Guru Granth Sahib Logo
  
ਇਸ ਬਾਣੀ ਵਿਚ ਦੱਸਿਆ ਗਿਆ ਹੈ ਕਿ ਇਸ ਸ੍ਰਿਸ਼ਟੀ ਦੀ ਸਾਜਨਾ ਕਰਨ ਵਾਲਾ ਇਕ ਪ੍ਰਭੂ ਹੀ ਹੈ। ਮਾਇਆ ਵਿਚ ਗਲਤਾਨ ਜੀਵ ਜੰਮਦੇ-ਮਰਦੇ ਰਹਿੰਦੇ ਹਨ। ਰਹਾਉ ਵਾਲੀ ਤੁਕ ਵਿਚ ਮਸਤਕ ਦੇ ਲੇਖਾਂ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਇਆ ਹੈ। ਜੀਵਾਂ ਦੇ ਕਰਮਾਂ ਦੇ ਅਧਾਰ ’ਤੇ ਪ੍ਰਭੂ ਦੁਆਰਾ ਉਨ੍ਹਾਂ ਦੇ ਲੇਖ ਲਿਖੇ ਜਾਂਦੇ ਹਨ। ਜਿਹੜਾ ਮਨੁਖ ਸੱਚੇ ਗੁਰ-ਸ਼ਬਦ ਨੂੰ ਚਿਤਵਦਾ ਤੇ ਹਿਰਦੇ ਵਿਚ ਵਸਾਉਂਦਾ ਹੈ, ਉਹ ਇਸ ਰਹੱਸ ਨੂੰ ਬੁੱਝ ਲੈਂਦਾ ਹੈ ਕਿ ਸਭ ਕੁਝ ਕਰਨ-ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਉਸ ਮਨੁਖ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ, ਉਸ ਨੂੰ ਕੋਈ ਵੀ ਵਿਕਾਰ ਢਾਹ ਨਹੀਂ ਸਕਦਾ। ਗੁਰ-ਸ਼ਬਦ ਦੀ ਬਰਕਤ ਨਾਲ ਉਹ ਸੰਸਾਰ ਵਿਚ ਵਾਰ-ਵਾਰ ਜੰਮਦਾ-ਮਰਦਾ ਨਹੀਂ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਦੁਖ ਪਾਉਂਦਾ ਹੈ। ਅੰਤ ਵਿਚ ਦੱਸਿਆ ਗਿਆ ਹੈ ਕਿ ਜੋ ਗੁਰ-ਸ਼ਬਦ ਰਾਹੀਂ ਪ੍ਰਭੂ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ, ਉਹ ਪ੍ਰਭੂ ਦੇ ਸੱਚੇ ਨਾਮ ਵਿਚ ਸਮਾਇਆ ਰਹਿੰਦਾ ਹੈ। ਉਹ ਥਿੱਤ ਜਾਂ ਵਾਰ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਨਹੀਂ ਪੈਂਦਾ। ਉਨ੍ਹਾਂ ਲਈ ਸਾਰੇ ਥਿਤ ਤੇ ਵਾਰ ਸਫਲ ਤੇ ਸੁਹਾਵਣੇ ਹਨ। ਪਰ ਜੋ ਮਨੁਖ ਗੁਰੂ ਦਾ ਆਸਰਾ ਨਹੀਂ ਲੈਂਦੇ, ਉਹ ਥਿੱਤਾ ਤੇ ਵਾਰਾਂ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਫਸ ਕੇ ਭਟਕਦੇ ਰਹਿੰਦੇ ਹਨ।
ਆਪੇ ਪੂਰਾ ਕਰੇ ਸੁ ਹੋਇ 
ਏਹਿ ਥਿਤੀ ਵਾਰ ਦੂਜਾ ਦੋਇ 
ਸਤਿਗੁਰ ਬਾਝਹੁ ਅੰਧੁ ਗੁਬਾਰੁ 
ਥਿਤੀ ਵਾਰ ਸੇਵਹਿ ਮੁਗਧ ਗਵਾਰ 
ਨਾਨਕ  ਗੁਰਮੁਖਿ ਬੂਝੈ ਸੋਝੀ ਪਾਇ 
ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥
-ਗੁਰੂ ਗ੍ਰੰਥ ਸਾਹਿਬ ੮੪੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਆਖਰੀ ਪਦੇ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਹੀ ਪੂਰਣ ਤੌਰ ’ਤੇ ਸਮਰੱਥਾਵਾਨ ਹੈ। ਇਸ ਕਰਕੇ ਜੋ ਕੁਝ ਵੀ ਉਹ ਆਪ ਕਰਦਾ ਹੈ, ਉਹੀ ਕੁਝ ਹੁੰਦਾ ਹੈ। ਭਾਵ, ਸ੍ਰਿਸ਼ਟੀ ਵਿਚ ਸਭ ਕਾਸੇ ਦਾ ਕਰਤਾ ਸਿਰਫ ਪਰਿਪੂਰਨ ਪ੍ਰਭੂ ਹੈ ਤੇ ਉਸ ਦੇ ਕੀਤਿਆਂ ਹੀ ਸਭ ਕੁਝ ਹੁੰਦਾ ਹੈ।

ਉਸ ਦੇ ਇਲਾਵਾ ਇਹ ਜੋ ਥਿੱਤਾਂ-ਵਾਰਾਂ ਦੇ ਵਹਿਮ-ਭਰਮ ਮੰਨੇ ਜਾਂਦੇ ਹਨ, ਇਹ ਸਭ ਉਸ ਇਕ ਪਰਿਪੂਰਣ ਪ੍ਰਭੂ ਦੀ ਮਾਨਤਾ ਵਿਚ ਵੰਡੀਆਂ ਪਾਉਣ ਵਾਲੇ ਦੂਈ-ਦ੍ਵੈਤ ਪੈਦਾ ਕਰਨ ਵਾਲੇ ਵਿਚਾਰ ਹਨ। ਇਨ੍ਹਾਂ ਤੋਂ ਬਚਣ ਦੀ ਸਖਤ ਲੋੜ ਹੈ।

ਅਸਲ ਵਿਚ ਸੱਚ-ਸਰੂਪ ਗੁਰੂ ਦੇ ਬਿਨਾਂ ਉਕਤ ਸੱਚ ਦਾ ਪਤਾ ਨਹੀਂ ਲੱਗਦਾ। ਇਵੇਂ ਪ੍ਰਤੀਤ ਹੁੰਦਾ ਹੈ, ਜਿਵੇਂ ਸਾਰੇ ਪਾਸੇ ਘੁੱਪ ਹਨੇਰਾ ਪਸਰਿਆ ਹੋਇਆ ਹੋਵੇ। ਇਸ ਹਨੇਰੇ ਵਿਚ ਗਿਆਨਵਾਨ ਸੱਚਾ ਗੁਰੂ ਹੀ ਰਾਹ ਵਿਖਾ ਸਕਦਾ ਹੈ।  

ਅਜਿਹੇ ਗੁਰੂ ਦੀ ਸੰਗਤ ਦੀ ਭਾਲ ਦੀ ਬਜਾਏ ਜਿਹੜੇ ਇਨ੍ਹਾਂ ਥਿੱਤਾਂ ਅਤੇ ਵਾਰਾਂ ਆਦਿ ਦੇ ਭਰਮ-ਭੁਲੇਖਿਆਂ ਵਿਚ ਯਕੀਨ ਰਖਦੇ ਹਨ ਤੇ ਇਨ੍ਹਾਂ ਥਿੱਤਾਂ, ਵਾਰਾਂ ਨੂੰ ਪੂਜਦੇ ਹਨ, ਉਹ ਅਸਲ ਵਿਚ ਮੂਰਖ ਹਨ ਤੇ ਅਕਲੋਂ ਥੋਥੇ ਹਨ। ਭਾਵ, ਥਿੱਤਾਂ-ਵਾਰਾਂ ਦੀ ਵਿਚਾਰ ਕਰਨ ਵਾਲੇ ਸਿਆਣੇ ਨਹੀਂ, ਅਗਿਆਨੀ ਲੋਕ ਹਨ।

ਫਿਰ ਨਾਨਕ ਪਦ ਦੀ ਮੁਹਰ ਲਾ ਕੇ ਗੁਰੂ ਸਾਹਿਬ ਦੱਸਦੇ ਹਨ ਕਿ ਥਿੱਤਾਂ-ਵਾਰਾਂ ਦੇ ਵਹਿਮ-ਭਰਮ ਦੇ ਜਾਲ ਦੀ ਸਮਝ ਉਸ ਨੂੰ ਹੀ ਹੁੰਦੀ ਹੈ, ਜਿਹੜਾ ਗਿਆਨਵਾਨ ਗੁਰੂ ਵੱਲ ਮੁਖ ਕਰਕੇ ਸੋਝੀ ਪ੍ਰਾਪਤ ਕਰ ਲੈਂਦਾ ਹੈ। ਭਾਵ, ਗੁਰੂ ਦੀ ਸੰਗਤ ਕੀਤਿਆਂ ਹੀ ਪਤਾ ਲੱਗਦਾ ਹੈ ਕਿ ਥਿੱਤਾਂ-ਵਾਰਾਂ ਦੀ ਮਨੌਤ ਮਹਿਜ਼ ਵਹਿਮ ਭਰਮ ਹੈ।

ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਜਿਸ ਨੂੰ ਗੁਰੂ ਦੀ ਮਿਹਰ ਸਦਕਾ ਪ੍ਰਭੂ ਦੀ ਸੋਝੀ ਹੋ ਜਾਂਦੀ ਹੈ, ਉਹ ਫਿਰ ਥਿੱਤਾਂ-ਵਾਰਾਂ ਦੇ ਸ਼ੁਭ-ਅਸ਼ੁਭ ਜਾਂ ਚੰਗੇ-ਮਾੜੇ ਹੋਣ ਦੀ ਮਨੌਤ ਵਿਚ ਯਕੀਨ ਨਹੀਂ ਕਰਦਾ। ਬਲਕਿ ਉਸ ਦਾ ਯਕੀਨ ਹਮੇਸ਼ਾ ਲਈ ਉਸ ਇਕ ਪ੍ਰਭੂ ਦੇ ਨਾਮ ਵਿਚ ਕਾਇਮ ਰਹਿੰਦਾ ਹੈ। ਫਿਰ ਉਹ ਕਦੇ ਵੀ ਨਾ ਡੋਲਦਾ ਹੈ ਤੇ ਨਾ ਹੀ ਭਟਕਣ ਵਿਚ ਪੈਂਦਾ ਹੈ।

Tags