ਇਸ ਬਾਣੀ ਵਿਚ ਦੱਸਿਆ ਗਿਆ ਹੈ ਕਿ ਇਸ ਸ੍ਰਿਸ਼ਟੀ ਦੀ ਸਾਜਨਾ ਕਰਨ ਵਾਲਾ ਇਕ ਪ੍ਰਭੂ ਹੀ ਹੈ।
ਮਾਇਆ ਵਿਚ ਗਲਤਾਨ ਜੀਵ ਜੰਮਦੇ-ਮਰਦੇ ਰਹਿੰਦੇ ਹਨ।
ਰਹਾਉ ਵਾਲੀ ਤੁਕ ਵਿਚ ਮਸਤਕ ਦੇ ਲੇਖਾਂ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਇਆ ਹੈ। ਜੀਵਾਂ ਦੇ ਕਰਮਾਂ ਦੇ ਅਧਾਰ ’ਤੇ ਪ੍ਰਭੂ ਦੁਆਰਾ ਉਨ੍ਹਾਂ ਦੇ ਲੇਖ ਲਿਖੇ ਜਾਂਦੇ ਹਨ। ਜਿਹੜਾ ਮਨੁਖ ਸੱਚੇ ਗੁਰ-ਸ਼ਬਦ ਨੂੰ ਚਿਤਵਦਾ ਤੇ ਹਿਰਦੇ ਵਿਚ ਵਸਾਉਂਦਾ ਹੈ, ਉਹ ਇਸ ਰਹੱਸ ਨੂੰ ਬੁੱਝ ਲੈਂਦਾ ਹੈ ਕਿ ਸਭ ਕੁਝ ਕਰਨ-ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਉਸ ਮਨੁਖ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ, ਉਸ ਨੂੰ ਕੋਈ ਵੀ ਵਿਕਾਰ ਢਾਹ ਨਹੀਂ ਸਕਦਾ। ਗੁਰ-ਸ਼ਬਦ ਦੀ ਬਰਕਤ ਨਾਲ ਉਹ ਸੰਸਾਰ ਵਿਚ ਵਾਰ-ਵਾਰ ਜੰਮਦਾ-ਮਰਦਾ ਨਹੀਂ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਦੁਖ ਪਾਉਂਦਾ ਹੈ। ਅੰਤ ਵਿਚ ਦੱਸਿਆ ਗਿਆ ਹੈ ਕਿ ਜੋ ਗੁਰ-ਸ਼ਬਦ ਰਾਹੀਂ ਪ੍ਰਭੂ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ, ਉਹ ਪ੍ਰਭੂ ਦੇ ਸੱਚੇ
ਨਾਮ ਵਿਚ ਸਮਾਇਆ ਰਹਿੰਦਾ ਹੈ। ਉਹ ਥਿੱਤ ਜਾਂ ਵਾਰ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਨਹੀਂ ਪੈਂਦਾ। ਉਨ੍ਹਾਂ ਲਈ ਸਾਰੇ ਥਿਤ ਤੇ ਵਾਰ ਸਫਲ ਤੇ ਸੁਹਾਵਣੇ ਹਨ। ਪਰ ਜੋ ਮਨੁਖ
ਗੁਰੂ ਦਾ ਆਸਰਾ ਨਹੀਂ ਲੈਂਦੇ, ਉਹ ਥਿੱਤਾ ਤੇ ਵਾਰਾਂ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਫਸ ਕੇ ਭਟਕਦੇ ਰਹਿੰਦੇ ਹਨ।
ਬਿਲਾਵਲੁ ਮਹਲਾ ੩ ॥
ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ ॥
ਜੀਅ ਜੰਤ ਮਾਇਆ ਮੋਹਿ ਪਾਜੇ ॥
ਦੂਜੈ ਭਾਇ ਪਰਪੰਚਿ ਲਾਗੇ ॥
ਆਵਹਿ ਜਾਵਹਿ ਮਰਹਿ ਅਭਾਗੇ ॥
ਸਤਿਗੁਰਿ ਭੇਟਿਐ ਸੋਝੀ ਪਾਇ ॥
ਪਰਪੰਚੁ ਚੂਕੈ ਸਚਿ ਸਮਾਇ ॥੧॥
ਜਾ ਕੈ ਮਸਤਕਿ ਲਿਖਿਆ ਲੇਖੁ ॥
ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥੧॥ ਰਹਾਉ ॥
-ਗੁਰੂ ਗ੍ਰੰਥ ਸਾਹਿਬ ੮੪੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਪਰਮ ਹਸਤੀ ਪ੍ਰਭੂ ਨੇ ਆਪ ਇਸ ਸੰਸਾਰ ਦੀ ਸਿਰਜਣਾ ਆਪਣੀ ਇੱਛਾ ਅਨੁਸਾਰ ਹੀ ਕੀਤੀ ਹੈ। ਭਾਵ, ਇਸ ਸਿਰਜਣਾ ਵਿਚ ਉਸ ਦਾ ਕੋਈ ਸਹਾਇਕ ਨਹੀਂ ਹੈ ਤੇ ਨਾ ਹੀ ਉਸ ਨੂੰ ਕਿਸੇ ਸਹਾਇਕ ਦੀ ਲੋੜ ਹੈ। ਉਹ ਆਪ ਹੀ ਸਭ ਕਾਸੇ ਦੇ ਸਮਰੱਥ ਹੈ।
ਉਸ ਪ੍ਰਭੂ ਨੇ ਆਪ ਹੀ ਸੰਸਾਰ ਦੇ ਹਰ ਜੀਵ ਨੂੰ ਪਦਾਰਥ ਦੀ ਗਿਣਤੀ-ਮਿਣਤੀ ਤੇ ਚਮਕ-ਦਮਕ ਦੇ ਮੋਹ ਵਿਚ ਬੰਨ੍ਹਿਆ ਹੋਇਆ ਹੈ। ਭਾਵ, ਇਸ ਮੋਹ ਤੋਂ ਕੋਈ ਜੀਵ ਵੀ ਮੁਕਤ ਨਹੀਂ ਹੈ।
ਜੀਵ ਸੰਸਾਰ ਦੇ ਇਕੋ-ਇਕ ਸਿਰਜਣਹਾਰ ਪ੍ਰਭੂ ਦੀ ਬਜਾਏ ਦੂਜੇ ਕਿਸੇ ਹੋਰ ਦੇ ਲਗਾਵ ਕਾਰਣ ਪੰਜ ਤੱਤਾਂ ਦੇ ਵਿਸਤਾਰ, ਭਾਵ ਸੰਸਾਰ ਦੇ ਚੱਕਰ ਵਿਚ ਉਲਝੇ ਹੋਏ ਹਨ। ਉਹ ਇਕ ਪਰਮ ਸਿਰਜਕ ਕਰਤੇ ਪ੍ਰਭੂ ਨਾਲ ਨਹੀਂ ਜੁੜਦੇ।
ਅਜਿਹੇ ਜੀਵ ਕਰਤੇ ਪ੍ਰਭੂ ਦੀ ਬਜਾਏ ਹੋਰ ਕਾਸੇ ਨੂੰ ਪ੍ਰਮੁੱਖਤਾ ਦੇਣ ਕਾਰਣ ਅਭਾਗੇ ਹੀ ਮਰ ਜਾਂਦੇ ਹਨ। ਇਥੇ ਅਭਾਗੇ ਹੋਣ ਦਾ ਭਾਵ ਤਕਨੀਕੀ ਅਰਥਾਂ ਵਿਚ ਕਿਸਮਤ ਨਹੀਂ ਹਨ। ਬਲਕਿ ਇਥੇ ਉਸ ਨੂੰ ਅਭਾਗਾ ਕਿਹਾ ਗਿਆ ਹੈ, ਜਿਹੜੇ ਕਰਤੇ ਪ੍ਰਭੂ ਨੂੰ ਯਾਦ ਰਖੇ ਬਗੈਰ ਦੁਨੀਆਦਾਰੀ ਦੇ ਫਿਕਰਾਂ ਵਿਚ ਜੀਵਨ ਵਿਅਰਥ ਬਤੀਤ ਕਰ ਲੈਂਦੇ ਹਨ ਤੇ ਆਪਣੇ ਅਸਲ ਮਕਸਦ ਤੋਂ ਭਟਕ ਜਾਂਦੇ ਹਨ। ਅਜਿਹੇ ਲੋਕ ਜੀਵਨ ਵਿਚ ਜਿਸ ਤਰ੍ਹਾਂ ਆਉਂਦੇ ਹਨ, ਉਸੇ ਤਰ੍ਹਾ ਚਲੇ ਜਾਂਦੇ ਹਨ। ਗੁਰਮਤਿ ਵਿਚ ਅਜਿਹੇ ਜੀਵਨ ਨੂੰ ਬੇਕਾਰ ਸਮਝਿਆ ਗਿਆ ਹੈ।
ਅਜਿਹੇ ਬੇਕਾਰ ਕਿਸਮ ਦੇ ਜੀਵਨ ਚੱਕਰ ਵਿਚੋਂ ਸਿਰਫ ਉਸ ਨੂੰ ਹੀ ਸੋਝੀ ਪ੍ਰਾਪਤ ਹੁੰਦੀ ਹੈ ਜਾਂ ਉਸ ਨੂੰ ਹੀ ਆਪਣੇ ਜੀਵਨ ਦੀ ਬੇਕਾਰ ਭਟਕਣ ਦਾ ਗਿਆਨ ਹੁੰਦਾ ਹੈ, ਜਿਹੜਾ ਸੱਚ ਦੇ ਮੁਜੱਸਮੇ ਗੁਰੂ ਨੂੰ ਮਿਲ ਕੇ ਸਿਖਿਆ ਪ੍ਰਾਪਤ ਕਰ ਲੈਂਦਾ ਹੈ। ਭਾਵ, ਗਿਆਨਵਾਨ ਗੁਰੂ ਦੀ ਸਿਖਿਆ ਬਗੈਰ ਕਿਸੇ ਨੂੰ ਆਪਣੇ ਜੀਵਨ ਦੀ ਨਿਰਾਰਥਕਤਾ ਦਾ ਪਤਾ ਨਹੀਂ ਲੱਗਦਾ।
ਗੁਰੂ ਦੀ ਸਿਖਿਆ ਅਨੁਸਾਰ ਮਨੁਖ ਨੂੰ ਇਸ ਗੱਲ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿ ਸੰਸਾਰ ਦੀ ਵੰਨ-ਸੁਵੰਨਤਾ ਅਤੇ ਵਿਸਥਾਰ ਉਸ ਕਰਤੇ ਪ੍ਰਭੂ ਦੀ ਖੇਡ-ਮਾਤਰ ਹੈ। ਸੱਚ ਸਿਰਫ ਪ੍ਰਭੂ ਆਪ ਹੀ ਹੈ। ਇਸ ਸੋਝੀ ਜਾਂ ਗਿਆਨ ਸਦਕਾ ਮਨੁਖ ਦਾ ਜੀਵਨ ਇਸ ਸੱਚ ਨਾਲ ਇਕਸੁਰ ਜਾਂ ਇਕ ਰਸ ਹੋ ਜਾਂਦਾ ਹੈ।
ਫਿਰ ਉਸ ਮਨੁਖ ਬਾਰੇ ਦੱਸਿਆ ਗਿਆ ਹੈ, ਜਿਸ ਦੇ ਮੱਥੇ ਉੱਤੇ ਲੇਖ ਲਿਖਿਆ ਹੋਇਆ ਹੈ। ਇਹ ਲੇਖ ਅਸਲ ਵਿਚ ਪ੍ਰਭੂ ਦਾ ਹੁਕਮ ਹੈ, ਜਿਸ ਅਨੁਸਾਰ ਸਾਰੀ ਸ੍ਰਿਸ਼ਟੀ ਚੱਲਦੀ ਹੈ। ਬੇਸ਼ੱਕ ਇਹ ਹੁਕਮ ਹਰ ਕਿਸੇ ਦੇ ਮਸਤਕ ਵਿਚ ਲਿਖਿਆ ਹੋਇਆ ਮੰਨਿਆ ਜਾਂਦਾ ਹੈ। ਪਰ ਇਥੇ ਉਸ ਮਨੁਖ ਦਾ ਜਿਕਰ ਹੈ, ਜਿਹੜਾ ਇਸ ਹੁਕਮ ਨੂੰ ਪਛਾਣ ਲੈਂਦਾ ਹੈ ਤੇ ਆਪਣੇ ਅਮਲ ਨੂੰ ਉਸ ਦੇ ਅਨੁਸਾਰ ਢਾਲ ਲੈਂਦਾ ਹੈ।
ਅਖੀਰ ਵਿਚ ਦੱਸਿਆ ਗਿਆ ਹੈ ਜਿਹੜੇ ਆਪਣੇ ਮਸਤਕ ਵਿਚ ਲਿਖੇ ਹੋਏ ਪ੍ਰਭੂ ਦੇ ਹੁਕਮ ਨੂੰ ਗਿਆਨਵਾਨ ਗੁਰੂ ਦੀ ਸਿਖਿਆ ਸਦਕਾ ਜਾਣ ਲੈਂਦੇ ਹਨ, ਉਨ੍ਹਾਂ ਦੇ ਹਿਰਦੇ ਅੰਦਰ ਹੀ ਸੰਸਾਰ ਦਾ ਕਰਤਾ ਇਕੋ-ਇਕ ਪ੍ਰਭੂ ਆ ਵਸਦਾ ਹੈ, ਜਿਸ ਸਦਕਾ ਉਹ ਸੰਸਾਰ ਦੇ ਵਿਸਥਾਰ ਵਿਚ ਖਚਿਤ ਹੋਣੋ ਬਚ ਜਾਂਦਾ ਹੈ। ਇਹੀ ਇਸ ਸ਼ਬਦ ਦਾ ਕੇਂਦਰੀ ਭਾਵ ਹੈ।