ਇਹ ਬਾਣੀ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਦੁਆਰਾ ਹਫਤੇ ਦੇ ਸੱਤ ਦਿਨਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਐਤਵਾਰ ਦੁਆਰਾ ਗੁਰੂ ਸਾਹਿਬ ਨੇ ਪ੍ਰਭੂ ਦੇ
ਨਾਮ ਨੂੰ ਜਪਣ ਦੀ ਪ੍ਰੇਰਨਾ ਦਿੱਤੀ ਹੈ। ਸੋਮਵਾਰ ਦੁਆਰਾ ਦੱਸਿਆ ਹੈ ਕਿ ਇਹ ਨਾਮ
ਗੁਰੂ ਦੇ
ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ, ਇਸੇ ਸਦਕਾ ਹੀ ਵਿਆਪਕ ਪ੍ਰਭੂ ਦਾ ਅਨੁਭਵ ਹੁੰਦਾ ਹੈ। ਮੰਗਲਵਾਰ ਦੁਆਰਾ ਦੱਸਿਆ ਗਿਆ ਹੈ ਕਿ
ਮਾਇਆ ਦਾ ਮੋਹ ਪੈਦਾ ਕਰਨ ਵਾਲਾ ਅਤੇ ਗੁਰ-ਸ਼ਬਦ ਦੁਆਰਾ ਆਪਣੀ ਸੋਝੀ ਬਖਸ਼ਣ ਵਾਲਾ ਪ੍ਰਭੂ ਆਪ ਹੀ ਹੈ। ਬੁੱਧਵਾਰ ਦੁਆਰਾ ਪਾਤਸ਼ਾਹ ਦੱਸਦੇ ਹਨ ਕਿ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਨਾਮ ਵਿਚ ਲਿਵਲੀਨ ਹੋ ਕੇ ਜੀਵ ਸਦੀਵੀ ਤੌਰ ’ਤੇ ਸੋਭਨੀਕ ਹੋ ਸਕਦਾ ਹੈ। ਵੀਰਵਾਰ ਦੁਆਰਾ ਦੱਸਿਆ ਗਿਆ ਕਿ ਸਾਰੇ ਜੀਵ ਪ੍ਰਭੂ ਨੇ ਹੀ ਪੈਦਾ ਕੀਤੇ ਹਨ ਅਤੇ ਉਹ ਪ੍ਰਭੂ ਦੇ ਹੀ ਓਟ-ਆਸਰੇ ਹਨ। ਸ਼ੁੱਕਰਵਾਰ ਦੁਆਰਾ ਸੋਝੀ ਦਿੱਤੀ ਗਈ ਹੈ ਕਿ ਪ੍ਰਭੂ ਦੇ ਨਾਮ ਨੂੰ ਭੁਲਾ ਕੇ ਵਰਤ ਰਖਣੇ, ਰੋਜਾਨਾ ਆਪਣੇ ਇਸ਼ਟ-ਦੇਵ ਦੀ ਪੂਜਾ ਕਰਨੀ ਆਦਿ ਸਾਰੇ ਕਰਮ ਮਾਇਆ ਦੇ ਮੋਹ ਵਿਚ ਹੀ ਪਾਉਣ ਵਾਲੇ ਹਨ। ਸ਼ਨੀਵਾਰ ਦੁਆਰਾ ਪਾਤਸ਼ਾਹ ਦੱਸਦੇ ਹਨ ਕਿ ਮਨਮੁਖ ਸਗਨ-ਅਪਸਗਨ ਆਦਿ ਦੀ ਵਿਚਾਰ ਕਰਨ ਕਰਕੇ ਹਉਮੈ ਦੇ ਭਾਵ ਵਿਚ ਭਟਕਦੇ ਰਹਿੰਦੇ ਹਨ। ਅੰਤ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਮਨੁਖ ਸੱਚੇ ਗੁਰ-ਸ਼ਬਦ ਦਾ ਚਿੰਤਨ ਕਰਦੇ ਹਨ, ਉਹ ਪ੍ਰਭੂ ਦੇ ਰੰਗ ਵਿਚ ਰੰਗੇ ਰਹਿੰਦੇ ਹਨ।
ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥
ਆਪਿ ਉਪਾਇ ਸਭ ਕੀਮਤਿ ਪਾਈ ॥
ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥
ਸਚੁ ਸੰਜਮੁ ਕਰਣੀ ਹੈ ਕਾਰ ॥
ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥
ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥
-ਗੁਰੂ ਗ੍ਰੰਥ ਸਾਹਿਬ ੮੪੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੇ ਪਦੇ ਦੀ ਵਿਚਾਰ ਨੂੰ ਹੀ ਅੱਗੇ ਤੋਰਦੇ ਹੋਏ ਸ਼ੁੱਕਰਵਾਰ ਦੇ ਹਵਾਲੇ ਨਾਲ ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਕਣ-ਕਣ ਵਿਚ ਸਮਾਇਆ ਹੋਇਆ ਹੈ। ਉਸ ਕਰਤੇ ਪ੍ਰਭੂ ਤੇ ਉਸ ਦੀ ਕਿਰਤ, ਕੁਦਰਤ ਵਿਚ ਕੋਈ ਭਿੰਨਤਾ ਨਹੀਂ ਹੈ।
ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਬਣਾਇਆ ਹੈ। ਸਭ ਕਾਸੇ ਦਾ ਕਰਤਾ ਉਹ ਹੀ ਹੈ। ਆਪਣੀ ਬਣਾਈ ਹੋਈ ਸ੍ਰਿਸ਼ਟੀ ਦੀ ਕੀਮਤ ਜਾਂ ਇਸ ਦੀ ਅਸਲੀਅਤ ਉਹ ਆਪ ਹੀ ਜਾਣਦਾ ਹੈ। ਇਸ ਦਾ ਭਾਵ ਹੈ, ਇਸ ਸ੍ਰਿਸ਼ਟੀ ਦੀ ਕੀਮਤ ਜਾਂ ਅਸਲੀਅਤ ਨਾ ਕੋਈ ਹੋਰ ਜਾਣਦਾ ਹੈ ਤੇ ਨਾ ਹੀ ਜਾਣ ਸਕਦਾ ਹੈ।
ਉਸ ਕਰਤੇ ਪ੍ਰਭੂ ਤੇ ਉਸ ਦੀ ਕਿਰਤ ਦੇ ਆਪਸੀ ਸੰਬੰਧ ਬਾਰੇ ਉਹੀ ਵਿਚਾਰ ਕਰਦਾ ਜਾਂ ਕਰ ਸਕਦਾ ਹੈ, ਜਿਹੜਾ ਗਿਆਨ ਦੇ ਮੁਜੱਸਮੇ ਗੁਰੂ ਦੀ ਸੰਗਤ ਵਿਚ ਚਲਿਆ ਜਾਵੇ। ਭਾਵ, ਉਸ ਕਾਦਰ ਅਤੇ ਕੁਦਰਤ ਦੀ ਵਿਚਾਰ ਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਵਾਲਾ ਕਰ ਸਕਦਾ ਹੈ।
ਫਿਰ ਅਜਿਹੀ ਵਿਚਾਰ ਕਰਨ ਵਾਲੇ ਦੀ ਨਿਸ਼ਾਨੀ ਦੱਸੀ ਗਈ ਹੈ ਕਿ ਗੁਰੂ ਦੀ ਸਿੱਖਿਆ ਅਨੁਸਾਰ ਕਾਦਰ ਅਤੇ ਕੁਦਰਤ ਦੀ ਵਿਚਾਰ ਕਰਨ ਵਾਲੇ ਦਾ ਜੀਵਨ ਸੱਚ ’ਤੇ ਅਧਾਰਤ ਹੁੰਦਾ ਹੈ। ਇਸ ਕਰਕੇ ਉਹ ਸੰਜਮੀ ਜੀਵਨ ਬਤੀਤ ਕਰਦਾ ਹੈ। ਭਾਵ, ਸੱਚ ਅਤੇ ਸੰਜਮ ਦਾ ਅਭਿਆਸ ਹੀ ਉਸ ਦੀ ਕਿਰਤ ਬਣ ਜਾਂਦਾ ਹੈ ਜਾਂ ਉਸ ਦੀ ਕਿਰਤ ਸੱਚ ਅਤੇ ਸੰਜਮ ਦਾ ਅਭਿਆਸ ਹੀ ਹੁੰਦੀ ਹੈ।
ਉੱਪਰ ਦੱਸੇ ਅਨੁਸਾਰ ਗੁਰੂ ਦੇ ਲੜ ਲੱਗੇ ਹੋਏ ਵਿਚਾਰਵਾਨ ਦਾ ਸੱਚ ਅਧਾਰਤ ਸੰਜਮੀ ਜੀਵਨ ਹੀ ਉਸ ਦਾ ਪਰਹੇਜ਼, ਮਰਿਆਦਾ, ਉਪਾਸ਼ਨਾ ਅਤੇ ਨਿੱਤਨੇਮ ਹੋ ਜਾਂਦਾ ਹੈ। ਭਾਵ, ਉਸ ਨੂੰ ਹੋਰ ਵਿਸ਼ੇਸ਼ ਜਤਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ।
ਇਸ ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਜਿਹੜਾ ਵੀ ਕੋਈ ਗੁਰੂ ਦੀ ਸਿੱਖਿਆ ਪ੍ਰਾਪਤ ਨਹੀਂ ਕਰਦਾ ਤੇ ਨਾ ਹੀ ਕਾਦਰ ਅਤੇ ਕੁਦਰਤ ਦੀ ਸੋਝੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਦਾ ਸਾਰਾ ਜੀਵਨ ਦੂਜੇ ਬੇਕਾਰ ਫਿਕਰਾਂ ਵਿਚ ਅਜਾਈਂ ਬਤੀਤ ਹੁੰਦਾ ਹੈ।