ਇਸ ਬਾਣੀ ਵਿਚ ਦੱਸਿਆ ਗਿਆ ਹੈ ਕਿ ਇਸ ਸ੍ਰਿਸ਼ਟੀ ਦੀ ਸਾਜਨਾ ਕਰਨ ਵਾਲਾ ਇਕ ਪ੍ਰਭੂ ਹੀ ਹੈ।
ਮਾਇਆ ਵਿਚ ਗਲਤਾਨ ਜੀਵ ਜੰਮਦੇ-ਮਰਦੇ ਰਹਿੰਦੇ ਹਨ।
ਰਹਾਉ ਵਾਲੀ ਤੁਕ ਵਿਚ ਮਸਤਕ ਦੇ ਲੇਖਾਂ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਇਆ ਹੈ। ਜੀਵਾਂ ਦੇ ਕਰਮਾਂ ਦੇ ਅਧਾਰ ’ਤੇ ਪ੍ਰਭੂ ਦੁਆਰਾ ਉਨ੍ਹਾਂ ਦੇ ਲੇਖ ਲਿਖੇ ਜਾਂਦੇ ਹਨ। ਜਿਹੜਾ ਮਨੁਖ ਸੱਚੇ ਗੁਰ-ਸ਼ਬਦ ਨੂੰ ਚਿਤਵਦਾ ਤੇ ਹਿਰਦੇ ਵਿਚ ਵਸਾਉਂਦਾ ਹੈ, ਉਹ ਇਸ ਰਹੱਸ ਨੂੰ ਬੁੱਝ ਲੈਂਦਾ ਹੈ ਕਿ ਸਭ ਕੁਝ ਕਰਨ-ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਉਸ ਮਨੁਖ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ, ਉਸ ਨੂੰ ਕੋਈ ਵੀ ਵਿਕਾਰ ਢਾਹ ਨਹੀਂ ਸਕਦਾ। ਗੁਰ-ਸ਼ਬਦ ਦੀ ਬਰਕਤ ਨਾਲ ਉਹ ਸੰਸਾਰ ਵਿਚ ਵਾਰ-ਵਾਰ ਜੰਮਦਾ-ਮਰਦਾ ਨਹੀਂ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਦੁਖ ਪਾਉਂਦਾ ਹੈ। ਅੰਤ ਵਿਚ ਦੱਸਿਆ ਗਿਆ ਹੈ ਕਿ ਜੋ ਗੁਰ-ਸ਼ਬਦ ਰਾਹੀਂ ਪ੍ਰਭੂ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ, ਉਹ ਪ੍ਰਭੂ ਦੇ ਸੱਚੇ
ਨਾਮ ਵਿਚ ਸਮਾਇਆ ਰਹਿੰਦਾ ਹੈ। ਉਹ ਥਿੱਤ ਜਾਂ ਵਾਰ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਨਹੀਂ ਪੈਂਦਾ। ਉਨ੍ਹਾਂ ਲਈ ਸਾਰੇ ਥਿਤ ਤੇ ਵਾਰ ਸਫਲ ਤੇ ਸੁਹਾਵਣੇ ਹਨ। ਪਰ ਜੋ ਮਨੁਖ
ਗੁਰੂ ਦਾ ਆਸਰਾ ਨਹੀਂ ਲੈਂਦੇ, ਉਹ ਥਿੱਤਾ ਤੇ ਵਾਰਾਂ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਫਸ ਕੇ ਭਟਕਦੇ ਰਹਿੰਦੇ ਹਨ।
ਜਿਸ ਦਾ ਸਾਹਿਬੁ ਡਾਢਾ ਹੋਇ ॥
ਤਿਸ ਨੋ ਮਾਰਿ ਨ ਸਾਕੈ ਕੋਇ ॥
ਸਾਹਿਬ ਕੀ ਸੇਵਕੁ ਰਹੈ ਸਰਣਾਈ ॥
ਆਪੇ ਬਖਸੇ ਦੇ ਵਡਿਆਈ ॥
ਤਿਸ ਤੇ ਊਪਰਿ ਨਾਹੀ ਕੋਇ ॥
ਕਉਣੁ ਡਰੈ ਡਰੁ ਕਿਸ ਕਾ ਹੋਇ ॥੪॥
-ਗੁਰੂ ਗ੍ਰੰਥ ਸਾਹਿਬ ੮੪੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਜਿਸ ਦਾ ਮਾਲਕ ਤਾਕਤਵਰ ਹੋਵੇ ਉਸ ਨੂੰ ਕੋਈ ਮਾਰ ਨਹੀਂ ਸਕਦਾ। ਭਾਵ, ਉਸ ਦੇ ਮਾਲਕ ਦੀ ਹੈਸੀਅਤ ਦੇ ਡਰੋਂ ਉਸ ਨੂੰ ਕੋਈ ਤੰਗ ਪ੍ਰੇਸ਼ਾਨ ਨਹੀਂ ਕਰ ਸਕਦਾ। ਮਾਲਕ ਦੀ ਇੱਜਤ ਉਸ ਦੇ ਸੇਵਕ ਨੂੰ ਵੀ ਮਿਲਦੀ ਹੈ।
ਭਗਤ ਰਵਿਦਾਸ ਜੀ ਦਾ ਬਚਨ ਹੈ: ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥ ਭਾਵ, ਕਿਸੇ ਦੇ ਮਾਲਕ ਦੀ ਹੈਸੀਅਤ ਤੋਂ ਉਸ ਦੇ ਸੇਵਕ ਦੀ ਹਾਲਤ ਦਾ ਪਤਾ ਲੱਗ ਜਾਂਦਾ ਹੈ ਤੇ ਸੇਵਕ ਦੀ ਹਾਲਤ ਤੋਂ ਉਸ ਦੇ ਮਾਲਕ ਦੀ ਹੈਸੀਅਤ ਦਾ ਪਤਾ ਲੱਗ ਜਾਂਦਾ ਹੈ। ਇਸ ਕਰਕੇ ਹੀ ਤਕੜੇ ਮਾਲਕ ਦੇ ਸੇਵਕ ਨੂੰ ਕੋਈ ਕੁਝ ਨਹੀਂ ਕਹਿੰਦਾ। ਹਰ ਕੋਈ ਉਸ ਨਾਲ ਵੀ ਇੱਜਤ ਨਾਲ ਪੇਸ਼ ਆਉਂਦਾ ਹੈ।
ਇਸ ਲਈ ਮਨੁਖ ਨੂੰ ਨਸੀਹਤ ਦਿੱਤੀ ਗਈ ਹੈ ਕਿ ਉਹ ਆਪਣੇ ਮਾਲਕ ਪ੍ਰਭੂ ਦੀ ਸ਼ਰਣ ਵਿਚ ਰਹੇ। ਭਾਵ, ਉਸ ਪ੍ਰਤੀ ਨਿਮਰ-ਭਾਵ ਵਿਚ ਰਹੇ। ਇਸ ਕਾਰਣ ਮਾਲਕ ਪ੍ਰਭੂ ਉਸ ਨੂੰ ਆਪ ਹੀ ਇੱਜਤ ਮਾਣ ਬਖਸ਼ ਦਿੰਦਾ ਹੈ। ਕਿਉਂਕਿ ਪ੍ਰਭੂ ਪ੍ਰਤੀ ਹਲੀਮੀ ਦੇ ਭਾਵ ਵਿਚ ਵਿਚਰਦਿਆਂ ਸਾਰੇ ਸਮਾਜ ਪ੍ਰਤੀ ਮਨੁਖ ਦਾ ਰਵੱਈਆ ਹਲੀਮੀ ਵਾਲਾ ਹੋ ਜਾਂਦਾ ਹੈ, ਜਿਸ ਕਰਕੇ ਸਮਾਜ ਵੀ ਉਸ ਦੀ ਇੱਜਤ ਕਰਨ ਲੱਗ ਪੈਂਦਾ ਹੈ।
ਇਹ ਨਸੀਹਤ ਇਸ ਕਰਕੇ ਵਾਜਬ ਹੈ ਕਿਉਂਕਿ ਪ੍ਰਭੂ ਤੋਂ ਉੱਪਰ ਅਤੇ ਉਸ ਤੋਂ ਬਲਵਾਨ ਹੋਰ ਕੋਈ ਨਹੀਂ ਹੈ। ਇਸ ਲਈ ਜੇਕਰ ਕੋਈ ਸਭ ਤੋਂ ਸਮਰੱਥਾਵਾਨ ਪ੍ਰਭੂ ਦੀ ਸ਼ਰਣ ਵਿਚ ਰਹੇ ਤਾਂ ਉਸ ਨੂੰ ਕਿਸੇ ਹੋਰ ਤੋਂ ਡਰਨ ਦੀ ਜਰੂਰਤ ਨਹੀਂ ਹੁੰਦੀ ਤੇ ਉਸ ਨੂੰ ਹੋਰ ਕਿਸੇ ਦਾ ਵੀ ਡਰ ਨਹੀਂ ਰਹਿੰਦਾ। ਕਿਉਂਕਿ ਪ੍ਰਭੂ ਦੇ ਹੁਕਮ ਵਿਚ ਹਰ ਕੋਈ ਹੈ ਤੇ ਉਹ ਕਿਸੇ ਦੇ ਵੀ ਹੁਕਮ ਅਧੀਨ ਨਹੀਂ ਹੈ। ਵਡੇ-ਵਡੇ ਸਮਰੱਥ ਦੁਨੀਆਦਾਰ ਵੀ ਪ੍ਰਭੂ ਦੇ ਸਾਹਮਣੇ ਕੋਈ ਹੋਂਦ ਨਹੀਂ ਰਖਦੇ। ਇਸ ਲਈ ਪ੍ਰਭੂ ਦੇ ਸੇਵਕ ਨੂੰ ਕੋਈ ਵੀ ਆਪਣੇ ਅਧੀਨ ਰਖ ਕੇ ਤੰਗ ਪ੍ਰੇਸ਼ਾਨ ਨਹੀਂ ਕਰ ਸਕਦਾ।