ਇਸ ਬਾਣੀ ਵਿਚ ਦੱਸਿਆ ਗਿਆ ਹੈ ਕਿ ਇਸ ਸ੍ਰਿਸ਼ਟੀ ਦੀ ਸਾਜਨਾ ਕਰਨ ਵਾਲਾ ਇਕ ਪ੍ਰਭੂ ਹੀ ਹੈ।
ਮਾਇਆ ਵਿਚ ਗਲਤਾਨ ਜੀਵ ਜੰਮਦੇ-ਮਰਦੇ ਰਹਿੰਦੇ ਹਨ।
ਰਹਾਉ ਵਾਲੀ ਤੁਕ ਵਿਚ ਮਸਤਕ ਦੇ ਲੇਖਾਂ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਇਆ ਹੈ। ਜੀਵਾਂ ਦੇ ਕਰਮਾਂ ਦੇ ਅਧਾਰ ’ਤੇ ਪ੍ਰਭੂ ਦੁਆਰਾ ਉਨ੍ਹਾਂ ਦੇ ਲੇਖ ਲਿਖੇ ਜਾਂਦੇ ਹਨ। ਜਿਹੜਾ ਮਨੁਖ ਸੱਚੇ ਗੁਰ-ਸ਼ਬਦ ਨੂੰ ਚਿਤਵਦਾ ਤੇ ਹਿਰਦੇ ਵਿਚ ਵਸਾਉਂਦਾ ਹੈ, ਉਹ ਇਸ ਰਹੱਸ ਨੂੰ ਬੁੱਝ ਲੈਂਦਾ ਹੈ ਕਿ ਸਭ ਕੁਝ ਕਰਨ-ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਉਸ ਮਨੁਖ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ, ਉਸ ਨੂੰ ਕੋਈ ਵੀ ਵਿਕਾਰ ਢਾਹ ਨਹੀਂ ਸਕਦਾ। ਗੁਰ-ਸ਼ਬਦ ਦੀ ਬਰਕਤ ਨਾਲ ਉਹ ਸੰਸਾਰ ਵਿਚ ਵਾਰ-ਵਾਰ ਜੰਮਦਾ-ਮਰਦਾ ਨਹੀਂ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਦੁਖ ਪਾਉਂਦਾ ਹੈ। ਅੰਤ ਵਿਚ ਦੱਸਿਆ ਗਿਆ ਹੈ ਕਿ ਜੋ ਗੁਰ-ਸ਼ਬਦ ਰਾਹੀਂ ਪ੍ਰਭੂ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ, ਉਹ ਪ੍ਰਭੂ ਦੇ ਸੱਚੇ
ਨਾਮ ਵਿਚ ਸਮਾਇਆ ਰਹਿੰਦਾ ਹੈ। ਉਹ ਥਿੱਤ ਜਾਂ ਵਾਰ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਨਹੀਂ ਪੈਂਦਾ। ਉਨ੍ਹਾਂ ਲਈ ਸਾਰੇ ਥਿਤ ਤੇ ਵਾਰ ਸਫਲ ਤੇ ਸੁਹਾਵਣੇ ਹਨ। ਪਰ ਜੋ ਮਨੁਖ
ਗੁਰੂ ਦਾ ਆਸਰਾ ਨਹੀਂ ਲੈਂਦੇ, ਉਹ ਥਿੱਤਾ ਤੇ ਵਾਰਾਂ ਦੇ ਸ਼ੁਭ-ਅਸ਼ੁਭ ਹੋਣ ਦੇ ਭਰਮ ਵਿਚ ਫਸ ਕੇ ਭਟਕਦੇ ਰਹਿੰਦੇ ਹਨ।
ਬਹੁਤੇ ਭੇਖ ਕਰਹਿ ਭੇਖਧਾਰੀ ॥
ਭਵਿ ਭਵਿ ਭਰਮਹਿ ਕਾਚੀ ਸਾਰੀ ॥
ਐਥੈ ਸੁਖੁ ਨ ਆਗੈ ਹੋਇ ॥
ਮਨਮੁਖ ਮੁਏ ਅਪਣਾ ਜਨਮੁ ਖੋਇ ॥
ਸਤਿਗੁਰੁ ਸੇਵੇ ਭਰਮੁ ਚੁਕਾਏ ॥
ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥
-ਗੁਰੂ ਗ੍ਰੰਥ ਸਾਹਿਬ ੮੪੨-੮੪੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਆਪਣੇ ਜੀਵਨ ਵਿਚ ਸੱਚ ਨੂੰ ਸਮਰਪਿਤ ਨਹੀਂ ਹੁੰਦੇ, ਉਨ੍ਹਾਂ ਨੂੰ ਆਪਣੇ ਅੰਦਰਲੇ ਝੂਠ-ਫਰੇਬ ਨੂੰ ਲੁਕਾਉਣ ਲਈ ਕਈ ਤਰ੍ਹਾਂ ਦੇ ਪਹਿਰਾਵਿਆਂ ਦਾ ਸਹਾਰਾ ਲੈਣਾ ਪੈਂਦਾ ਹੈ। ਭਾਵ, ਉਨ੍ਹਾਂ ਨੂੰ ਅਜਿਹੇ ਪਰਦੇ ਪਾਉਣੇ ਪੈਂਦੇ ਹਨ ਕਿ ਉਨ੍ਹਾਂ ਦੇ ਅੰਦਰੂਨੀ ਦੰਭ ਦਾ ਕਿਸੇ ਨੂੰ ਪਤਾ ਨਾ ਲੱਗ ਸਕੇ।
ਜਿਵੇਂ ਕੱਚੀ ਨਰਦ ਨੂੰ ਸੁਰੱਖਿਅਤ ਸਥਾਨ ’ਤੇ ਪੁੱਜਣ ਤੋਂ ਪਹਿਲਾਂ, ਮੁੜ-ਮੁੜ ਅੱਗੇ ਤੋਰਨਾ ਪੈਂਦਾ ਹੈ ਤੇ ਹਰ ਵਾਰੀ ਉਸ ਦੇ ਹਾਰ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ, ਇਸੇ ਤਰ੍ਹਾਂ ਭਰਮ ਦੇ ਸ਼ਿਕਾਰ ਲੋਕ ਮੁੜ-ਮੁੜ ਕੇ ਸਫਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਹ ਹਰ ਵਾਰੀ ਨਾਕਾਮ ਰਹਿੰਦੇ ਹਨ, ਕਿਉਂਕਿ ਉਹ ਅੰਦਰੋਂ ਸੱਚੇ ਨਹੀਂ ਹੁੰਦੇ। ਉਹ ਲੋਕ ਆਪਣੇ ਅੰਦਰਲੇ ਝੂਠ ਕਾਰਣ ਭਟਕਣ ਵਿਚ ਹੀ ਪਏ ਰਹਿੰਦੇ ਹਨ।
ਅਜਿਹੇ ਮਨਮਤੀਏ ਤੇ ਝੂਠੇ ਲੋਕਾਂ ਨੂੰ ਕਦੇ ਵੀ ਸੁਖ ਤੇ ਅਰਾਮ ਨਹੀਂ ਮਿਲਦਾ। ਉਨ੍ਹਾਂ ਨੂੰ ਆਪਣੇ ਇਸ ਜੀਵਨ ਵਿਚ ਵੀ ਸੁਖ ਨਹੀਂ ਮਿਲਦਾ ਤੇ ਨਾ ਹੀ ਅੱਗੇ ਸੁਖ ਦੀ ਕੋਈ ਉਮੀਦ ਰਹਿੰਦੀ ਹੈ। ਇਥੇ ਅੱਗੇ ਦਾ ਸੰਕੇਤ ਅਗਲੇ ਜਨਮ ਅਤੇ ਜੀਵਨ ਵੱਲ ਹੈ। ਪਰ ਇਥੇ ਇਸ ਮਨੌਤ ਨੂੰ ਮੁਹਾਵਰੇ ਵਜੋਂ ਸਮਝਣਾ ਚਾਹੀਦਾ ਹੈ। ਇਸ ਮਨੌਤ ਦਾ ਅਰਥ ਸਿਰਫ ਇਹ ਪ੍ਰਗਟਾਉਣਾ ਹੈ ਕਿ ਮਨਮਤੀਏ ਲੋਕਾਂ ਨੂੰ ਕਦੇ ਵੀ ਸੁਖ ਪ੍ਰਾਪਤ ਨਹੀਂ ਹੁੰਦਾ।
ਫਿਰ ਦੱਸਿਆ ਗਿਆ ਹੈ ਕਿ ਪ੍ਰਭੂ ਦੇ ਹੁਕਮ ਦੀ ਬਜਾਏ ਆਪਣੇ ਮਨ ਮਗਰ ਲੱਗੇ ਹੋਏ ਲੋਕ ਆਪਣਾ ਜਨਮ ਭਾਵ, ਸਾਰਾ ਜੀਵਨ ਵਿਅਰਥ ਬਤੀਤ ਕਰਕੇ ਮਰ ਮੁੱਕ ਜਾਂਦੇ ਹਨ। ਉਨ੍ਹਾਂ ਦਾ ਜੀਵਨ ਸਫਲ ਜੀਵਨ ਨਹੀਂ ਹੁੰਦਾ।
ਆਪਣੇ ਮਨ ਦੀ ਮੱਤ ਦਾ ਤਿਆਗ ਕਰਕੇ ਸੱਚੇ ਗਿਆਨਵਾਨ ਗੁਰੂ ਦੀ ਸਿੱਖਿਆ ਨੂੰ ਚੇਤੇ ਵਿਚ ਵਸਾ ਕੇ ਤੇ ਅਮਲ ਵਿਚ ਲਿਆ ਕੇ ਹੀ ਜੀਵਨ ਦੇ ਸਾਰੇ ਵਹਿਮ-ਭਰਮ ਦੂਰ ਹੁੰਦੇ ਹਨ। ਭਾਵ, ਅਗਿਆਨ ਕਾਰਣ ਬਣਾਏ ਹੋਏ ਝੂਠੇ ਅਤੇ ਨਿਕੰਮੇ ਵਿਸ਼ਵਾਸ਼ ਖਤਮ ਹੋ ਜਾਂਦੇ ਹਨ ਤੇ ਸੱਚ ਦਾ ਗਿਆਨ ਹੋ ਜਾਂਦਾ ਹੈ।
ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਦਿਨ ਦੇ ਸ਼ੁਭ-ਅਸ਼ੁਭ ਦੀ ਮਾਨਤਾ ਦੇ ਵਹਿਮ-ਭਰਮ ਵਰਗੇ, ਝੂਠ ਅਧਾਰਤ ਜੀਵਨ-ਜਾਚ ਦਾ ਤਿਆਗ ਕਰਨ ਵਾਲੇ ਲੋਕ ਆਪਣੇ ਹਿਰਦੇ ਅੰਦਰ ਹੀ ਸੱਚ-ਸਰੂਪ ਪ੍ਰਭੂ ਦਾ ਟਿਕਾਣਾ ਲੱਭ ਲੈਂਦੇ ਹਨ। ਭਾਵ, ਉਨ੍ਹਾਂ ਨੂੰ ਸੱਚ ਦੀ ਪ੍ਰਾਪਤੀ ਲਈ ਕਿਤੇ ਹੋਰ, ਬਾਹਰ ਜਾਂ ਦੂਰ ਜਾਣ ਦੀ ਲੋੜ ਨਹੀਂ ਪੈਂਦੀ। ਕਿਉਂਕਿ ਸੱਚ ਉਨ੍ਹਾਂ ਦੇ ਹਿਰਦੇ ਅੰਦਰ ਹੀ ਵਸ ਜਾਂਦਾ ਹੈ ਜਾਂ ਉਨ੍ਹਾਂ ਦੇ ਜੀਵਨ ਵਿਚ ਸਮਾ ਜਾਂਦਾ ਹੈ।