ਇਸ ਬਾਣੀ ਵਿਚ ਦੱਸਿਆ ਗਿਆ ਹੈ ਕਿ ਇਸ ਸ੍ਰਿਸ਼ਟੀ ਦੀ ਸਾਜਨਾ ਕਰਨ ਵਾਲਾ ਇਕ ਪ੍ਰਭੂ ਹੀ ਹੈ।
ਮਾਇਆ ਵਿਚ ਗਲਤਾਨ ਜੀਵ ਜੰਮਦੇ-ਮਰਦੇ ਰਹਿੰਦੇ ਹਨ।
ਰਹਾਉ ਵਾਲੀ ਤੁਕ ਵਿਚ ਮਸਤਕ ਦੇ ਲੇਖਾਂ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਇਆ ਹੈ। ਜੀਵਾਂ ਦੇ ਕਰਮਾਂ ਦੇ ਅਧਾਰ ’ਤੇ ਪ੍ਰਭੂ ਦੁਆਰਾ ਉਨ੍ਹਾਂ ਦੇ ਲੇਖ ਲਿਖੇ ਜਾਂਦੇ ਹਨ। ਜਿਹੜਾ ਮਨੁਖ ਸੱਚੇ ਗੁਰ-ਸ਼ਬਦ ਨੂੰ ਚਿਤਵਦਾ ਤੇ ਹਿਰਦੇ ਵਿਚ ਵਸਾਉਂਦਾ ਹੈ, ਉਹ ਇਸ ਰਹੱਸ ਨੂੰ ਬੁੱਝ ਲੈਂਦਾ ਹੈ ਕਿ ਸਭ ਕੁਝ ਕਰਨ-ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਉਸ ਮਨੁਖ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ, ਉਸ ਨੂੰ ਕੋਈ ਵੀ ਵਿਕਾਰ ਢਾਹ ਨਹੀਂ ਸਕਦਾ। ਗੁਰ-ਸ਼ਬਦ ਦੀ ਬਰਕਤ ਨਾਲ ਉਹ ਸੰਸਾਰ ਵਿਚ ਵਾਰ-ਵਾਰ ਜੰਮਦਾ-ਮਰਦਾ ਨਹੀਂ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਦੁਖ ਪਾਉਂਦਾ ਹੈ। ਅੰਤ ਵਿਚ ਦੱਸਿਆ ਗਿਆ ਹੈ ਕਿ ਜੋ ਗੁਰ-ਸ਼ਬਦ ਰਾਹੀਂ ਪ੍ਰਭੂ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ, ਉਹ ਪ੍ਰਭੂ ਦੇ ਸੱਚੇ
ਨਾਮ ਵਿਚ ਸਮਾਇਆ ਰਹਿੰਦਾ ਹੈ। ਉਹ ਥਿੱਤ ਜਾਂ ਵਾਰ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਨਹੀਂ ਪੈਂਦਾ। ਉਨ੍ਹਾਂ ਲਈ ਸਾਰੇ ਥਿਤ ਤੇ ਵਾਰ ਸਫਲ ਤੇ ਸੁਹਾਵਣੇ ਹਨ। ਪਰ ਜੋ ਮਨੁਖ
ਗੁਰੂ ਦਾ ਆਸਰਾ ਨਹੀਂ ਲੈਂਦੇ, ਉਹ ਥਿੱਤਾ ਤੇ ਵਾਰਾਂ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਫਸ ਕੇ ਭਟਕਦੇ ਰਹਿੰਦੇ ਹਨ।
ਗੁਰਮਤੀ ਸਾਂਤਿ ਵਸੈ ਸਰੀਰ ॥
ਸਬਦੁ ਚੀਨਿੑ ਫਿਰਿ ਲਗੈ ਨ ਪੀਰ ॥
ਆਵੈ ਨ ਜਾਇ ਨਾ ਦੁਖੁ ਪਾਏ ॥
ਨਾਮੇ ਰਾਤੇ ਸਹਜਿ ਸਮਾਏ ॥
ਨਾਨਕ ਗੁਰਮੁਖਿ ਵੇਖੈ ਹਦੂਰਿ ॥
ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥੫॥
-ਗੁਰੂ ਗ੍ਰੰਥ ਸਾਹਿਬ ੮੪੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਗਿਆਨਵਾਨ ਗੁਰੂ ਦੀ ਸਿਖਿਆ ਨਾਲ ਮਨ ਵਿਚ ਸ਼ਾਂਤੀ ਆ ਵਸਦੀ ਹੈ। ਮਨ ਦੇ ਸਾਰੇ ਤੌਖਲੇ ਤੇ ਚਿੰਤਾਵਾਂ ਮਿਟ ਜਾਂਦੀਆਂ ਹਨ। ਮਨ ਦੇ ਭਾਵ ਦੇਹੀ ’ਤੇ ਅਸਰ ਪਾਉਂਦੇ ਹਨ, ਜਿਸ ਕਰਕੇ ਮਨ ਸ਼ਾਂਤ ਹੋਣ ਨਾਲ ਦੇਹੀ ਵੀ ਠੀਕ ਰਹਿੰਦੀ ਹੈ।
ਗੁਰੂ ਦੀ ਸਿਖਿਆ ਵਿਚ ਗਿਆਨ ਹੁੰਦਾ ਹੈ ਤੇ ਉਸ ਗਿਆਨ ਦੀ ਡੂੰਘੀ ਵਿਚਾਰ ਕਰਨ ਨਾਲ ਦੁਖ ਨਹੀਂ ਮਹਿਸੂਸ ਹੁੰਦੇ। ਕਿਉਂਕਿ ਸਾਡੇ ਦੁਖ ਅਤੇ ਪ੍ਰੇਸ਼ਾਨੀਆਂ ਅਗਿਆਨ ਵਿਚੋਂ ਪੈਦਾ ਹੁੰਦੀਆਂ ਹਨ। ਜਦ ਗਿਆਨ ਕਾਰਣ ਅਗਿਆਨ ਮਿਟਦਾ ਹੈ ਤਾਂ ਦੁਖ ਵੀ ਦੂਰ ਹੋ ਜਾਂਦੇ ਹਨ।
ਜਿਹੜੇ ਗੁਰੂ ਦੀ ਸਿਖਿਆ ਜਾਣ ਲੈਂਦੇ ਹਨ, ਉਹ ਫਿਰ ਜਨਮ-ਮਰਨ ਦੇ ਡਰ ਤੋਂ ਮੁਕਤ ਹੋ ਜਾਂਦੇ ਹਨ ਤੇ ਜੀਵਨ ਦੌਰਾਨ ਵੀ ਉਨ੍ਹਾਂ ਨੂੰ ਦੁਖ ਨਹੀਂ ਸਤਾਉਂਦੇ।
ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿਣ ਕਾਰਣ ਸਹਿਜ ਵਿਚ ਸਮਾ ਜਾਂਦੇ ਹਨ। ਭਾਵ, ਉਹ ਪੂਰਨ ਇਕਾਗਰਤਾ ਵਾਲੀ ਹਾਲਤ ਵਿਚ ਰਹਿੰਦੇ ਹਨ ਤੇ ਕਿਸੇ ਤਰ੍ਹਾਂ ਦੀ ਉਚੇਚ ਜਾਂ ਉਤੇਜਨਾ ਵਿਚ ਨਹੀਂ ਆਉਂਦੇ।
ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿਚ ਵਸਾਉਣ ਵਾਲੇ ਪ੍ਰਭੂ ਨੂੰ ਹਮੇਸ਼ਾ ਆਪਣੇ ਨਾਲ ਅਤੇ ਨੇੜੇ ਮਹਿਸੂਸ ਕਰਦੇ ਹਨ। ਉਹ ਕਦੇ ਵੀ ਪ੍ਰਭੂ ਦੀ ਯਾਦ ਤੋਂ ਅਵੇਸਲੇ ਨਹੀਂ ਹੁੰਦੇ।
ਉਹ ਗੁਰੂ ਦੇ ਉਪਦੇਸ਼ ਤੋਂ ਜਾਣ ਜਾਂਦੇ ਹਨ ਕਿ ਪ੍ਰਭੂ ਹਰ ਥਾਂ ਉੱਤੇ ਅਤੇ ਹਮੇਸ਼ਾ ਹੀ ਸੰਪੂਰਨ ਰੂਪ ਵਿਚ ਮੌਜੂਦ ਹੈ। ਭਾਵ, ਉਹ ਕਿਤੇ ਘੱਟ-ਵਧ ਨਹੀਂ ਹੁੰਦਾ ਤੇ ਹਮੇਸ਼ਾ ਇਕ ਰਸ-ਰੂਪ ਵਿਚ ਸਰਬ-ਵਿਆਪਕ ਹੈ।