ਇਸ ਬਾਣੀ ਵਿਚ ਦੱਸਿਆ ਗਿਆ ਹੈ ਕਿ ਇਸ ਸ੍ਰਿਸ਼ਟੀ ਦੀ ਸਾਜਨਾ ਕਰਨ ਵਾਲਾ ਇਕ ਪ੍ਰਭੂ ਹੀ ਹੈ।
ਮਾਇਆ ਵਿਚ ਗਲਤਾਨ ਜੀਵ ਜੰਮਦੇ-ਮਰਦੇ ਰਹਿੰਦੇ ਹਨ।
ਰਹਾਉ ਵਾਲੀ ਤੁਕ ਵਿਚ ਮਸਤਕ ਦੇ ਲੇਖਾਂ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਇਆ ਹੈ। ਜੀਵਾਂ ਦੇ ਕਰਮਾਂ ਦੇ ਅਧਾਰ ’ਤੇ ਪ੍ਰਭੂ ਦੁਆਰਾ ਉਨ੍ਹਾਂ ਦੇ ਲੇਖ ਲਿਖੇ ਜਾਂਦੇ ਹਨ। ਜਿਹੜਾ ਮਨੁਖ ਸੱਚੇ ਗੁਰ-ਸ਼ਬਦ ਨੂੰ ਚਿਤਵਦਾ ਤੇ ਹਿਰਦੇ ਵਿਚ ਵਸਾਉਂਦਾ ਹੈ, ਉਹ ਇਸ ਰਹੱਸ ਨੂੰ ਬੁੱਝ ਲੈਂਦਾ ਹੈ ਕਿ ਸਭ ਕੁਝ ਕਰਨ-ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਉਸ ਮਨੁਖ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ, ਉਸ ਨੂੰ ਕੋਈ ਵੀ ਵਿਕਾਰ ਢਾਹ ਨਹੀਂ ਸਕਦਾ। ਗੁਰ-ਸ਼ਬਦ ਦੀ ਬਰਕਤ ਨਾਲ ਉਹ ਸੰਸਾਰ ਵਿਚ ਵਾਰ-ਵਾਰ ਜੰਮਦਾ-ਮਰਦਾ ਨਹੀਂ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਦੁਖ ਪਾਉਂਦਾ ਹੈ। ਅੰਤ ਵਿਚ ਦੱਸਿਆ ਗਿਆ ਹੈ ਕਿ ਜੋ ਗੁਰ-ਸ਼ਬਦ ਰਾਹੀਂ ਪ੍ਰਭੂ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ, ਉਹ ਪ੍ਰਭੂ ਦੇ ਸੱਚੇ
ਨਾਮ ਵਿਚ ਸਮਾਇਆ ਰਹਿੰਦਾ ਹੈ। ਉਹ ਥਿੱਤ ਜਾਂ ਵਾਰ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਨਹੀਂ ਪੈਂਦਾ। ਉਨ੍ਹਾਂ ਲਈ ਸਾਰੇ ਥਿਤ ਤੇ ਵਾਰ ਸਫਲ ਤੇ ਸੁਹਾਵਣੇ ਹਨ। ਪਰ ਜੋ ਮਨੁਖ
ਗੁਰੂ ਦਾ ਆਸਰਾ ਨਹੀਂ ਲੈਂਦੇ, ਉਹ ਥਿੱਤਾ ਤੇ ਵਾਰਾਂ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਫਸ ਕੇ ਭਟਕਦੇ ਰਹਿੰਦੇ ਹਨ।
ਇਕਿ ਸੇਵਕ ਇਕਿ ਭਰਮਿ ਭੁਲਾਏ ॥
ਆਪੇ ਕਰੇ ਹਰਿ ਆਪਿ ਕਰਾਏ ॥
ਏਕੋ ਵਰਤੈ ਅਵਰੁ ਨ ਕੋਇ ॥
ਮਨਿ ਰੋਸੁ ਕੀਜੈ ਜੇ ਦੂਜਾ ਹੋਇ ॥
ਸਤਿਗੁਰੁ ਸੇਵੇ ਕਰਣੀ ਸਾਰੀ ॥
ਦਰਿ ਸਾਚੈ ਸਾਚੇ ਵੀਚਾਰੀ ॥੬॥
-ਗੁਰੂ ਗ੍ਰੰਥ ਸਾਹਿਬ ੮੪੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਇਕ ਉਹ ਲੋਕ ਹਨ, ਜਿਹੜੇ ਪ੍ਰਭੂ ਪ੍ਰਤੀ ਸੇਵਾ ਭਾਵ ਵਿਚ ਰਹਿੰਦੇ ਹਨ। ਉਹ ਉਸ ਪ੍ਰਭੂ ਨੂੰ ਸਭ ਕਾਸੇ ਦਾ ਮਾਲਕ ਮੰਨਦੇ ਹਨ। ਇਕ ਉਹ ਲੋਕ ਹਨ, ਜਿਨ੍ਹਾਂ ਨੂੰ ਪ੍ਰਭੂ ਨੇ ਆਪ ਹੀ ਮਾਇਆ ਦੇ ਭਰਮ-ਭੁਲੇਖੇ ਵਿਚ ਪਾਇਆ ਹੋਇਆ ਹੈ। ਉਹ ਪ੍ਰਭੂ ਤੋਂ ਵਿਛੜੇ ਰਹਿੰਦੇ ਹਨ।
ਇਹ ਜੋ ਦੋ ਤਰ੍ਹਾਂ ਦੇ ਲੋਕ ਦੱਸੇ ਗਏ ਹਨ ਇਹ ਪ੍ਰਭੂ ਦੀ ਮਰਜ਼ੀ ਦੇ ਵਿਰੁੱਧ ਨਹੀਂ ਹਨ। ਬਲਕਿ ਇਹ ਸਭ ਕੁਝ ਉਹ ਆਪ ਹੀ ਕਰਦਾ ਹੈ। ਜੇ ਕਿਸੇ ਨੂੰ ਲੱਗਦਾ ਹੈ ਕਿ ਪ੍ਰਭੂ ਨਹੀਂ, ਬਲਕਿ ਉਹ ਆਪ ਅਜਿਹਾ ਕਰਦੇ ਹਨ ਤਾਂ ਇਹ ਉਸ ਦਾ ਵਹਿਮ ਹੈ। ਅਸਲ ਵਿਚ ਜੋ ਕੁਝ ਵੀ ਕੋਈ ਕਰਦਾ ਹੈ, ਉਹ ਵੀ ਪ੍ਰਭੂ ਹੀ ਕਰਵਾਉਂਦਾ ਹੈ।
ਫਿਰ ਇਸ ਦਾ ਕਾਰਣ ਦੱਸਿਆ ਗਿਆ ਹੈ ਇਹ ਸਾਰਾ ਵਰਤਾਰਾ ਪ੍ਰਭੂ ਦਾ ਹੀ ਹੈ, ਉਹੀ ਸਾਰੇ ਮਨੁਖਾਂ ਵਿਚ ਵਿਆਪਕ ਹੋ ਰਿਹਾ ਹੈ। ਉਸ ਦੇ ਬਿਨਾਂ ਹੋਰ ਕੁਝ ਵੀ ਨਹੀਂ ਹੈ। ਇਸ ਕਰਕੇ ਕੋਈ ਜੀਵ ਜੋ ਕੁਝ ਵੀ ਕਰਦਾ ਹੈ, ਉਹ ਸਭ ਕੁਝ ਪ੍ਰਭੂ ਹੀ ਕਰਦਾ ਤੇ ਕਰਾਉਂਦਾ ਹੈ।
ਪ੍ਰਭੂ ਜੋ ਵੀ ਕਰਦਾ ਹੈ, ਚੰਗਾ ਹੀ ਕਰਦਾ ਹੈ, ਜਿਸ ਦੀ ਬੇਸ਼ੱਕ ਸਾਨੂੰ ਸਮਝ ਨਾ ਵੀ ਹੋਵੇ। ਮਨ ਵਿਚ ਗਿਲਾ ਜਾਂ ਸ਼ਿਕਾਇਤ ਤਾਂ ਹੋਵੇ ਜੇ ਪ੍ਰਭੂ ਦੇ ਬਗੈਰ ਕੋਈ ਹੋਰ ਦੂਜਾ ਕਰਨ-ਕਰਉਣ ਵਾਲਾ ਹੋਵੇ।
ਜਿਹੜਾ ਵੀ ਕੋਈ ਗਿਆਨਵਾਨ ਸੱਚੇ ਗੁਰੂ ਦੀ ਸੰਗਤ ਅਤੇ ਸੇਵਾ-ਸਿਮਰਨ ਨੂੰ ਆਪਣੀ ਜੀਵਨ-ਜਾਚ ਬਣਾਉਂਦਾ ਹੈ, ਉਹ ਜੋ ਕੁਝ ਵੀ ਕਰਮ ਕਰਦਾ ਹੈ, ਉਹ ਚੰਗਾ ਹੋ ਨਿੱਬੜਦਾ ਹੈ। ਕਿਉਂਕਿ ਉਹ ਹਰ ਕਿਸੇ ਵਿਚ ਪ੍ਰਭੂ ਨੂੰ ਦੇਖ ਰਿਹਾ ਹੁੰਦਾ ਹੈ, ਜਿਸ ਕਰਕੇ ਉਸ ਦੀ ਕਰਨੀ ਸਭ ਲਈ ਹੀ ਚੰਗੀ ਹੁੰਦੀ ਹੈ।
ਸੱਚ-ਸਰੂਪ ਪ੍ਰਭੂ ਦੀ ਵਿਚਾਰ ਕਰਨ ਵਾਲੇ, ਭਾਵ, ਉਸ ਨੂੰ ਹਰ ਕਿਸੇ ਵਿਚ ਦੇਖਣ ਸਦਕਾ ਚੰਗੀ ਕਰਨੀ ਵਾਲੇ ਮਨੁਖ ਸੱਚ-ਸਰੂਪ ਪ੍ਰਭੂ ਦੇ ਦਰ ’ਤੇ ਪ੍ਰਵਾਨ ਹੋ ਜਾਂਦੇ ਹਨ। ਭਾਵ, ਉਹ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲੈਂਦੇ ਹਨ।