ਇਹ ਬਾਣੀ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਦੁਆਰਾ ਹਫਤੇ ਦੇ ਸੱਤ ਦਿਨਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਐਤਵਾਰ ਦੁਆਰਾ ਗੁਰੂ ਸਾਹਿਬ ਨੇ ਪ੍ਰਭੂ ਦੇ
ਨਾਮ ਨੂੰ ਜਪਣ ਦੀ ਪ੍ਰੇਰਨਾ ਦਿੱਤੀ ਹੈ। ਸੋਮਵਾਰ ਦੁਆਰਾ ਦੱਸਿਆ ਹੈ ਕਿ ਇਹ ਨਾਮ
ਗੁਰੂ ਦੇ
ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ, ਇਸੇ ਸਦਕਾ ਹੀ ਵਿਆਪਕ ਪ੍ਰਭੂ ਦਾ ਅਨੁਭਵ ਹੁੰਦਾ ਹੈ। ਮੰਗਲਵਾਰ ਦੁਆਰਾ ਦੱਸਿਆ ਗਿਆ ਹੈ ਕਿ
ਮਾਇਆ ਦਾ ਮੋਹ ਪੈਦਾ ਕਰਨ ਵਾਲਾ ਅਤੇ ਗੁਰ-ਸ਼ਬਦ ਦੁਆਰਾ ਆਪਣੀ ਸੋਝੀ ਬਖਸ਼ਣ ਵਾਲਾ ਪ੍ਰਭੂ ਆਪ ਹੀ ਹੈ। ਬੁੱਧਵਾਰ ਦੁਆਰਾ ਪਾਤਸ਼ਾਹ ਦੱਸਦੇ ਹਨ ਕਿ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਨਾਮ ਵਿਚ ਲਿਵਲੀਨ ਹੋ ਕੇ ਜੀਵ ਸਦੀਵੀ ਤੌਰ ’ਤੇ ਸੋਭਨੀਕ ਹੋ ਸਕਦਾ ਹੈ। ਵੀਰਵਾਰ ਦੁਆਰਾ ਦੱਸਿਆ ਗਿਆ ਕਿ ਸਾਰੇ ਜੀਵ ਪ੍ਰਭੂ ਨੇ ਹੀ ਪੈਦਾ ਕੀਤੇ ਹਨ ਅਤੇ ਉਹ ਪ੍ਰਭੂ ਦੇ ਹੀ ਓਟ-ਆਸਰੇ ਹਨ। ਸ਼ੁੱਕਰਵਾਰ ਦੁਆਰਾ ਸੋਝੀ ਦਿੱਤੀ ਗਈ ਹੈ ਕਿ ਪ੍ਰਭੂ ਦੇ ਨਾਮ ਨੂੰ ਭੁਲਾ ਕੇ ਵਰਤ ਰਖਣੇ, ਰੋਜਾਨਾ ਆਪਣੇ ਇਸ਼ਟ-ਦੇਵ ਦੀ ਪੂਜਾ ਕਰਨੀ ਆਦਿ ਸਾਰੇ ਕਰਮ ਮਾਇਆ ਦੇ ਮੋਹ ਵਿਚ ਹੀ ਪਾਉਣ ਵਾਲੇ ਹਨ। ਸ਼ਨੀਵਾਰ ਦੁਆਰਾ ਪਾਤਸ਼ਾਹ ਦੱਸਦੇ ਹਨ ਕਿ ਮਨਮੁਖ ਸਗਨ-ਅਪਸਗਨ ਆਦਿ ਦੀ ਵਿਚਾਰ ਕਰਨ ਕਰਕੇ ਹਉਮੈ ਦੇ ਭਾਵ ਵਿਚ ਭਟਕਦੇ ਰਹਿੰਦੇ ਹਨ। ਅੰਤ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਮਨੁਖ ਸੱਚੇ ਗੁਰ-ਸ਼ਬਦ ਦਾ ਚਿੰਤਨ ਕਰਦੇ ਹਨ, ਉਹ ਪ੍ਰਭੂ ਦੇ ਰੰਗ ਵਿਚ ਰੰਗੇ ਰਹਿੰਦੇ ਹਨ।
ਲਾਹਾ ਨਾਮੁ ਪਾਏ ਗੁਰ ਦੁਆਰਿ ॥
ਆਪੇ ਦੇਵੈ ਦੇਵਣਹਾਰੁ ॥
ਜੋ ਦੇਵੈ ਤਿਸ ਕਉ ਬਲਿ ਜਾਈਐ ॥
ਗੁਰ ਪਰਸਾਦੀ ਆਪੁ ਗਵਾਈਐ ॥
ਨਾਨਕ ਨਾਮੁ ਰਖਹੁ ਉਰ ਧਾਰਿ ॥
ਦੇਵਣਹਾਰੇ ਕਉ ਜੈਕਾਰੁ ॥੫॥
-ਗੁਰੂ ਗ੍ਰੰਥ ਸਾਹਿਬ ੮੪੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੇ ਪਦੇ ਵਿਚ ਦੱਸਿਆ ਗਿਆ ਸੀ ਕਿ ਨਾਮ ਦੇ ਰੰਗ ਵਿਚ ਰੰਗੇ ਹੋਇਆਂ ਨੂੰ ਹੀ ਇੱਜਤ-ਮਾਣ ਮਿਲਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਹ ਨਾਮ ਕਿਨ੍ਹਾਂ ਨੂੰ ਤੇ ਕਿਸ ਤਰ੍ਹਾਂ ਮਿਲਦਾ ਹੈ? ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਗੁਰੂ ਦੇ ਸਨਮੁਖ ਹੋਇਆਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਪਰ ਇਹ ਨਾਮ ਦੀ ਦਾਤ ਪ੍ਰਾਪਤ ਕਰਨਾ ਕਿਸੇ ਦੇ ਆਪਣੇ ਹੱਥ-ਵਸ ਨਹੀਂ ਹੈ। ਬਲਕਿ ਨਾਮ ਦੀ ਦਾਤ ਦੇਣ ਦਾ ਅਧਿਕਾਰੀ ਪ੍ਰਭੂ ਆਪ ਹੈ। ਉਹ ਆਪ ਹੀ ਕਿਸੇ ਨੂੰ ਇਹ ਦਾਤ ਦਿੰਦਾ ਹੈ।
ਜਿਹੜਾ ਨਾਮ ਦੀ ਦਾਤ ਦੇਣ ਵਾਲਾ ਹੈ, ਉਸ ਦੇ ਬਲਿਹਾਰ ਜਾਣਾ ਚਾਹੀਦਾ ਹੈ। ਕਿਸੇ ਮਹਾਨ ਅਤੇ ਬਲਵਾਨ ਹਸਤੀ ਦੇ ਅੱਗੇ ਆਪਣੇ ਬਲ ਨੂੰ ਹਾਰ ਜਾਣ ਨੂੰ ਨਿਮਰ-ਭਾਵ ਵਿਚ ਦੇਖਣਾ ਬਲਿਹਾਰ ਜਾਣਾ ਹੁੰਦਾ ਹੈ।
ਆਪਣੇ ਬਲ ਨੂੰ ਹਾਰ ਜਾਣਾ, ਭਾਵ ਨਿਮਰ-ਭਾਵ ਵਿਚ ਰਹਿਣਾ ਵੀ ਬੇਹੱਦ ਮੁਸ਼ਕਲ ਹੈ। ਆਪਣੇ ਬਲ ਨੂੰ ਹਾਰ ਜਾਣਾ ਅਸਲ ਵਿਚ ਆਪਣੇ-ਆਪੇ ਨੂੰ ਤਿਆਗ ਦੇਣਾ ਹੀ ਹੈ। ਆਪਣੇ-ਆਪ ਨੂੰ ਤਿਆਗ ਦੇਣ ਜਾਂ ਤਜ ਦੇਣ ਦੀ ਅਵਸਥਾ ਤਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜੇ ਗੁਰੂ ਮਿਹਰ ਕਰ ਦੇਵੇ। ਭਾਵ, ਗੁਰੂ ਹੀ ਸਿੱਖਿਆ ਦਿੰਦਾ ਹੈ ਕਿ ਆਪਣੇ-ਆਪ ਨੂੰ ਨਿਮਰ-ਭਾਵ ਵਿਚ ਕਿਸ ਤਰ੍ਹਾਂ ਰਖਣਾ ਹੈ।
ਫਿਰ ਨਾਨਕ ਪਦ ਦੀ ਮੁਹਰ ਲਾ ਕੇ ਪਾਤਸ਼ਾਹ ਦੱਸਦੇ ਹਨ ਕਿ ਉੱਪਰ ਦੱਸਿਆ ਬਲਿਹਾਰ ਜਾਣ ਜਾਂ ਨਿਮਰ-ਭਾਵ ਵਿਚ ਰਹਿਣ ਲਈ ਪ੍ਰਭੂ ਦੇ ਨਾਮ ਵਿਚ ਅਟੱਲ ਵਿਸ਼ਵਾਸ ਰਖਣ ਦੀ ਲੋੜ ਹੈ। ਦਿਲ ਵਿਚ ਪ੍ਰਭੂ ਦੀ ਯਾਦ ਹੋਵੇ ਤਾਂ ਆਪਾ-ਭਾਵ ਆਪਣੇ ਆਪ ਮਿਟ ਜਾਂਦਾ ਹੈ।
ਇਸ ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਜਿਸ ਦੀ ਮਿਹਰ ਸਦਕਾ ਮਨੁਖ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਉਸ ਮਿਹਰਬਾਨ ਪ੍ਰਭੂ ਦੀ ਵਡਿਆਈ ਲਈ ਹਮੇਸ਼ਾ ਸ਼ੁਭ-ਚਿੰਤਨ ਕਰਦੇ ਰਹਿਣਾ ਚਾਹੀਦਾ ਹੈ। ਕਿਉਂਕਿ ਉਸ ਦੀ ਵਡਿਆਈ ਵਿਚ ਹੀ ਸਭ ਦੀ ਵਡਿਆਈ ਛੁਪੀ ਹੁੰਦੀ ਹੈ।