ਇਹ ਬਾਣੀ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਦੁਆਰਾ ਹਫਤੇ ਦੇ ਸੱਤ ਦਿਨਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਐਤਵਾਰ ਦੁਆਰਾ ਗੁਰੂ ਸਾਹਿਬ ਨੇ ਪ੍ਰਭੂ ਦੇ
ਨਾਮ ਨੂੰ ਜਪਣ ਦੀ ਪ੍ਰੇਰਨਾ ਦਿੱਤੀ ਹੈ। ਸੋਮਵਾਰ ਦੁਆਰਾ ਦੱਸਿਆ ਹੈ ਕਿ ਇਹ ਨਾਮ
ਗੁਰੂ ਦੇ
ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ, ਇਸੇ ਸਦਕਾ ਹੀ ਵਿਆਪਕ ਪ੍ਰਭੂ ਦਾ ਅਨੁਭਵ ਹੁੰਦਾ ਹੈ। ਮੰਗਲਵਾਰ ਦੁਆਰਾ ਦੱਸਿਆ ਗਿਆ ਹੈ ਕਿ
ਮਾਇਆ ਦਾ ਮੋਹ ਪੈਦਾ ਕਰਨ ਵਾਲਾ ਅਤੇ ਗੁਰ-ਸ਼ਬਦ ਦੁਆਰਾ ਆਪਣੀ ਸੋਝੀ ਬਖਸ਼ਣ ਵਾਲਾ ਪ੍ਰਭੂ ਆਪ ਹੀ ਹੈ। ਬੁੱਧਵਾਰ ਦੁਆਰਾ ਪਾਤਸ਼ਾਹ ਦੱਸਦੇ ਹਨ ਕਿ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਨਾਮ ਵਿਚ ਲਿਵਲੀਨ ਹੋ ਕੇ ਜੀਵ ਸਦੀਵੀ ਤੌਰ ’ਤੇ ਸੋਭਨੀਕ ਹੋ ਸਕਦਾ ਹੈ। ਵੀਰਵਾਰ ਦੁਆਰਾ ਦੱਸਿਆ ਗਿਆ ਕਿ ਸਾਰੇ ਜੀਵ ਪ੍ਰਭੂ ਨੇ ਹੀ ਪੈਦਾ ਕੀਤੇ ਹਨ ਅਤੇ ਉਹ ਪ੍ਰਭੂ ਦੇ ਹੀ ਓਟ-ਆਸਰੇ ਹਨ। ਸ਼ੁੱਕਰਵਾਰ ਦੁਆਰਾ ਸੋਝੀ ਦਿੱਤੀ ਗਈ ਹੈ ਕਿ ਪ੍ਰਭੂ ਦੇ ਨਾਮ ਨੂੰ ਭੁਲਾ ਕੇ ਵਰਤ ਰਖਣੇ, ਰੋਜਾਨਾ ਆਪਣੇ ਇਸ਼ਟ-ਦੇਵ ਦੀ ਪੂਜਾ ਕਰਨੀ ਆਦਿ ਸਾਰੇ ਕਰਮ ਮਾਇਆ ਦੇ ਮੋਹ ਵਿਚ ਹੀ ਪਾਉਣ ਵਾਲੇ ਹਨ। ਸ਼ਨੀਵਾਰ ਦੁਆਰਾ ਪਾਤਸ਼ਾਹ ਦੱਸਦੇ ਹਨ ਕਿ ਮਨਮੁਖ ਸਗਨ-ਅਪਸਗਨ ਆਦਿ ਦੀ ਵਿਚਾਰ ਕਰਨ ਕਰਕੇ ਹਉਮੈ ਦੇ ਭਾਵ ਵਿਚ ਭਟਕਦੇ ਰਹਿੰਦੇ ਹਨ। ਅੰਤ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਮਨੁਖ ਸੱਚੇ ਗੁਰ-ਸ਼ਬਦ ਦਾ ਚਿੰਤਨ ਕਰਦੇ ਹਨ, ਉਹ ਪ੍ਰਭੂ ਦੇ ਰੰਗ ਵਿਚ ਰੰਗੇ ਰਹਿੰਦੇ ਹਨ।
ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦
ੴ ਸਤਿਗੁਰ ਪ੍ਰਸਾਦਿ ॥
ਆਦਿਤਵਾਰਿ ਆਦਿ ਪੁਰਖੁ ਹੈ ਸੋਈ ॥
ਆਪੇ ਵਰਤੈ ਅਵਰੁ ਨ ਕੋਈ ॥
ਓਤਿਪੋਤਿ ਜਗੁ ਰਹਿਆ ਪਰੋਈ ॥
ਆਪੇ ਕਰਤਾ ਕਰੈ ਸੁ ਹੋਈ ॥
ਨਾਮਿ ਰਤੇ ਸਦਾ ਸੁਖੁ ਹੋਈ ॥
ਗੁਰਮੁਖਿ ਵਿਰਲਾ ਬੂਝੈ ਕੋਈ ॥੧॥
ਹਿਰਦੈ ਜਪਨੀ ਜਪਉ ਗੁਣਤਾਸਾ ॥
ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥੧॥ ਰਹਾਉ ॥
-ਗੁਰੂ ਗ੍ਰੰਥ ਸਾਹਿਬ ੮੪੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਆਦਿਤ ਸੂਰਜ ਨੂੰ ਕਹਿੰਦੇ ਹਨ ਤੇ ਐਤਵਾਰ ਨੂੰ ਆਦਿਤਵਾਰ, ਭਾਵ ਸੂਰਜ ਨਾਲ ਸੰਬੰਧਤ ਸਮਝਿਆ ਜਾਂਦਾ ਹੈ। ਸੂਰਜ ਮੰਡਲ ਵਿਚ ਸੂਰਜ ਪ੍ਰਮੁੱਖ ਹੈ, ਜਿਸ ਕਾਰਣ ਇਸ ਮੰਡਲ ਵਿਚ ਜੀਵਨ ਧੜਕਦਾ ਹੈ। ਇਸ ਲਈ ਸੂਰਜ ਦੀ ਪ੍ਰਮੁੱਖਤਾ ਦੇ ਵਿਚਾਰ ਤੋਂ ਗੁਰੂ ਅਮਰਦਾਸ ਸਾਹਿਬ ਦੱਸਦੇ ਹਨ ਕਿ ਸ੍ਰਿਸ਼ਟੀ ਵਿਚ ਸਭ ਤੋਂ ਮੁੱਢਲੀ ਹਸਤੀ ਉਹ ਪਰਮ ਪੁਰਖ ਪ੍ਰਭੂ ਹੀ ਹੈ। ਭਾਵ, ਉਹੀ ਸਭ ਕਾਸੇ ਦਾ ਮੋਢੀ ਹੈ।
ਇਹ ਜੋ ਸ੍ਰਿਸ਼ਟੀ ਦੇ ਰੂਪ ਵਿਚ ਨਜਰ ਆ ਰਿਹਾ ਹੈ, ਇਹ ਵੀ ਉਸ ਪ੍ਰਭੂ ਦੇ ਇਲਾਵਾ ਕੋਈ ਹੋਰ ਨਹੀਂ ਹੈ। ਬਲਕਿ ਇਹ ਵੀ ਉਸ ਦਾ ਹੀ ਵਰਤਾਰਾ ਹੈ। ਹਰ ਪਾਸੇ ਉਹੀ ਪ੍ਰਭੂ ਵਰਤ ਰਿਹਾ ਹੈ। ਸਭ ਕੁਝ ਉਸ ਦਾ ਹੀ ਦਿਸਦਾ ਰੂਪ ਹੈ।
ਜਿਵੇਂ ਧਾਗੇ ਨੇ ਤਾਣੇ-ਪੇਟੇ ਵਜੋਂ ਕੱਪੜੇ ਦਾ ਰੂਪ ਧਾਰਣ ਕੀਤਾ ਹੁੰਦਾ ਹੈ, ਇਸੇ ਤਰ੍ਹਾਂ ਇਕ ਪ੍ਰਭੂ ਨੇ ਜਗਤ ਰਚਨਾ ਨੂੰ ਜੋੜਿਆ ਹੋਇਆ ਹੈ। ਜਿਵੇਂ ਕੱਪੜੇ ਵਿਚ ਧਾਗਾ ਇਕ ਹੀ ਹੁੰਦਾ ਹੈ ਇਸੇ ਤਰ੍ਹਾਂ ਪ੍ਰਭੂ ਨੇ ਸ੍ਰਿਸ਼ਟੀ ਦੀ ਅਨੇਕਤਾ ਵਿਚ ਏਕਤਾ ਕਾਇਮ ਕੀਤੀ ਹੋਈ ਹੈ।
ਸਾਰਾ ਵਰਤਾਰਾ ਪ੍ਰਭੂ ਦਾ ਹੀ ਹੈ। ਇਸ ਕਰਕੇ ਜੋ ਕੁਝ ਵੀ ਇਥੇ ਹੁੰਦਾ ਹੈ, ਉਸ ਦਾ ਕਰਤਾ ਪ੍ਰਭੂ ਆਪ ਹੈ। ਇਸ ਗੱਲ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਹਰ ਕਿਰਤ ਪ੍ਰਭੂ ਦੀ ਹੀ ਹੈ। ਹਰ ਵਰਤਾਰੇ ਦਾ ਕਾਰਣ ਪ੍ਰਭੂ ਆਪ ਹੈ। ਉਸ ਦੇ ਕੀਤੇ ਬਿਨਾਂ ਕੁਝ ਨਹੀਂ ਹੁੰਦਾ।
ਪ੍ਰਭੂ ਦੀ ਸਿਫਤ ਦੱਸ ਕੇ ਪਾਤਸ਼ਾਹ ਬਚਨ ਕਰਦੇ ਹਨ ਕਿ ਉਸ ਪ੍ਰਭੂ ਨੂੰ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ। ਕਿਉਂਕਿ ਉਸ ਦੇ ਨਾਮ ਦੇ ਰੰਗ ਵਿਚ ਰੰਗਿਆਂ, ਭਾਵ, ਉਸ ਨੂੰ ਹਿਰਦੇ ਵਿਚ ਵਸਾਉਣ ਨਾਲ ਹਰ ਸਮੇਂ ਸੁਖ ਮਹਿਸੂਸ ਹੁੰਦਾ ਹੈ। ਉਸ ਦੀ ਯਾਦ ਵਿਚ ‘ਤੇਰਾ ਕੀਆ ਮੀਠਾ ਲਾਗੈ’ ਦੇ ਨਿਯਮ ਮੁਤਾਬਕ ਦੁਖ ਵੀ ਸੁਖ ਹੋ ਜਾਂਦੇ ਹਨ। ਪਰ ਇਹ ਪਤੇ ਦੀ ਗੱਲ ਕਿਸੇ ਵਿਰਲੇ ਨੂੰ ਹੀ ਸਮਝ ਆਉਂਦੀ ਹੈ। ਜੇ ਕੋਈ ਗਿਆਨ ਦੇ ਮੁਜੱਸਮੇ ਗੁਰੂ ਦੀ ਸਿੱਖਿਆ ਵੱਲ ਧਿਆਨ ਦੇਵੇ, ਸੁਣੇ, ਸਮਝੇ ਤੇ ਆਪਣੇ ਅਮਲ ਵਿਚ ਲਿਆਵੇ ਤਾਂ ਉਸ ਨੂੰ ਇਹ ਸੋਝੀ ਪ੍ਰਾਪਤ ਹੁੰਦੀ ਹੈ ਕਿ ਪ੍ਰਭੂ ਦੀ ਯਾਦ ਰੂਪ ਨਾਮ ਸਦਕਾ ਹੀ ਸਾਰੇ ਸੁਖ ਪ੍ਰਾਪਤ ਹੁੰਦੇ ਹਨ।
ਫਿਰ ਉਸ ਨਾਮ ਦੇ ਜਪਣ ਦਾ ਤਰੀਕਾ ਦੱਸਿਆ ਗਿਆ ਹੈ ਕਿ ਇਹ ਕੋਈ ਮਾਲਾ ਫੇਰਨ ਜਿਹੀ ਤਕਨੀਕ ਨਹੀਂ ਹੈ, ਬਲਕਿ ਹਿਰਦੇ ਅੰਦਰ ਉਸ ਪ੍ਰਭੂ ਦੇ ਗੁਣਾਂ ਨੂੰ ਯਾਦ ਕਰਕੇ ਉਨ੍ਹਾਂ ਨੂੰ ਅਮਲ ਵਿਚ ਲਿਆਉਣ ਨਾਲ ਹੀ ਸੁਖ ਦਾ ਅਨੁਭਵ ਹੁੰਦਾ ਹੈ। ਇਹੀ ਅਸਲ ਨਾਮ-ਸਿਮਰਨ ਜਾਂ ਜਾਪ ਹੈ।
ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਉਸ ਮਾਲਕ ਪ੍ਰਭੂ ਤਕ ਪੁੱਜਿਆ ਨਹੀਂ ਜਾ ਸਕਦਾ। ਕਿਉਂਕਿ ਜਿਥੇ ਤਕ ਮਨੁਖ ਦੀ ਸੂਝ-ਬੂਝ, ਚੇਤਨਾ ਅਤੇ ਕਿਆਸ ਜਾ ਸਕਦੇ ਹਨ, ਉਹ ਉਸ ਤੋਂ ਵੀ ਪਰੇ ਹੈ। ਉਸ ਦੀ ਕੋਈ ਹੱਦ-ਬੰਦੀ ਵੀ ਨਹੀਂ ਹੈ, ਜਿਸ ਤੋਂ ਉਸ ਦੀ ਹੋਂਦ ਦਾ ਅੰਦਾਜਾ ਲਾਇਆ ਜਾ ਸਕੇ। ਉਸ ਅਸੀਮ ਅਤੇ ਅਪਹੁੰਚ ਪਰਮ-ਹਸਤੀ ਨਾਲ ਅਭੇਦ ਹੋਣ ਦਾ ਇਕੋ-ਇਕ ਤਰੀਕਾ ਹੈ ਕਿ ਜਿਹੜੇ ਲੋਕ ਉਸ ਪ੍ਰਭੂ ਦੇ ਸੇਵਕ ਹਨ, ਉਨ੍ਹਾਂ ਦੇ ਤੇ ਉਨ੍ਹਾਂ ਦੇ ਵੀ ਪਿੱਛੇ ਚੱਲਣ ਵਾਲਿਆਂ ਪ੍ਰਤੀ ਮਨ ਵਿਚ ਨਿਮਰ-ਭਾਵ ਰਖਦੇ ਹੋਏ ਤੇ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਧਿਆਨ ਵਿਚ ਰਖ ਕੇ, ਉਸ ਮਾਰਗ ’ਤੇ ਚੱਲਿਆ ਜਾਵੇ। ਇਹੀ ਇਸ ਪਦੇ ਦਾ ਸਥਾਈ ਭਾਵ ਵੀ ਹੈ। ਪ੍ਰਭੂ ਤਕ ਸਿੱਧੀ ਪਹੁੰਚ ਸੰਭਵ ਨਹੀਂ, ਕਿਉਂਕਿ ਉਹ ਅਸੀਮ ਅਤੇ ਅਪਹੁੰਚ ਹੈ। ਉਸ ਨੂੰ ਚਾਹੁਣ ਵਾਲਿਆਂ ਦੀ ਸੰਗਤ ਅਤੇ ਸੇਵਾ ਹੀ ਪ੍ਰਭੂ ਵੱਲ ਜਾਂਦਾ ਮਾਰਗ ਹੈ।