ਇਹ ਬਾਣੀ ਹਫਤੇ ਦੇ ਸੱਤ ਵਾਰਾਂ (ਦਿਨਾਂ) ਉੱਤੇ ਅਧਾਰਤ ਹੈ। ਆਮ ਤੌਰ ’ਤੇ ਇਨ੍ਹਾਂ ਵਾਰਾਂ ਨਾਲ ਚੰਗੇ-ਮੰਦੇ ਦੀ ਭਾਵਨਾ ਜੋੜ ਲਈ ਜਾਂਦੀ ਹੈ। ਪਰ ਭਗਤ ਕਬੀਰ ਜੀ ਇਸ ਬਾਣੀ ਵਿਚ ਚੰਗੇ-ਮੰਦੇ ਦੇ ਭਾਵ ਦੀ ਥਾਂ ਪ੍ਰਭੂ ਦੇ
ਨਾਮ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਇਸ ਬਾਣੀ ਵਿਚ ਸੱਤ ਵਾਰਾਂ ਦੁਆਰਾ ਵਖ-ਵਖ ਉਪਦੇਸ਼ ਦਿੱਤੇ ਹਨ, ਜਿਵੇਂ ਕਿ ਐਤਵਾਰ ਦੁਆਰਾ ਭਗਤੀ ਅਰੰਭ ਕਰਨ ਦਾ, ਸੋਮਵਾਰ ਦੁਆਰਾ ਗੁਰੂ-ਗਿਆਨ ਰੂਪੀ ਚੰਦਰਮਾ ਤੋਂ ਨਾਮ-ਅੰਮ੍ਰਿਤ ਦਾ ਰਸ ਪੀਣ ਦਾ,
ਮੰਗਲਵਾਰ ਦੁਆਰਾ ਕਾਮਾਦਿਕ ਵਿਕਾਰਾਂ ਦੀ ਅਸਲੀਅਤ ਨੂੰ ਸਮਝਣ ਦਾ, ਬੁੱਧਵਾਰ ਦੁਆਰਾ ਆਪਣੇ ਅੰਦਰ ਬੁੱਧੀ ਦਾ ਪ੍ਰਕਾਸ਼ ਕਰਨ ਦਾ, ਵੀਰਵਾਰ ਦੁਆਰਾ ਆਪਣੇ ਮਨ ਵਿਚੋਂ
ਮਾਇਆ ਦੇ ਮਾਰੂ ਪ੍ਰਭਾਵ ਨੂੰ ਦੂਰ ਕਰਨ ਦਾ, ਸ਼ੁੱਕਰਵਾਰ ਦੁਆਰਾ ਨੇਕ ਕਰਮ ਕਰ ਕੇ ਮਿਲਣ ਵਾਲੀ ਮਾਣ-ਵਡਿਆਈ ਨੂੰ ਜਰਨ ਦਾ, ਸ਼ਨੀਵਾਰ ਦੁਆਰਾ ਆਪਣੀ ਸੁਰਤੀ-ਬਿਰਤੀ ਨੂੰ ਸਥਿਰ ਕਰ ਕੇ ਰਖਣ ਦਾ।
ਜਬ ਲਗੁ ਘਟ ਮਹਿ ਦੂਜੀ ਆਨ ॥
ਤਉ ਲਉ ਮਹਲਿ ਨ ਲਾਭੈ ਜਾਨ ॥
ਰਮਤ ਰਾਮ ਸਿਉ ਲਾਗੋ ਰੰਗੁ ॥
ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥
-ਗੁਰੂ ਗ੍ਰੰਥ ਸਾਹਿਬ ੩੪੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਅੰਤਮ ਪਦੇ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਜਦ ਤਕ ਮਨੁਖ ਦੇ ਮਨ ਵਿਚ ਉਸ ਇਕ ਪ੍ਰਭੂ ਦੇ ਇਲਾਵਾ ਦੂਜੇ ਕਿਸੇ ਹੋਰ ਦੀ ਚਾਹਤ ਜਾਂ ਉਮੀਦ ਹੈ। ਇਸ ਵਾਕ ਤੋਂ ਪਤਾ ਲੱਗਦਾ ਹੈ ਕਿ ਹਾਲੇ ਗੱਲ ਅਧੂਰੀ ਹੈ ਤੇ ਹਾਲੇ ਕੁਝ ਹੋਰ ਕਹਿਣਾ ਬਾਕੀ ਹੈ।
ਫਿਰ ਦੱਸਿਆ ਗਿਆ ਹੈ ਕਿ ਮਨੁਖ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਜਦ ਤਕ ਉਸ ਦੇ ਮਨ ਵਿਚੋਂ ਦੂਜੇ ਕਿਸੇ ਹੋਰ ਦੀ ਚਾਹਤ ਖਤਮ ਨਹੀਂ ਹੁੰਦੀ, ਉਦੋਂ ਤਕ ਉਸ ਨੂੰ ਪ੍ਰਭੂ ਦਾ ਘਰ, ਸਥਾਨ ਜਾਂ ਟਿਕਾਣਾ ਨਹੀਂ ਲੱਭ ਸਕਦਾ। ਭਾਵ, ਉਹ ਪ੍ਰਭੂ ਤਾਂ ਹੀ ਮਿਲਦਾ ਹੈ, ਜੇ ਉਸ ਦੀ ਚਾਹਤ ਹੋਵੇ। ਕਿਸੇ ਦੂਜੇ ਦੀ ਚਾਹਤ ਮਨ ਵਿਚ ਰਖ ਕੇ ਉਸ ਇਕ ਪ੍ਰਭੂ ਨੂੰ ਨਹੀਂ ਮਿਲਿਆ ਜਾ ਸਕਦਾ।
ਫਿਰ ਭਗਤ ਕਬੀਰ ਜੀ ਦੱਸਦੇ ਹਨ ਕਿ ਜਦ ਕਣ-ਕਣ ਵਿਚ ਵਸਣ ਵਾਲੇ ਪ੍ਰਭੂ ਦਾ ਰੰਗ ਚੜ੍ਹ ਜਾਵੇ, ਭਾਵ ਜਦ ਉਸ ਇਕ ਪ੍ਰਭੂ ਨਾਲ ਇਕਮਿਕਤਾ ਪ੍ਰਾਪਤ ਹੋ ਜਾਵੇ ਜਾਂ ਉਸ ਦੇ ਨਾਲ ਅਭੇਦਤਾ ਹੋ ਜਾਵੇ ਤਾਂ ਉਸ ਅਭੇਦਤਾ ਕਾਰਣ ਮਨੁਖ ਦੀ ਦੇਹੀ ਨਿਰਮਲ ਹੋ ਜਾਂਦੀ ਹੈ। ਭਗਤ ਕਬੀਰ ਜੀ ਅਨੁਸਾਰ ਪ੍ਰਭੂ ਨਾਲ ਅਭੇਦ ਹੋਣ ਦਾ ਮਕਸਦ ਨਿਰਮਲ ਹੋਣਾ ਹੀ ਹੈ। ਪ੍ਰਭੂ ਦੇ ਗੁਣਾ ਨੂੰ ਧਾਰਨ ਕਰਨ ਤੋਂ ਬਗੈਰ ਨਿਰਮਲਤਾ ਸੰਭਵ ਹੀ ਨਹੀਂ।
ਭਗਤ ਕਬੀਰ ਜੀ ਨੇ ਇਸ ਬਾਣੀ ਵਿਚ ਹਫਤੇ ਦੇ ਸੱਤ ਦਿਨਾਂ ਦੇ ਹਵਾਲੇ ਨਾਲ ਮਨੁਖ ਨੂੰ ਨਿਰਮਲ ਹੋਣ ਦਾ ਮਾਰਗ ਦਰਸਾ ਦਿੱਤਾ ਹੈ, ਜਿਸ ਉੱਤੇ ਅਮਲ ਕਰਕੇ ਹਰ ਮਨੁਖ ਪ੍ਰਭੂ ਨਾਲ ਅਭੇਦ ਹੋ ਸਕਦਾ ਹੈ ਅਤੇ ਹਰ ਤਰ੍ਹਾਂ ਦੇ ਵਹਿਮ-ਭਰਮ ਤੋਂ ਮੁਕਤ ਹੋ ਸਕਦਾ ਹੈ।