ਇਹ ਬਾਣੀ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਦੁਆਰਾ ਹਫਤੇ ਦੇ ਸੱਤ ਦਿਨਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਐਤਵਾਰ ਦੁਆਰਾ ਗੁਰੂ ਸਾਹਿਬ ਨੇ ਪ੍ਰਭੂ ਦੇ
ਨਾਮ ਨੂੰ ਜਪਣ ਦੀ ਪ੍ਰੇਰਨਾ ਦਿੱਤੀ ਹੈ। ਸੋਮਵਾਰ ਦੁਆਰਾ ਦੱਸਿਆ ਹੈ ਕਿ ਇਹ ਨਾਮ
ਗੁਰੂ ਦੇ
ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ, ਇਸੇ ਸਦਕਾ ਹੀ ਵਿਆਪਕ ਪ੍ਰਭੂ ਦਾ ਅਨੁਭਵ ਹੁੰਦਾ ਹੈ। ਮੰਗਲਵਾਰ ਦੁਆਰਾ ਦੱਸਿਆ ਗਿਆ ਹੈ ਕਿ
ਮਾਇਆ ਦਾ ਮੋਹ ਪੈਦਾ ਕਰਨ ਵਾਲਾ ਅਤੇ ਗੁਰ-ਸ਼ਬਦ ਦੁਆਰਾ ਆਪਣੀ ਸੋਝੀ ਬਖਸ਼ਣ ਵਾਲਾ ਪ੍ਰਭੂ ਆਪ ਹੀ ਹੈ। ਬੁੱਧਵਾਰ ਦੁਆਰਾ ਪਾਤਸ਼ਾਹ ਦੱਸਦੇ ਹਨ ਕਿ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਨਾਮ ਵਿਚ ਲਿਵਲੀਨ ਹੋ ਕੇ ਜੀਵ ਸਦੀਵੀ ਤੌਰ ’ਤੇ ਸੋਭਨੀਕ ਹੋ ਸਕਦਾ ਹੈ। ਵੀਰਵਾਰ ਦੁਆਰਾ ਦੱਸਿਆ ਗਿਆ ਕਿ ਸਾਰੇ ਜੀਵ ਪ੍ਰਭੂ ਨੇ ਹੀ ਪੈਦਾ ਕੀਤੇ ਹਨ ਅਤੇ ਉਹ ਪ੍ਰਭੂ ਦੇ ਹੀ ਓਟ-ਆਸਰੇ ਹਨ। ਸ਼ੁੱਕਰਵਾਰ ਦੁਆਰਾ ਸੋਝੀ ਦਿੱਤੀ ਗਈ ਹੈ ਕਿ ਪ੍ਰਭੂ ਦੇ ਨਾਮ ਨੂੰ ਭੁਲਾ ਕੇ ਵਰਤ ਰਖਣੇ, ਰੋਜਾਨਾ ਆਪਣੇ ਇਸ਼ਟ-ਦੇਵ ਦੀ ਪੂਜਾ ਕਰਨੀ ਆਦਿ ਸਾਰੇ ਕਰਮ ਮਾਇਆ ਦੇ ਮੋਹ ਵਿਚ ਹੀ ਪਾਉਣ ਵਾਲੇ ਹਨ। ਸ਼ਨੀਵਾਰ ਦੁਆਰਾ ਪਾਤਸ਼ਾਹ ਦੱਸਦੇ ਹਨ ਕਿ ਮਨਮੁਖ ਸਗਨ-ਅਪਸਗਨ ਆਦਿ ਦੀ ਵਿਚਾਰ ਕਰਨ ਕਰਕੇ ਹਉਮੈ ਦੇ ਭਾਵ ਵਿਚ ਭਟਕਦੇ ਰਹਿੰਦੇ ਹਨ। ਅੰਤ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਮਨੁਖ ਸੱਚੇ ਗੁਰ-ਸ਼ਬਦ ਦਾ ਚਿੰਤਨ ਕਰਦੇ ਹਨ, ਉਹ ਪ੍ਰਭੂ ਦੇ ਰੰਗ ਵਿਚ ਰੰਗੇ ਰਹਿੰਦੇ ਹਨ।
ਸੋਮਵਾਰਿ ਸਚਿ ਰਹਿਆ ਸਮਾਇ ॥
ਤਿਸ ਕੀ ਕੀਮਤਿ ਕਹੀ ਨ ਜਾਇ ॥
ਆਖਿ ਆਖਿ ਰਹੇ ਸਭਿ ਲਿਵ ਲਾਇ ॥
ਜਿਸੁ ਦੇਵੈ ਤਿਸੁ ਪਲੈ ਪਾਇ ॥
ਅਗਮ ਅਗੋਚਰੁ ਲਖਿਆ ਨ ਜਾਇ ॥
ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥
-ਗੁਰੂ ਗ੍ਰੰਥ ਸਾਹਿਬ ੮੪੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਹਫਤੇ ਦੇ ਦਿਨ ਸੋਮਵਾਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸੱਚ ਵਿਚ ਸਮਾਇਆ ਹੋਇਆ ਹੈ। ਕੀ ਸਮਾਇਆ ਹੋਇਆ ਹੈ? ਇਸ ਦਾ ਜਵਾਬ ਅਗਲੀ ਤੁਕ ਵਿਚੋਂ ਮਿਲਦਾ ਹੈ ਕਿ ਜਿਸ ਦੀ ਕੀਮਤ ਦੱਸੀ ਹੀ ਨਹੀਂ ਜਾ ਸਕਦੀ। ਜਿਸ ਦੀ ਕੀਮਤ ਨਹੀਂ ਦੱਸੀ ਜਾ ਸਕਦੀ ਉਹ ਪਰਮ ਹਸਤੀ ਪ੍ਰਭੂ ਦੇ ਬਗੈਰ ਕੋਈ ਹੋਰ ਨਹੀਂ ਹੈ। ਇਸ ਲਈ ਉਹ ਪ੍ਰਭੂ ਹੀ ਹੈ, ਜੋ ਸੱਚ ਵਿਚ ਸਮਾਇਆ ਹੋਇਆ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਪ੍ਰਭੂ ਨੂੰ ਸੱਚ ਵਿਚੋਂ, ਭਾਵ ਉਸ ਦੇ ਸੱਚੇ ਨਾਮ ਰਾਹੀਂ ਹੀ ਲੱਭਿਆ ਜਾ ਸਕਦਾ ਹੈ। ਉਸ ਦੇ ਸੱਚੇ ਨਾਮ ਨੂੰ ਸਿਮਰ ਕੇ, ਸੱਚ ਨੂੰ ਅਪਣਾ ਕੇ ਹੀ ਉਸ ਨੂੰ ਅਪਣਾਇਆ ਜਾ ਸਕਦਾ ਹੈ।
ਫਿਰ ਦੱਸਿਆ ਗਿਆ ਹੈ ਕਿ ਮੂੰਹੋਂ ਬੋਲ-ਬੋਲ ਕੇ ਸਾਰੇ ਹੀ ਉਸ ਪ੍ਰਭੂ ਨਾਲ ਲਿਵ ਲਾਉਣ ਦੀ ਵਿਅਰਥ ਕੋਸ਼ਿਸ਼ ਕਰਦੇ ਰਹੇ ਹਨ। ਭਾਵ, ਉਸ ਨੂੰ ਪ੍ਰਾਪਤ ਕਰਨ ਦਾ ਜਤਨ ਕਰਦੇ ਰਹੇ ਹਨ। ਪਰ, ਉਸ ਦੇ ਨਾਲ ਸਿਰਫ ਕਹਿ-ਸੁਣ ਕੇ ਲਿਵ ਨਹੀਂ ਲੱਗਦੀ। ਬਲਕਿ ਉਸ ਨੂੰ ਪ੍ਰਾਪਤ ਕਰਨ ਲਈ ਸੱਚ ਅਪਣਾਉਣਾ ਤੇ ਕਮਾਉਣਾ ਪੈਂਦਾ ਹੈ।
ਪਰ ਸੱਚ ਵੀ ਉਸ ਨੂੰ ਹੀ ਮਿਲਦਾ ਹੈ, ਜਿਸ ਨੂੰ ਗੁਰ-ਸ਼ਬਦ ਰਾਹੀਂ ਪ੍ਰਭੂ ਆਪ ਸੋਝੀ ਬਖਸ਼ ਦੇਵੇ। ਭਾਵ, ਪ੍ਰਭੂ ਦੀ ਮਰਜੀ ਦੇ ਬਿਨਾਂ ਸੱਚ ਨਾਲ ਵੀ ਜੁੜਿਆ ਨਹੀਂ ਜਾ ਸਕਦਾ। ਕਿਉਂਕਿ ਪ੍ਰਭੂ ਦੇ ਹੁਕਮ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ।
ਫਿਰ ਸਮੱਸਿਆ ਇਹ ਹੈ ਕਿ ਪ੍ਰਭੂ ਅਪਹੁੰਚ ਹੈ। ਉਸ ਦੀ ਹੱਦ ਬੰਦੀ ਵੀ ਕੋਈ ਨਹੀਂ ਹੈ। ਇਸ ਦੇ ਇਲਾਵਾ ਉਸ ਦੀ ਕੋਈ ਨਿਸ਼ਾਨੀ ਵੀ ਨਹੀਂ ਹੈ, ਜਿਸ ਨਾਲ ਉਸ ਨੂੰ ਜਾਣਿਆ ਤੇ ਪਛਾਣਿਆਂ ਜਾ ਸਕੇ।
ਅਖੀਰ ਵਿਚ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਪ੍ਰਭੂ ਸੱਚ ਵਿਚ ਸਮਾਇਆ ਹੋਇਆ ਹੈ, ਐਨ੍ਹ ਉਸੇ ਤਰ੍ਹਾਂ ਸੱਚ ਵੀ ਗੁਰੂ ਦੇ ਮਨੋਹਰ ਬਚਨਾਂ ਵਿਚ ਸਮਾਇਆ ਹੋਇਆ ਹੈ। ਭਾਵ, ਗੁਰੂ ਦਾ ਸ਼ਬਦ ਹੀ ਉਹ ਸੱਚ ਹੈ, ਜਿਸ ਵਿਚ ਪ੍ਰਭੂ ਸਮਾਇਆ ਹੋਇਆ ਹੈ। ਇਸ ਲਈ ਪ੍ਰਭੂ ਨੂੰ ਮਿਲਣ ਜਾਂ ਪ੍ਰਾਪਤ ਕਰਨ ਲਈ ਗੁਰੂ ਦੇ ਸੱਚ-ਸਰੂਪ ਸ਼ਬਦ ਜਾਂ ਸ਼ਬਦ-ਰੂਪ ਸੱਚ ਨੂੰ ਆਪਣੇ ਅਮਲ ਵਿਚ ਉਤਾਰਨਾ ਪਵੇਗਾ। ਇਸ ਤਰ੍ਹਾਂ ਹੀ ਪ੍ਰਭੂ ਨੂੰ ਮਿਲਿਆ ਜਾ ਸਕਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ, ਮੂਲ ਮੰਤਰ ਉਪਰੰਤ ਜਪੁ ਬਾਣੀ ਦੇ ਪਹਿਲੇ ਸਲੋਕ ਵਿਚ ਪ੍ਰਭੂ ਨੂੰ ਸੱਚ ਕਿਹਾ ਗਿਆ ਹੈ, ਜੋ ਆਦਿ ਅਤੇ ਜੁਗਾਦਿ ਤੋਂ ਲੈ ਕੇ, ਹੈ ਅਤੇ ਹੋਸੀ ਤਕ ਫੈਲਿਆ ਹੋਇਆ ਹੈ। ਇਸ ਸੱਚ ਵਿਚ ਹੀ ਪ੍ਰਭੂ ਸਮਾਇਆ ਹੋਇਆ ਹੈ। ਜਦ ਕੋਈ ਪ੍ਰਭੂ ਦੇ ਅਹਿਸਾਸ ਨੂੰ ਪ੍ਰਾਪਤ ਕਰ ਲਵੇ ਤਾਂ ਪਤਾ ਲੱਗਦਾ ਹੈ ਕਿ ਸੱਚ ਅਤੇ ਪ੍ਰਭੂ ਆਪਸ ਵਿਚ ਅਭੇਦ ਹਨ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਸੱਚ ਕਿਹਾ ਹੈ।