ਇਹ ਬਾਣੀ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਦੁਆਰਾ ਹਫਤੇ ਦੇ ਸੱਤ ਦਿਨਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਐਤਵਾਰ ਦੁਆਰਾ ਗੁਰੂ ਸਾਹਿਬ ਨੇ ਪ੍ਰਭੂ ਦੇ
ਨਾਮ ਨੂੰ ਜਪਣ ਦੀ ਪ੍ਰੇਰਨਾ ਦਿੱਤੀ ਹੈ। ਸੋਮਵਾਰ ਦੁਆਰਾ ਦੱਸਿਆ ਹੈ ਕਿ ਇਹ ਨਾਮ
ਗੁਰੂ ਦੇ
ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ, ਇਸੇ ਸਦਕਾ ਹੀ ਵਿਆਪਕ ਪ੍ਰਭੂ ਦਾ ਅਨੁਭਵ ਹੁੰਦਾ ਹੈ। ਮੰਗਲਵਾਰ ਦੁਆਰਾ ਦੱਸਿਆ ਗਿਆ ਹੈ ਕਿ
ਮਾਇਆ ਦਾ ਮੋਹ ਪੈਦਾ ਕਰਨ ਵਾਲਾ ਅਤੇ ਗੁਰ-ਸ਼ਬਦ ਦੁਆਰਾ ਆਪਣੀ ਸੋਝੀ ਬਖਸ਼ਣ ਵਾਲਾ ਪ੍ਰਭੂ ਆਪ ਹੀ ਹੈ। ਬੁੱਧਵਾਰ ਦੁਆਰਾ ਪਾਤਸ਼ਾਹ ਦੱਸਦੇ ਹਨ ਕਿ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਨਾਮ ਵਿਚ ਲਿਵਲੀਨ ਹੋ ਕੇ ਜੀਵ ਸਦੀਵੀ ਤੌਰ ’ਤੇ ਸੋਭਨੀਕ ਹੋ ਸਕਦਾ ਹੈ। ਵੀਰਵਾਰ ਦੁਆਰਾ ਦੱਸਿਆ ਗਿਆ ਕਿ ਸਾਰੇ ਜੀਵ ਪ੍ਰਭੂ ਨੇ ਹੀ ਪੈਦਾ ਕੀਤੇ ਹਨ ਅਤੇ ਉਹ ਪ੍ਰਭੂ ਦੇ ਹੀ ਓਟ-ਆਸਰੇ ਹਨ। ਸ਼ੁੱਕਰਵਾਰ ਦੁਆਰਾ ਸੋਝੀ ਦਿੱਤੀ ਗਈ ਹੈ ਕਿ ਪ੍ਰਭੂ ਦੇ ਨਾਮ ਨੂੰ ਭੁਲਾ ਕੇ ਵਰਤ ਰਖਣੇ, ਰੋਜਾਨਾ ਆਪਣੇ ਇਸ਼ਟ-ਦੇਵ ਦੀ ਪੂਜਾ ਕਰਨੀ ਆਦਿ ਸਾਰੇ ਕਰਮ ਮਾਇਆ ਦੇ ਮੋਹ ਵਿਚ ਹੀ ਪਾਉਣ ਵਾਲੇ ਹਨ। ਸ਼ਨੀਵਾਰ ਦੁਆਰਾ ਪਾਤਸ਼ਾਹ ਦੱਸਦੇ ਹਨ ਕਿ ਮਨਮੁਖ ਸਗਨ-ਅਪਸਗਨ ਆਦਿ ਦੀ ਵਿਚਾਰ ਕਰਨ ਕਰਕੇ ਹਉਮੈ ਦੇ ਭਾਵ ਵਿਚ ਭਟਕਦੇ ਰਹਿੰਦੇ ਹਨ। ਅੰਤ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਮਨੁਖ ਸੱਚੇ ਗੁਰ-ਸ਼ਬਦ ਦਾ ਚਿੰਤਨ ਕਰਦੇ ਹਨ, ਉਹ ਪ੍ਰਭੂ ਦੇ ਰੰਗ ਵਿਚ ਰੰਗੇ ਰਹਿੰਦੇ ਹਨ।
ਪੰਦ੍ਰਹ ਥਿਤਂੀ ਤੈ ਸਤ ਵਾਰ ॥
ਮਾਹਾ ਰੁਤੀ ਆਵਹਿ ਵਾਰ ਵਾਰ ॥
ਦਿਨਸੁ ਰੈਣਿ ਤਿਵੈ ਸੰਸਾਰੁ ॥
ਆਵਾਗਉਣੁ ਕੀਆ ਕਰਤਾਰਿ ॥
ਨਿਹਚਲੁ ਸਾਚੁ ਰਹਿਆ ਕਲ ਧਾਰਿ ॥
ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ ॥੧੦॥੧॥
-ਗੁਰੂ ਗ੍ਰੰਥ ਸਾਹਿਬ ੮੪੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਦੇ ਸ਼ੁਰੂ ਵਿਚ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਮਹੀਨੇ ਦੀਆਂ ਪੰਦਰਾਂ ਥਿੱਤਾਂ ਹਨ, ਉਸੇ ਤਰ੍ਹਾਂ ਸੱਤ ਵਾਰ, ਭਾਵ ਦਿਨ ਹਨ। ਇਹ ਸੱਤ ਦਿਨ ਵੀ ਮਹੀਨਿਆਂ ਤੇ ਰੁੱਤਾਂ ਦੀ ਤਰ੍ਹਾਂ ਮੁੜ-ਮੁੜ ਆਉਂਦੇ ਰਹਿੰਦੇ ਹਨ। ਭਾਵ, ਕੁਦਰਤ ਵਿਚ ਆਉਣ-ਜਾਣ ਦਾ ਚੱਕਰ ਲਗਾਤਾਰ ਜਾਰੀ ਰਹਿੰਦਾ ਹੈ।
ਜਿਵੇਂ ਦਿਨ-ਰਾਤ ਹਨ, ਭਾਵ ਜਿਵੇਂ ਦਿਨ ਬੀਤ ਜਾਣ ਬਾਅਦ ਰਾਤ ਆਉਂਦੀ ਹੈ ਤੇ ਰਾਤ ਬੀਤ ਜਾਣ ਬਾਅਦ ਫਿਰ ਦਿਨ ਚੜ੍ਹ ਜਾਂਦਾ ਹੈ। ਐਨ੍ਹ ਇਸੇ ਤਰ੍ਹਾਂ ਹੀ ਇਹ ਸੰਸਾਰ ਹੈ। ਭਾਵ, ਸੰਸਾਰ ਵਿਚ ਜੀਵਾਂ ਦਾ ਆਉਣ-ਜਾਣ ਹਮੇਸ਼ਾ ਬਣਿਆ ਰਹਿੰਦਾ ਹੈ ਤੇ ਇਥੇ ਕੋਈ ਵੀ ਸਦੀਵੀ ਤੌਰ ’ਤੇ ਨਹੀਂ ਰਹਿੰਦਾ।
ਅਸਲ ਵਿਚ ਸੰਸਾਰ ਦਾ ਨਿਰਮਾਣ ਕਰਨ ਵਾਲੇ ਕਰਤੇ ਪ੍ਰਭੂ ਨੇ ਹੀ ਇਹ ਆਉਣ-ਜਾਣ ਦਾ ਵਿਧਾਨ ਬਣਾਇਆ ਹੈ। ਜੇ ਸੰਸਾਰ ਵਿਚ ਕੁਝ ਵੀ ਸਦੀਵੀ ਨਹੀਂ ਹੈ ਤਾਂ ਇਹ ਕਰਤੇ ਪ੍ਰਭੂ ਦੇ ਹੁਕਮ ਜਾਂ ਉਸ ਦੀ ਇੱਛਾ ਅਨੁਸਾਰ ਹੀ ਹੈ।
ਫਿਰ ਦੱਸਿਆ ਗਿਆ ਹੈ ਕਿ ਅਸਲ ਵਿਚ ਇਸ ਸੰਸਾਰ ਵਿਚ ਸਿਰਫ ਸੱਚ-ਸਰੂਪ ਪ੍ਰਭੂ ਹੀ ਸਦੀਵੀ ਤੌਰ ਪਰ ਕਾਇਮ ਰਹਿਣ ਵਾਲਾ ਹੈ, ਜਿਸ ਨੇ ਆਉਣ-ਜਾਣ ਦੀ ਇਸ ਖੇਡ ਦਾ ਰੂਪ ਧਾਰਣ ਕੀਤਾ ਹੋਇਆ ਹੈ। ਭਾਵ, ਸੰਸਾਰ ਦਾ ਆਉਣਾ-ਜਾਣਾ ਪ੍ਰਭੂ ਦਾ ਕਲਾਤਮਕ ਰੂਪ ਹੀ ਹੈ। ਅਸਲ ਵਿਚ ਉਹ ਨਾ ਕਿਤੇ ਜਾਂਦਾ ਹੈ ਤੇ ਨਾ ਹੀ ਆਉਂਦਾ ਹੈ।
ਇਸ ਪਦੇ ਦੇ ਅਖੀਰ ਵਿਚ ‘ਨਾਨਕ’ ਪਦ ਦੀ ਮੁਹਰ ਲਾ ਕੇ ਦੱਸਿਆ ਗਿਆ ਹੈ ਕਿ ਪ੍ਰਭੂ ਦੀ ਉਪਰੋਕਤ ਖੇਡ ਜਾਂ ਕਲਾ ਦੀ ਸਮਝ ਸਿਰਫ ਉਸ ਨੂੰ ਹੀ ਲੱਗਦੀ ਹੈ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਉਸ ਦੀ ਸਿੱਖਿਆ ’ਤੇ ਵਿਚਾਰ ਕਰਦਾ ਹੈ। ਭਾਵ, ਗੁਰੂ ਦੀ ਸਿੱਖਿਆ ਨਾਲ ਹੀ ਪ੍ਰਭੂ ਦੀ ਸੰਸਾਰਕ ਖੇਡ ਦੀ ਅਸਲੀਅਤ ਦਾ ਪਤਾ ਲੱਗਦਾ ਹੈ।