Guru Granth Sahib Logo
  
ਇਸ ਬਾਣੀ ਵਿਚ ਦੱਸਿਆ ਗਿਆ ਹੈ ਕਿ ਇਸ ਸ੍ਰਿਸ਼ਟੀ ਦੀ ਸਾਜਨਾ ਕਰਨ ਵਾਲਾ ਇਕ ਪ੍ਰਭੂ ਹੀ ਹੈ। ਮਾਇਆ ਵਿਚ ਗਲਤਾਨ ਜੀਵ ਜੰਮਦੇ-ਮਰਦੇ ਰਹਿੰਦੇ ਹਨ। ਰਹਾਉ ਵਾਲੀ ਤੁਕ ਵਿਚ ਮਸਤਕ ਦੇ ਲੇਖਾਂ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਇਆ ਹੈ। ਜੀਵਾਂ ਦੇ ਕਰਮਾਂ ਦੇ ਅਧਾਰ ’ਤੇ ਪ੍ਰਭੂ ਦੁਆਰਾ ਉਨ੍ਹਾਂ ਦੇ ਲੇਖ ਲਿਖੇ ਜਾਂਦੇ ਹਨ। ਜਿਹੜਾ ਮਨੁਖ ਸੱਚੇ ਗੁਰ-ਸ਼ਬਦ ਨੂੰ ਚਿਤਵਦਾ ਤੇ ਹਿਰਦੇ ਵਿਚ ਵਸਾਉਂਦਾ ਹੈ, ਉਹ ਇਸ ਰਹੱਸ ਨੂੰ ਬੁੱਝ ਲੈਂਦਾ ਹੈ ਕਿ ਸਭ ਕੁਝ ਕਰਨ-ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਉਸ ਮਨੁਖ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ, ਉਸ ਨੂੰ ਕੋਈ ਵੀ ਵਿਕਾਰ ਢਾਹ ਨਹੀਂ ਸਕਦਾ। ਗੁਰ-ਸ਼ਬਦ ਦੀ ਬਰਕਤ ਨਾਲ ਉਹ ਸੰਸਾਰ ਵਿਚ ਵਾਰ-ਵਾਰ ਜੰਮਦਾ-ਮਰਦਾ ਨਹੀਂ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਦੁਖ ਪਾਉਂਦਾ ਹੈ। ਅੰਤ ਵਿਚ ਦੱਸਿਆ ਗਿਆ ਹੈ ਕਿ ਜੋ ਗੁਰ-ਸ਼ਬਦ ਰਾਹੀਂ ਪ੍ਰਭੂ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ, ਉਹ ਪ੍ਰਭੂ ਦੇ ਸੱਚੇ ਨਾਮ ਵਿਚ ਸਮਾਇਆ ਰਹਿੰਦਾ ਹੈ। ਉਹ ਥਿੱਤ ਜਾਂ ਵਾਰ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਨਹੀਂ ਪੈਂਦਾ। ਉਨ੍ਹਾਂ ਲਈ ਸਾਰੇ ਥਿਤ ਤੇ ਵਾਰ ਸਫਲ ਤੇ ਸੁਹਾਵਣੇ ਹਨ। ਪਰ ਜੋ ਮਨੁਖ ਗੁਰੂ ਦਾ ਆਸਰਾ ਨਹੀਂ ਲੈਂਦੇ, ਉਹ ਥਿੱਤਾ ਤੇ ਵਾਰਾਂ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਫਸ ਕੇ ਭਟਕਦੇ ਰਹਿੰਦੇ ਹਨ।
ਥਿਤੀ ਵਾਰ ਸਭਿ ਸਬਦਿ ਸੁਹਾਏ 
ਸਤਿਗੁਰੁ ਸੇਵੇ ਤਾ ਫਲੁ ਪਾਏ 
ਥਿਤੀ ਵਾਰ ਸਭਿ ਆਵਹਿ ਜਾਹਿ 
ਗੁਰ ਸਬਦੁ ਨਿਹਚਲੁ  ਸਦਾ ਸਚਿ ਸਮਾਹਿ 
ਥਿਤੀ ਵਾਰ ਤਾ ਜਾ ਸਚਿ ਰਾਤੇ 
ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥
-ਗੁਰੂ ਗ੍ਰੰਥ ਸਾਹਿਬ ੮੪੨

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸ਼ਬਦ ਪ੍ਰਭੂ ਦਾ ਗਿਆਨ-ਰੂਪ ਮਿਲਾਪ ਹੈ, ਜਿਸ ਦੀ ਸੋਝੀ ਗਿਆਨ-ਸਰੂਪ ਗੁਰੂ ਤੋਂ ਮਿਲਦੀ ਹੈ। ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਇਸ ਗਿਆਨ ਪ੍ਰਾਪਤੀ ਦੇ ਰੂਪ ਵਿਚ ਹੋਏ ਅਹਿਸਾਸ ਸਦਕਾ ਥਿੱਤਾਂ ਅਤੇ ਦਿਨਾਂ ਨਾਲ ਜੁੜੇ ਹੋਏ ਮਾੜੇ-ਚੰਗੇ ਵਿਚਾਰ ਹਟ ਜਾਂਦੇ ਹਨ ਤੇ ਸਾਰੇ ਹੀ ਚੰਗੇ ਲੱਗਣ ਲੱਗ ਪੈਂਦੇ ਹਨ।

ਫਿਰ ਕਿਸੇ ਵਿਸ਼ੇਸ਼ ਥਿੱਤ-ਵਾਰ ਨੂੰ ਕੁਝ ਕਰਨ ਨਾਲ ਮਨ ਇੱਛਤ ਫਲ ਪ੍ਰਾਪਤੀ ਦੀ ਮਨੌਤ ਨੂੰ ਰੱਦ ਕਰਦੇ ਹੋਏ ਦੱਸਿਆ ਗਿਆ ਹੈ ਕਿ ਅਸਲ ਵਿਚ ਜੇ ਕੋਈ ਸੱਚੇ ਅਤੇ ਗਿਆਨ ਸਰੂਪ ਗੁਰੂ ਦੀ ਸਿੱਖਿਆ ਨੂੰ ਹਿਰਦੇ ਵਿਚ ਵਸਾ ਲਵੇ ਤਾਂ ਉਸ ਨੂੰ ਕਾਮਯਾਬ ਜੀਵਨ ਦੇ ਰੂਪ ਵਿਚ ਫਲ ਦੀ ਪ੍ਰਾਪਤੀ ਹੁੰਦੀ ਹੈ।

ਪਰ ਇਹ ਥਿੱਤਾਂ ਅਤੇ ਵਾਰ ਤਾਂ ਆਉਂਦੇ ਜਾਂਦੇ ਰਹਿੰਦੇ ਹਨ। ਭਾਵ, ਇਨ੍ਹਾਂ ਨਾਲ ਜੀਵਨ ਦੀ ਕਾਮਯਾਬੀ ਜਾਂ ਨਾਕਾਮਯਾਬੀ ਦਾ ਕੋਈ ਸੰਬੰਧ ਨਹੀਂ ਹੈ। ਕਿਸੇ ਵਿਸ਼ੇਸ਼ ਥਿੱਤ-ਵਾਰ ਨੂੰ ਪਵਿੱਤਰ ਜਾਂ ਅਪਵਿੱਤਰ ਸਮਝ ਕੇ ਕੁਝ ਕਰਨ ਜਾਂ ਨਾ ਕਰਨ ਨਾਲ ਜੀਵਨ ਵਿਚ ਕੋਈ ਫਰਕ ਨਹੀਂ ਪੈਂਦਾ। 

ਇਸ ਦੇ ਬਦਲੇ ਗੁਰੂ ਦੀ ਸਿੱਖਿਆ ਰਾਹੀਂ ਪ੍ਰਾਪਤ ਹੋਇਆ ਪ੍ਰਭੂ ਦਾ ਗਿਆਨ ਅਜਿਹਾ ਹੈ, ਜਿਸ ਦਾ ਥਿੱਤਾਂ-ਵਾਰਾਂ ਵਾਂਗ ਆਉਣਾ-ਜਾਣਾ ਨਹੀਂ ਹੈ, ਬਲਕਿ ਹਮੇਸ਼ਾ ਰਹਿਣ ਵਾਲਾ ਸੱਚ ਹੈ। ਇਸ ਸੱਚ ਵਿਚ ਹੀ ਮਨੁਖ ਨੂੰ ਹਮੇਸ਼ਾ ਧਿਆਨ ਲਾ ਕੇ ਰਖਣਾ ਚਾਹੀਦਾ ਹੈ। ਭਾਵ, ਉਸ ਸੱਚ ਨੂੰ ਹਮੇਸ਼ਾ ਹਿਰਦੇ ਵਿਚ ਵਸਾਈ ਰਖਣਾ ਚਾਹੀਦਾ ਹੈ।

ਫਿਰ ਕਿਹਾ ਗਿਆ ਹੈ ਕਿ ਉਸ ਤਰ੍ਹਾਂ ਤਾਂ ਥਿੱਤ-ਵਾਰ ਦੀ ਕੋਈ ਅਹਿਮੀਅਤ ਨਹੀਂ ਹੈ। ਕਿਉਂਕਿ ਸਾਰੀਆਂ ਥਿੱਤਾਂ ਤੇ ਵਾਰ ਇਕੋ ਜਿਹੇ ਹੀ ਹਨ। ਪਰ ਜੇ ਕਿਸੇ ਨੇ ਗਿਆਨ-ਸਰੂਪ ਗੁਰੂ ਦਾ ਸੱਚ ਆਪਣੇ ਹਿਰਦੇ ਵਿਚ ਵਸਾਇਆ ਹੋਵੇ ਤਾਂ ਸਾਰੀਆਂ ਥਿੱਤਾਂ ਅਤੇ ਵਾਰ ਮਹੱਤਵਪੂਰਨ ਹੋ ਜਾਂਦੇ ਹਨ। ਸੱਚੇ ਮਨੁਖ ਲਈ ਸਭ ਕੁਝ ਅਹਿਮ ਹੋ ਜਾਂਦਾ ਹੈ।

ਪਰ ਇਸ ਦੇ ਉਲਟ ਜਿਹੜੇ ਮਨੁਖ ਗੁਰੂ ਦੀ ਸਿੱਖਿਆ ਰੂਪ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਧਾਰਨ ਨਹੀਂ ਕਰਦੇ ਉਹ ਸੱਚ ਤੋਂ ਵਿਹੂਣੇ ਹੁੰਦੇ ਹਨ ਤੇ ਇਸੇ ਕਾਰਣ ਭਰਮ ਵਿਚ ਭਟਕਦੇ ਰਹਿੰਦੇ ਹਨ। ਭਾਵ, ਉਨ੍ਹਾਂ ਦੇ ਜੀਵਨ ਵਿਚ ਟਿਕਾਉ ਨਹੀਂ ਰਹਿੰਦਾ।

Tags