ਇਸ ਬਾਣੀ ਵਿਚ ਦੱਸਿਆ ਗਿਆ ਹੈ ਕਿ ਇਸ ਸ੍ਰਿਸ਼ਟੀ ਦੀ ਸਾਜਨਾ ਕਰਨ ਵਾਲਾ ਇਕ ਪ੍ਰਭੂ ਹੀ ਹੈ।
ਮਾਇਆ ਵਿਚ ਗਲਤਾਨ ਜੀਵ ਜੰਮਦੇ-ਮਰਦੇ ਰਹਿੰਦੇ ਹਨ।
ਰਹਾਉ ਵਾਲੀ ਤੁਕ ਵਿਚ ਮਸਤਕ ਦੇ ਲੇਖਾਂ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਇਆ ਹੈ। ਜੀਵਾਂ ਦੇ ਕਰਮਾਂ ਦੇ ਅਧਾਰ ’ਤੇ ਪ੍ਰਭੂ ਦੁਆਰਾ ਉਨ੍ਹਾਂ ਦੇ ਲੇਖ ਲਿਖੇ ਜਾਂਦੇ ਹਨ। ਜਿਹੜਾ ਮਨੁਖ ਸੱਚੇ ਗੁਰ-ਸ਼ਬਦ ਨੂੰ ਚਿਤਵਦਾ ਤੇ ਹਿਰਦੇ ਵਿਚ ਵਸਾਉਂਦਾ ਹੈ, ਉਹ ਇਸ ਰਹੱਸ ਨੂੰ ਬੁੱਝ ਲੈਂਦਾ ਹੈ ਕਿ ਸਭ ਕੁਝ ਕਰਨ-ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਉਸ ਮਨੁਖ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ, ਉਸ ਨੂੰ ਕੋਈ ਵੀ ਵਿਕਾਰ ਢਾਹ ਨਹੀਂ ਸਕਦਾ। ਗੁਰ-ਸ਼ਬਦ ਦੀ ਬਰਕਤ ਨਾਲ ਉਹ ਸੰਸਾਰ ਵਿਚ ਵਾਰ-ਵਾਰ ਜੰਮਦਾ-ਮਰਦਾ ਨਹੀਂ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਦੁਖ ਪਾਉਂਦਾ ਹੈ। ਅੰਤ ਵਿਚ ਦੱਸਿਆ ਗਿਆ ਹੈ ਕਿ ਜੋ ਗੁਰ-ਸ਼ਬਦ ਰਾਹੀਂ ਪ੍ਰਭੂ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ, ਉਹ ਪ੍ਰਭੂ ਦੇ ਸੱਚੇ
ਨਾਮ ਵਿਚ ਸਮਾਇਆ ਰਹਿੰਦਾ ਹੈ। ਉਹ ਥਿੱਤ ਜਾਂ ਵਾਰ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਨਹੀਂ ਪੈਂਦਾ। ਉਨ੍ਹਾਂ ਲਈ ਸਾਰੇ ਥਿਤ ਤੇ ਵਾਰ ਸਫਲ ਤੇ ਸੁਹਾਵਣੇ ਹਨ। ਪਰ ਜੋ ਮਨੁਖ
ਗੁਰੂ ਦਾ ਆਸਰਾ ਨਹੀਂ ਲੈਂਦੇ, ਉਹ ਥਿੱਤਾ ਤੇ ਵਾਰਾਂ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਫਸ ਕੇ ਭਟਕਦੇ ਰਹਿੰਦੇ ਹਨ।
ਸ੍ਰਿਸਟਿ ਉਪਾਇ ਆਪੇ ਸਭੁ ਵੇਖੈ ॥
ਕੋਇ ਨ ਮੇਟੈ ਤੇਰੈ ਲੇਖੈ ॥
ਸਿਧ ਸਾਧਿਕ ਜੇ ਕੋ ਕਹੈ ਕਹਾਏ ॥
ਭਰਮੇ ਭੂਲਾ ਆਵੈ ਜਾਏ ॥
ਸਤਿਗੁਰੁ ਸੇਵੈ ਸੋ ਜਨੁ ਬੂਝੈ ॥
ਹਉਮੈ ਮਾਰੇ ਤਾ ਦਰੁ ਸੂਝੈ ॥੨॥
-ਗੁਰੂ ਗ੍ਰੰਥ ਸਾਹਿਬ ੮੪੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਇਸ ਸ੍ਰਿਸ਼ਟੀ ਦੀ ਸਿਰਜਣਾ ਕਰ ਕੇ ਸਭ ਕੁਝ ਆਪ ਦੇਖ ਰਿਹਾ ਹੈ। ਭਾਵ, ਇਸ ਸ੍ਰਿਸ਼ਟੀ ਵਿਚ ਜੋ ਕੁਝ ਵੀ ਵਾਪਰ ਰਿਹਾ ਹੈ, ਉਹ ਪ੍ਰਭੂ ਦੀ ਜਾਣਕਾਰੀ ਤੋਂ ਬਿਲਕੁਲ ਵੀ ਬਾਹਰ ਨਹੀਂ ਹੈ। ਉਹ ਸਭ ਕੁਝ ਜਾਣਦਾ ਹੈ। ਜੀਵਾਂ ਦੀ ਸਿਰਜਣਾ ਕਰ ਕੇ ਉਨ੍ਹਾਂ ਦੀ ਸਾਰ-ਸੰਭਾਲ ਵੀ ਉਹ ਆਪ ਹੀ ਕਰਦਾ ਹੈ।
ਪ੍ਰਭੂ ਨੂੰ ਮੁਖਾਤਬ ਹੁੰਦਿਆਂ ਦੱਸਿਆ ਗਿਆ ਹੈ ਕਿ ਇਸ ਸ੍ਰਿਸ਼ਟੀ ਬਾਰੇ ਜੋ ਕੁਝ ਵੀ ਪ੍ਰਭੂ ਨੇ ਤੈਅ ਕੀਤਾ ਹੋਇਆ ਹੈ, ਉਸ ਨੂੰ ਕੋਈ ਵੀ ਬਦਲ ਨਹੀਂ ਸਕਦਾ। ਸ੍ਰਿਸ਼ਟੀ ਪ੍ਰਭੂ ਦੇ ਅਮਿੱਟ ਹੁਕਮ ਵਿਚ ਚੱਲ ਰਹੀ ਹੈ।
ਹਾਂ ਜੇ ਕੋਈ ਆਪਣੇ-ਆਪ ਨੂੰ ਆਪਣੇ ਹਉਮੈ-ਭਾਵ ਵਿਚ ਇਹ ਸਮਝਦਾ ਹੈ ਕਿ ਉਸ ਨੇ ਰਿਧੀਆਂ-ਸਿਧੀਆਂ ਦੀ ਸਾਧਨਾ ਕਰਕੇ ਅਲੌਕਿਕ ਸ਼ਕਤੀਆਂ ਵਸ ਵਿਚ ਕੀਤੀਆਂ ਹੋਈਆਂ ਹਨ ਤੇ ਉਹ ਹੋਰਨਾ ਉੱਤੇ ਇਸ ਗੱਲ ਦਾ ਪ੍ਰਭਾਵ ਵੀ ਪਾਉਂਦਾ ਹੈ ਤਾਂ ਇਹ ਉਸ ਦਾ ਨਿਰਾ ਵਹਿਮ ਹੈ। ਕਿਉਂਕਿ ਅਜਿਹੇ ਵਹਿਮ ਪਾਲਣ ਵਾਲੇ ਅਣਗਿਣਤ ਲੋਕ ਆਉਂਦੇ ਹਨ। ਉਹ ਜਿਵੇਂ ਆਉਂਦੇ ਹਨ, ਉਸੇ ਤਰ੍ਹਾਂ ਵਿਅਰਥ ਚਲੇ ਜਾਂਦੇ ਹਨ। ਉਹ ਆਉਣ-ਜਾਣ ਦੇ ਇਸ ਚੱਕਰ ਤੋਂ ਮੁਕਤ ਨਹੀਂ ਹੁੰਦੇ।
ਅਸਲ ਵਿਚ ਸ੍ਰਿਸ਼ਟੀ ਦਾ ਭੇਦ ਉਸ ਨੂੰ ਹੀ ਪਤਾ ਲੱਗਦਾ ਹੈ ਜਿਹੜਾ ਕਿਸੇ ਗਿਆਨਵਾਨ ਗੁਰੂ ਦੀ ਸੇਵਾ ਕਰਦਾ ਹੈ। ਭਾਵ, ਗਿਆਨ ਦੇ ਮੁਜੱਸਮੇ ਗੁਰੂ ਦੀ ਸੰਗਤ ਵਿਚ ਸੇਵਾ-ਭਾਵ ਨਾਲ ਵਿਚਰਨ ਵਾਲਾ ਸਾਧਕ ਜਨ ਹੀ ਪ੍ਰਭੂ ਦੀ ਖੇਡ ਜਾਣ ਸਕਦਾ ਹੈ।
ਅਖੀਰ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਨਾਲ ਇਕਮਿਕ ਹੋਣ ਦਾ ਰਾਹ ਸਿਰਫ ਉਸ ਨੂੰ ਹੀ ਪਤਾ ਲੱਗਦਾ ਹੈ, ਜਿਹੜਾ ਆਪਣੇ ਅੰਦਰੋਂ ਮੈਂ-ਮੇਰੀ ਜਿਹੇ ਹਉਮੈ-ਭਾਵ ਨੂੰ ਮੇਟ ਲੈਂਦਾ ਹੈ। ਅਸਲ ਵਿਚ ਪ੍ਰਭੂ ਤੇ ਮਨੁਖ ਵਿਚਕਾਰ ਹਉਮੈ-ਭਾਵ ਹੀ ਰੁਕਾਵਟ ਬਣਦਾ ਹੈ। ਇਸ ਦੇ ਮਿਟਣ ਨਾਲ ਮਨੁਖ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ।