ਬੁੱਝ ਲੈਂਦਾ ਹੈ ਕਿ ਸਭ ਕੁਝ ਕਰਨ-ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਉਸ ਮਨੁਖ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ, ਉਸ ਨੂੰ ਕੋਈ ਵੀ ਵਿਕਾਰ ਢਾਹ ਨਹੀਂ ਸਕਦਾ। ਗੁਰ-ਸ਼ਬਦ ਦੀ ਬਰਕਤ ਨਾਲ ਉਹ ਸੰਸਾਰ ਵਿਚ ਵਾਰ-ਵਾਰ ਜੰਮਦਾ-ਮਰਦਾ ਨਹੀਂ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਦੁਖ ਪਾਉਂਦਾ ਹੈ। ਅੰਤ ਵਿਚ ਦੱਸਿਆ ਗਿਆ ਹੈ ਕਿ ਜੋ ਗੁਰ-ਸ਼ਬਦ ਰਾਹੀਂ ਪ੍ਰਭੂ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ, ਉਹ ਪ੍ਰਭੂ ਦੇ ਸੱਚੇ ਨਾਮ ਵਿਚ ਸਮਾਇਆ ਰਹਿੰਦਾ ਹੈ। ਉਹ ਥਿੱਤ ਜਾਂ ਵਾਰ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਨਹੀਂ ਪੈਂਦਾ। ਉਨ੍ਹਾਂ ਲਈ ਸਾਰੇ ਥਿਤ ਤੇ ਵਾਰ ਸਫਲ ਤੇ ਸੁਹਾਵਣੇ ਹਨ। ਪਰ ਜੋ ਮਨੁਖ ਗੁਰੂ ਦਾ ਆਸਰਾ ਨਹੀਂ ਲੈਂਦੇ, ਉਹ ਥਿੱਤਾ ਤੇ ਵਾਰਾਂ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਫਸ ਕੇ ਭਟਕਦੇ ਰਹਿੰਦੇ ਹਨ।
ਮਨਮੁਖ ਮਰਹਿ  ਮਰਿ ਬਿਗਤੀ ਜਾਹਿ 
ਏਕੁ  ਚੇਤਹਿ  ਦੂਜੈ ਲੋਭਾਹਿ 
ਅਚੇਤ ਪਿੰਡੀ ਅਗਿਆਨ ਅੰਧਾਰੁ 
ਬਿਨੁ ਸਬਦੈ ਕਿਉ ਪਾਏ ਪਾਰੁ 
ਆਪਿ ਉਪਾਏ ਉਪਾਵਣਹਾਰੁ 
ਆਪੇ ਕੀਤੋਨੁ ਗੁਰ ਵੀਚਾਰੁ ॥੮॥
-ਗੁਰੂ ਗ੍ਰੰਥ ਸਾਹਿਬ ੮੪੨

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਗੁਰੂ ਦੀ ਸਿੱਖਿਆ ਦੀ ਬਜਾਏ ਆਪਣੇ ਮਨ ਦੇ ਮਗਰ ਲੱਗ ਕੇ ਜੀਵਨ ਬਸਰ ਕਰਦੇ ਹਨ, ਉਹ ਆਪਣੇ ਜੀਵਨ ਵਿਚ ਕਦੇ ਵੀ ਸਫਲ ਨਹੀਂ ਹੁੰਦੇ ਤੇ ਇਸ ਜਹਾਨ ਤੋਂ ਨਿਸਫਲ ਭਾਵ, ਬੇਗਤੇ ਹੀ ਚਲੇ ਜਾਂਦੇ ਹਨ।

ਫਿਰ ਦੱਸਿਆ ਗਿਆ ਹੈ ਕਿ ਆਪਣੇ ਮਨ ਮਗਰ ਲੱਗੇ ਹੋਏ ਲੋਕ ਉਸ ਇਕ ਪ੍ਰਭੂ ਨੂੰ ਚੇਤੇ ਨਹੀਂ ਕਰਦੇ ਤੇ ਆਪਣੀ ਮਨਮਤ ਕਾਰਣ ਸੰਸਾਰਕ ਪਦਾਰਥਾਂ ਦੇ ਮੋਹ ਵਿਚ ਦਿਲਚਸਪੀ ਲੈਣ ਲੱਗ ਪੈਂਦੇ ਹਨ ਤੇ ਉਸ ਇਕ ਪ੍ਰਭੂ ਦੇ ਸਿਮਰਣ ਬਾਝੋਂ ਖੱਜਲ-ਖੁਆਰ ਹੁੰਦੇ ਹਨ।

ਚੇਤਨਾ ਦੇ ਬਗੈਰ ਮਨੁਖ ਸਿਰਫ ਦੇਹੀ ਹੁੰਦਾ ਹੈ, ਜਿਸ ਕਰਕੇ ਅਜਿਹੀ ਦੇਹੀ ਅਗਿਆਨਤਾ ਦੇ ਹਨੇਰੇ ਦੀ ਸ਼ਿਕਾਰ ਹੋ ਜਾਂਦੀ ਹੈ। ਭਾਵ ਉਸਦਾ ਜੀਵਨ ਸਫਲਤਾ ਵੱਲ ਨਹੀਂ ਵਧਦਾ।

ਮਨੁਖ ਆਪਣੇ-ਆਪ ਅਗਿਆਨ ਦੇ ਹਨੇਰੇ ਵਿਚੋਂ ਬਾਹਰ ਨਹੀਂ ਨਿਕਲ ਸਕਦਾ। ਇਸ ਅੰਧਕਾਰ ਤੋਂ ਬਾਹਰ ਆਉਣ ਲਈ ਮਨੁਖ ਨੂੰ ਗੁਰੂ ਦੀ ਲੋੜ ਹੁੰਦੀ ਹੈ, ਜੋ ਉਸ ਨੂੰ ਅਜਿਹੀ ਸਿਖਿਆ ਪ੍ਰਦਾਨ ਕਰੇ, ਜਿਸ ਨਾਲ ਮਨੁਖ ਸਫਲ ਜੀਵਨ ਬਤੀਤ ਕਰ ਸਕੇ। ਅਜਿਹੀ ਸਿਖਿਆ ਬਗੈਰ ਮਨੁਖ ਠੀਕ ਰਾਹ ’ਤੇ ਨਹੀਂ ਆ ਸਕਦਾ।

ਇਸ ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਮਨੁਖ ਨੂੰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ। ਕਿਉਂਕਿ ਸਿਰਫ ਉਹੀ ਸਭ ਕੁਝ ਪੈਦਾ ਕਰਨ ਦੀ ਸਮਰੱਥਾ ਰਖਦਾ ਹੈ। ਭਾਵ, ਪ੍ਰਭੂ ਨੂੰ ਆਪ ਹੀ ਆਪਣੇ ਪੈਦਾ ਕੀਤੇ ਮਨੁਖ ਦਾ ਫਿਕਰ ਹੈ।

ਇਸ ਕਰਕੇ ਪ੍ਰਭੂ ਨੇ ਆਪ ਹੀ ਮਨੁਖ ਲਈ ਗੁਰੂ ਦੀ ਸਿਖਿਆ ਦਾ ਪ੍ਰਬੰਧ ਕੀਤਾ ਹੈ। ਭਾਵ, ਪ੍ਰਭੂ ਦੇ ਹੁਕਮ ਅਨੁਸਾਰ ਹੀ ਗੁਰੂ ਗਿਆਨ-ਰੂਪ ਪ੍ਰਕਾਸ਼ ਕਰਦਾ ਹੈ, ਜਿਸ ਦੀ ਸੇਧ ਵਿਚ ਮਨੁਖ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਸਕਦਾ ਹੈ।

Tags