Guru Granth Sahib Logo
  
ਇਹ ਬਾਣੀ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਦੁਆਰਾ ਹਫਤੇ ਦੇ ਸੱਤ ਦਿਨਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਐਤਵਾਰ ਦੁਆਰਾ ਗੁਰੂ ਸਾਹਿਬ ਨੇ ਪ੍ਰਭੂ ਦੇ ਨਾਮ ਨੂੰ ਜਪਣ ਦੀ ਪ੍ਰੇਰਨਾ ਦਿੱਤੀ ਹੈ। ਸੋਮਵਾਰ ਦੁਆਰਾ ਦੱਸਿਆ ਹੈ ਕਿ ਇਹ ਨਾਮ ਗੁਰੂ ਦੇ ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ, ਇਸੇ ਸਦਕਾ ਹੀ ਵਿਆਪਕ ਪ੍ਰਭੂ ਦਾ ਅਨੁਭਵ ਹੁੰਦਾ ਹੈ। ਮੰਗਲਵਾਰ ਦੁਆਰਾ ਦੱਸਿਆ ਗਿਆ ਹੈ ਕਿ ਮਾਇਆ ਦਾ ਮੋਹ ਪੈਦਾ ਕਰਨ ਵਾਲਾ ਅਤੇ ਗੁਰ-ਸ਼ਬਦ ਦੁਆਰਾ ਆਪਣੀ ਸੋਝੀ ਬਖਸ਼ਣ ਵਾਲਾ ਪ੍ਰਭੂ ਆਪ ਹੀ ਹੈ। ਬੁੱਧਵਾਰ ਦੁਆਰਾ ਪਾਤਸ਼ਾਹ ਦੱਸਦੇ ਹਨ ਕਿ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਨਾਮ ਵਿਚ ਲਿਵਲੀਨ ਹੋ ਕੇ ਜੀਵ ਸਦੀਵੀ ਤੌਰ ’ਤੇ ਸੋਭਨੀਕ ਹੋ ਸਕਦਾ ਹੈ। ਵੀਰਵਾਰ ਦੁਆਰਾ ਦੱਸਿਆ ਗਿਆ ਕਿ ਸਾਰੇ ਜੀਵ ਪ੍ਰਭੂ ਨੇ ਹੀ ਪੈਦਾ ਕੀਤੇ ਹਨ ਅਤੇ ਉਹ ਪ੍ਰਭੂ ਦੇ ਹੀ ਓਟ-ਆਸਰੇ ਹਨ। ਸ਼ੁੱਕਰਵਾਰ ਦੁਆਰਾ ਸੋਝੀ ਦਿੱਤੀ ਗਈ ਹੈ ਕਿ ਪ੍ਰਭੂ ਦੇ ਨਾਮ ਨੂੰ ਭੁਲਾ ਕੇ ਵਰਤ ਰਖਣੇ, ਰੋਜਾਨਾ ਆਪਣੇ ਇਸ਼ਟ-ਦੇਵ ਦੀ ਪੂਜਾ ਕਰਨੀ ਆਦਿ ਸਾਰੇ ਕਰਮ ਮਾਇਆ ਦੇ ਮੋਹ ਵਿਚ ਹੀ ਪਾਉਣ ਵਾਲੇ ਹਨ। ਸ਼ਨੀਵਾਰ ਦੁਆਰਾ ਪਾਤਸ਼ਾਹ ਦੱਸਦੇ ਹਨ ਕਿ ਮਨਮੁਖ ਸਗਨ-ਅਪਸਗਨ ਆਦਿ ਦੀ ਵਿਚਾਰ ਕਰਨ ਕਰਕੇ ਹਉਮੈ ਦੇ ਭਾਵ ਵਿਚ ਭਟਕਦੇ ਰਹਿੰਦੇ ਹਨ। ਅੰਤ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਮਨੁਖ ਸੱਚੇ ਗੁਰ-ਸ਼ਬਦ ਦਾ ਚਿੰਤਨ ਕਰਦੇ ਹਨ, ਉਹ ਪ੍ਰਭੂ ਦੇ ਰੰਗ ਵਿਚ ਰੰਗੇ ਰਹਿੰਦੇ ਹਨ।
ਸਤਿਗੁਰੁ ਸੇਵਹਿ ਸੇ ਵਡਭਾਗੀ ॥ 
ਹਉਮੈ ਮਾਰਿ ਸਚਿ ਲਿਵ ਲਾਗੀ ॥ 
ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥ 
ਤੂ ਸੁਖਦਾਤਾ ਲੈਹਿ ਮਿਲਾਇ ॥ 
ਏਕਸ ਤੇ ਦੂਜਾ ਨਾਹੀ ਕੋਇ ॥ 
ਗੁਰਮੁਖਿ ਬੂਝੈ ਸੋਝੀ ਹੋਇ ॥੯॥ 
-ਗੁਰੂ ਗ੍ਰੰਥ ਸਾਹਿਬ ੮੪੧

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਦੇ ਸ਼ੁਰੂ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਸੱਚ ਦਾ ਪ੍ਰਕਾਸ਼ ਕਰਨ ਵਾਲੇ ਗੁਰੂ ਦੀ ਸੇਵਾ-ਭਾਵ ਅਤੇ ਸਿਮਰਨ ਵਿਚ ਰਹਿੰਦੇ ਹਨ, ਉਹ ਵਡੇ ਭਾਗਾਂ ਵਾਲੇ ਹੁੰਦੇ ਹਨ।

ਪਿਛਲੇ ਪਦੇ ਵਿਚ ਆਇਆ ਸੀ ਕਿ ਮਨੁਖ ਦੇ ਜੀਵਨ ਦਾ ਸਾਰਾ ਦੁਖ, ਹਉਮੈ ਵਿਚੋਂ ਉਪਜੀ ਤੇਰ-ਮੇਰ ਕਾਰਣ ਵਾਪਰਦਾ ਹੈ। ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਗੁਰੂ ਦੀ ਸੇਵਾ-ਭਾਵ ਅਤੇ ਸਿਮਰਨ ਵਿਚ ਰਹਿਣ ਦੀ ਬਰਕਤ ਸਦਕਾ ਮਨੁਖ ਦੀ ਹਉਮੈ ਮਿਟ ਜਾਂਦੀ ਹੈ। ਗੁਰੂ ਦੀ ਸਿੱਖਿਆ ਦੇ ਸੱਚ ਵਿਚ ਧਿਆਨ ਜੁੜਿਆ ਰਹਿੰਦਾ ਹੈ। ਭਾਵ, ਸੱਚ ਨਾਲ ਜੁੜੇ ਰਹਿਣ ਕਾਰਣ ਗਲਤੀ ਦੀ ਗੁੰਜਾਇਸ਼ ਨਹੀਂ ਰਹਿੰਦੀ, ਜਿਸ ਸਦਕਾ ਜੀਵਨ ਸਫਲ ਹੋ ਜਾਂਦਾ ਹੈ। ਇਸੇ ਨੂੰ ਵਡੇ ਭਾਗ ਕਿਹਾ ਗਿਆ ਹੈ।

ਫਿਰ ਪ੍ਰਭੂ ਨੂੰ ਸਿੱਧੇ ਰੂਪ ਵਿਚ ਮੁਖਾਤਬ ਹੋ ਕੇ ਦੱਸਿਆ ਗਿਆ ਹੈ ਕਿ ਉੱਪਰ ਦੱਸੇ ਸੱਜਣ ਪੁਰਸ਼ ਕੋਈ ਉਚੇਚ ਅਤੇ ਹੱਠ ਨਹੀਂ ਕਰਦੇ, ਬਲਕਿ ਉਹ ਆਪਣੇ ਕੁਦਰਤੀ ਰੂਪ ਵਿਚ ਹੀ ਪ੍ਰਭੂ ਦੇ ਰੰਗ ਵਿਚ ਰੰਗੇ ਰਹਿੰਦੇ ਹਨ। ਭਾਵ, ਉਸਦੇ ਹੁਕਮ ਵਿਚ ਖੁਸ਼ ਰਹਿੰਦੇ ਹਨ।

ਫਿਰ ਪ੍ਰਭੂ ਨੂੰ ਮੁਖਾਤਿਬ ਹੋ ਕੇ ਦੱਸਿਆ ਗਿਆ ਹੈ ਕਿ ਉਹ ਸੁਖ ਦੇਣ ਵਾਲਾ ਹੈ ਤੇ ਜਿਹੜਾ ਉਸਨੂੰ ਆਪਣੇ ਦਿਲ ਵਿਚ ਵਸਾ ਲੈਂਦਾ ਹੈ, ਹਮੇਸ਼ਾ ਸਿਮਰਦਾ ਰਹਿੰਦਾ ਹੈ ਤੇ ਉਸਦੇ ਹੁਕਮ ਵਿਚ ਖੁਸ਼ ਰਹਿੰਦਾ ਹੈ, ਉਸਨੂੰ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ, ਭਾਵ ਆਪਣਾ ਅੰਗ ਬਣਾ ਲੈਂਦਾ ਹੈ।

ਜਦ ਪ੍ਰਭੂ ਸਿਮਰਣ ਵਾਲੇ ਸਾਧਕ ਨੂੰ ਆਪਣਾ ਮਿਲਾਪ ਬਖਸ਼ ਦਿੰਦਾ ਹੈ ਤੇ ਆਪਣਾ ਅੰਗ ਬਣਾ ਲੈਂਦਾ ਹੈ ਫਿਰ ਉਸਦੇ ਤੇ ਪ੍ਰਭੂ ਵਿਚ ਕੋਈ ਫਰਕ ਨਹੀਂ ਰਹਿੰਦਾ। ਫਿਰ ਉਸ ਮਨੁਖ ਲਈ ਉਸ ਇਕ ਪ੍ਰਭੂ ਤੋਂ ਬਿਨਾਂ ਹੋਰ ਦੂਜਾ ਕੋਈ ਹੁੰਦਾ ਹੀ ਨਹੀਂ ਹੈ।  
 
ਇਸ ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਸਿਮਰਨ ਸਦਕਾ ਪ੍ਰਭੂ ਨਾਲ ਇਕਰੂਪ ਹੋਣ ਦੀ ਸੋਝੀ ਦਾ ਗਿਆਨ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ, ਜਿਹੜਾ ਗਿਆਨ ਦੇ ਮੁਜੱਸਮੇ ਗੁਰੂ ਦੇ ਲੜ ਲੱਗ ਜਾਂਦਾ ਹੈ ਤੇ ਉਸ ਦੀ ਸਿੱਖਿਆ ਅਨੁਸਾਰ ਜੀਵਨ ਬਸਰ ਕਰਦਾ ਹੈ।

Tags