Guru Granth Sahib Logo
  
ਇਹ ਬਾਣੀ ਹਫਤੇ ਦੇ ਸੱਤ ਵਾਰਾਂ (ਦਿਨਾਂ) ਉੱਤੇ ਅਧਾਰਤ ਹੈ। ਆਮ ਤੌਰ ’ਤੇ ਇਨ੍ਹਾਂ ਵਾਰਾਂ ਨਾਲ ਚੰਗੇ-ਮੰਦੇ ਦੀ ਭਾਵਨਾ ਜੋੜ ਲਈ ਜਾਂਦੀ ਹੈ। ਪਰ ਭਗਤ ਕਬੀਰ ਜੀ ਇਸ ਬਾਣੀ ਵਿਚ ਚੰਗੇ-ਮੰਦੇ ਦੇ ਭਾਵ ਦੀ ਥਾਂ ਪ੍ਰਭੂ ਦੇ ਨਾਮ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਇਸ ਬਾਣੀ ਵਿਚ ਸੱਤ ਵਾਰਾਂ ਦੁਆਰਾ ਵਖ-ਵਖ ਉਪਦੇਸ਼ ਦਿੱਤੇ ਹਨ, ਜਿਵੇਂ ਕਿ ਐਤਵਾਰ ਦੁਆਰਾ ਭਗਤੀ ਅਰੰਭ ਕਰਨ ਦਾ, ਸੋਮਵਾਰ ਦੁਆਰਾ ਗੁਰੂ-ਗਿਆਨ ਰੂਪੀ ਚੰਦਰਮਾ ਤੋਂ ਨਾਮ-ਅੰਮ੍ਰਿਤ ਦਾ ਰਸ ਪੀਣ ਦਾ, ਮੰਗਲਵਾਰ ਦੁਆਰਾ ਕਾਮਾਦਿਕ ਵਿਕਾਰਾਂ ਦੀ ਅਸਲੀਅਤ ਨੂੰ ਸਮਝਣ ਦਾ, ਬੁੱਧਵਾਰ ਦੁਆਰਾ ਆਪਣੇ ਅੰਦਰ ਬੁੱਧੀ ਦਾ ਪ੍ਰਕਾਸ਼ ਕਰਨ ਦਾ, ਵੀਰਵਾਰ ਦੁਆਰਾ ਆਪਣੇ ਮਨ ਵਿਚੋਂ ਮਾਇਆ ਦੇ ਮਾਰੂ ਪ੍ਰਭਾਵ ਨੂੰ ਦੂਰ ਕਰਨ ਦਾ, ਸ਼ੁੱਕਰਵਾਰ ਦੁਆਰਾ ਨੇਕ ਕਰਮ ਕਰ ਕੇ ਮਿਲਣ ਵਾਲੀ ਮਾਣ-ਵਡਿਆਈ ਨੂੰ ਜਰਨ ਦਾ, ਸ਼ਨੀਵਾਰ ਦੁਆਰਾ ਆਪਣੀ ਸੁਰਤੀ-ਬਿਰਤੀ ਨੂੰ ਸਥਿਰ ਕਰ ਕੇ ਰਖਣ ਦਾ।
ਥਾਵਰ  ਥਿਰੁ ਕਰਿ ਰਾਖੈ ਸੋਇ ॥ 
ਜੋਤਿ ਦੀਵਟੀ ਘਟ ਮਹਿ ਜੋਇ 
ਬਾਹਰਿ ਭੀਤਰਿ ਭਇਆ ਪ੍ਰਗਾਸੁ ॥ 
ਤਬ ਹੂਆ ਸਗਲ ਕਰਮ ਕਾ ਨਾਸੁ ॥੭॥
-ਗੁਰੂ ਗ੍ਰੰਥ ਸਾਹਿਬ ੩੪੪-੩੪੫

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਜੋਤਿਸ਼ ਵਿਚ ਥਾਵਰ, ਛਨਿਛਰਵਾਰ ਜਾਂ ਸ਼ਨਿੱਚਰਵਾਰ ਨੂੰ ਕਹਿੰਦੇ ਹਨ। ਸ਼ਨਿੱਚਰ ਸ਼ਬਦ ਸ਼ਨੀ ਅਤੇ ਚਰ ਦਾ ਜੋੜ ਹੈ। ਸ਼ਨੀ ਦਾ ਅਰਥ ਹੈ, ਹੌਲੀ। ਚਰ ਦਾ ਅਰਥ ਹੈ, ਚੱਲਣਾ। ਸ਼ਨਿੱਚਰ ਉਹ ਗ੍ਰਹਿ ਹੈ, ਜਿਸ ਦੀ ਰਫਤਾਰ ਹੌਲੀ ਦੱਸੀ ਗਈ ਹੈ। ਥਾਵਰ ਦਾ ਅਰਥ ਹੈ, ਕਿਸੇ ਇਕ ਥਾਂ ਡੇਰਾ ਲਾਉਣ ਵਾਲਾ। ਜੋਤਿਸ਼ ਅਨੁਸਾਰ ਸ਼ਨਿੱਚਰ ਅਜਿਹਾ ਗ੍ਰਹਿ ਹੈ, ਜੋ ਕਿਸੇ ਦੀ ਗ੍ਰਹਿ ਵਿਚ ਆ ਜਾਵੇ ਤਾਂ ਸਾਢੇ ਸੱਤ ਸਾਲ ਉਥੇ ਹੀ ਡੇਰਾ ਲਾਈ ਰੱਖਦਾ ਹੈ। ਇਸੇ ਨੂੰ ਸਾਢਸਤੀ ਕਹਿੰਦੇ ਹਨ।

ਪਰ ਇਸ ਪਦੇ ਵਿਚ ਭਗਤ ਕਬੀਰ ਜੀ ਨੇ ਸ਼ਨਿਚਰਵਾਰ ਤੋਂ ਕੇਵਲ ਥਾਵਰ, ਭਾਵ ਰੁਕਣ ਦਾ ਅਰਥ ਲਿਆ ਹੈ। ਮਨੁਖ ਦਾ ਮਨ ਹਮੇਸ਼ਾ ਗਤੀਸ਼ੀਲ ਰਹਿੰਦਾ ਹੈ ਤੇ ਕਦੇ ਵੀ ਟਿਕਦਾ ਨਹੀਂ। ਮਨ ਦੇ ਨਾ ਟਿਕਣ ਕਰਕੇ ਹੀ ਮਨੁਖ ਇਕ ਪ੍ਰਭੂ ਨੂੰ ਪਛਾਣਨ ਵਿਚ ਅਸਮਰੱਥ ਰਹਿੰਦਾ ਹੈ। ਉਸ ਇਕ ਨੂੰ ਪਛਾਣਨ ਤੇ ਮਿਲਣ ਲਈ ਮਨ ਦਾ ਟਿਕਣਾ ਬੇਹੱਦ ਜ਼ਰੂਰੀ ਹੈ। ਭਗਤ ਕਬੀਰ ਜੀ ਕਹਿੰਦੇ ਹਨ ਕਿ ਮਨ ਨੂੰ ਕੇਵਲ ਉਹੀ ਰੋਕ ਕੇ ਰਖ ਸਕਦਾ ਹੈ ਪਰ ਉਹੀ ਕੌਣ? ਇਹ ਇਕ ਸਵਾਲ ਹੈ, ਜਿਸ ਦਾ ਜਵਾਬ ਅਗਲੀ ਤੁਕ ਵਿਚ ਦਿੱਤਾ ਗਿਆ ਹੈ।

ਭਗਤ ਕਬੀਰ ਜੀ ਦੱਸਦੇ ਹਨ ਕਿ ਆਪਣੇ ਮਨ ਦੀ ਭੱਜ ਦੌੜ ਨੂੰ ਉਹੀ ਰੋਕ ਸਕਦਾ ਹੈ, ਜਿਹੜਾ ਸਾਧਕ ਦੀਵਟੀ ਜਿਹਾ ਪ੍ਰਕਾਸ਼ ਰੂਪ ਗਿਆਨ ਦਾ ਸੋਮਾ ਆਪਣੇ ਹਿਰਦੇ ਵਿਚ ਹੀ ਲੱਭ ਲੈਂਦਾ ਹੈ। ਪ੍ਰਭੂ ਹਰ ਥਾਂ ਹੈ, ਭਾਵ ਮਨੁਖ ਦੇ ਅੰਦਰ ਵੀ ਹੈ। ਫਿਰ ਬਾਹਰ ਲੱਭਣ ਦੀ ਬਜਾਏ ਆਪਣੇ ਅੰਦਰੋਂ ਕਿਉਂ ਨਾ ਪ੍ਰਾਪਤ ਕਰੇ? ਗਿਆਨ-ਸਰੂਪ ਗੁਰੂ ਦੀ ਸਿੱਖਿਆ ਵੀ ਇਹੀ ਦੱਸਦੀ ਹੈ। ਇਸ ਲਈ ਉਹ ਉਸ ਇਕ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਦੇਖ ਲੈਂਦਾ ਹੈ।

ਫਿਰ ਦੱਸਿਆ ਹੈ ਕਿ ਜਦ ਕੋਈ ਸਾਧਕ ਜੋਤ-ਰੂਪ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਦੇਖ ਲੈਂਦਾ ਹੈ ਤਾਂ ਉਸ ਦਾ ਪ੍ਰਕਾਸ਼ ਅਤੇ ਪ੍ਰਤਾਪ ਸਿਰਫ ਅੰਦਰ ਤਕ ਸੀਮਤ ਨਹੀਂ ਰਹਿੰਦਾ, ਬਲਕਿ ਬਾਹਰ ਵੀ ਸਾਰੇ ਪਾਸੇ ਪ੍ਰਕਾਸ਼ ਹੋ ਜਾਂਦਾ ਹੈ। ਭਾਵ, ਹਰ ਪਾਸੇ ਹਨੇਰਾ ਮਿਟ ਜਾਂਦਾ ਹੈ।

ਕਰਮਵਾਦ ਅਨੁਸਾਰ ਹਰ ਕਰਮ ਦਾ ਫਲ ਹੁੰਦਾ ਹੈ। ਬੁਰੇ ਕਰਮ ਦਾ ਬੁਰਾ ਫਲ ਤੇ ਚੰਗੇ ਕਰਮ ਦਾ ਚੰਗਾ ਫਲ ਹੁੰਦਾ ਹੈ। ਚੰਗੇ ਕਰਮਾਂ ਦਾ ਫਲ ਭੋਗ ਕੇ ਤਾਂ ਹਰ ਕੋਈ ਖੁਸ਼ ਹੁੰਦਾ ਹੈ। ਪਰ ਬੁਰੇ ਕਰਮਾਂ ਦੇ ਫਲ ਤੋਂ ਹਰ ਕੋਈ ਭੱਜਦਾ ਹੈ। ਅਚੇਤ ਅਤੇ ਮੂਰਖ ਲੋਕ ਤਾਂ ਬੁਰੇ ਕਰਮ ਕਰਕੇ ਬੁਰੇ ਫਲ ਭੁਗਤਦੇ ਰਹਿੰਦੇ ਹਨ। ਪਰ ਸਿਆਣੇ ਲੋਕ ਬੁਰੇ ਕਰਮ ਤੋਂ ਬਚਦੇ ਰਹਿੰਦੇ ਹਨ। ਪਰ ਜੇ ਕਿਸੇ ਤੋਂ ਅਣਜਾਣੇ ਵਿਚ ਕੋਈ ਬੁਰਾ ਕਰਮ ਹੋ ਵੀ ਜਾਵੇ ਤਾਂ ਸੱਚੇ ਮਨ ਨਾਲ ਕੀਤੇ ਗਏ ਪਸ਼ਚਾਤਾਪ ਤੇ ਅਰਦਾਸ ਨਾਲ ਬੁਰੇ ਕੰਮ ਦੇ ਬੁਰੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ।

ਭਗਤ ਕਬੀਰ ਜੀ ਨੇ ਇਸ ਪਦੇ ਵਿਚ ਦੱਸਿਆ ਹੈ ਕਿ ਜਿਹੜਾ ਮਨੁਖ ਆਪਣੇ ਹਿਰਦੇ ਅੰਦਰ ਪ੍ਰਭੂ ਨੂੰ ਪਛਾਣ ਲੈਂਦਾ ਹੈ, ਉਸ ਨੂੰ ਅੰਦਰ-ਬਾਹਰ ਪ੍ਰਭੂ ਦਾ ਪ੍ਰਕਾਸ਼ ਨਜ਼ਰ ਆਉਣ ਲੱਗ ਪੈਂਦਾ ਹੈ। ਭਾਵ, ਉਹ ਹਰ ਥਾਂ ਉਸ ਵਿਆਪਕ ਪ੍ਰਭੂ ਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ। ਫਿਰ ਉਸ ਦੇ ਕੀਤੇ ਬੁਰੇ ਕਰਮਾਂ ਦਾ ਫਲ ਵੀ ਮਰ-ਮੁੱਕ ਜਾਂਦਾ ਹੈ। ਇਹ ਇਸ ਲਈ ਹੁੰਦਾ ਹੈ ਕਿ ਇਸ ਅਵਸਥਾ ਵਿਚ ਮਨੁਖ ਆਪਣੇ-ਆਪੇ ਨੂੰ ਪ੍ਰਭੂ ਨਾਲ ਅਭੇਦ ਕਰ ਲੈਂਦਾ ਹੈ।

ਨੋਟ: ਸ਼ਨਿੱਚਰਵਾਰ ਅਜਿਹਾ ਦਿਨ ਹੈ, ਜਿਸ ਦਾ ਨਾਮਕਰਣ ਸ਼ਨਿੱਚਰ ਗ੍ਰਹਿ ਨਾਲ ਜੁੜਿਆ ਹੋਇਆ ਹੈ। ਸੰਸਕ੍ਰਿਤ ਅਨੁਸਾਰ ਇਹ ਸ਼ਬਦ ਸ਼ਨੈਸਚਰਵਾਰ (शनैस्चरवारः) ਹੈ। ਸ਼ਨੈ ਦਾ ਅਰਥ ਹੈ ਹੌਲੀ ਅਤੇ ਚਰ ਤੋਂ ਭਾਵ ਚੱਲਣ ਵਾਲਾ। ਇਹ ਸ਼ਨੀਵਾਰ ਦੀ ਬਜਾਏ ਪੰਜਾਬੀ ਦੇ ਸ਼ਨਿੱਚਰਵਾਰ ਦੇ ਵਧੇਰੇ ਨੇੜੇ ਹੈ। ਕਈ ਇਲਾਕਿਆਂ ਵਿਚ ਇਸ ਨੂੰ ਥਾਵਰ ਵੀ ਕਿਹਾ ਜਾਂਦਾ ਹੈ। ਸਿਰਫ ਭਾਰਤੀ ਪਰੰਪਰਾ ਵਿਚ ਹੀ ਇਸ ਨੂੰ ਸ਼ਨੀ ਗ੍ਰਹਿ, ਅਰਥਾਤ ਸੈਟਰਨ (Saturn) ਨਾਲ ਨਹੀਂ ਜੋੜਿਆ ਜਾਂਦਾ, ਬਲਕਿ ਵਿਸ਼ਵ ਦੀ ਹਰ ਪਰੰਪਰਾ ਵਿਚ ਇਹ ਸ਼ਨੀ ਗ੍ਰਹਿ ਨਾਲ ਹੀ ਜੋੜਿਆ ਗਿਆ ਹੈ। ਤਕਰੀਬਨ ਸਾਰੇ ਵਿਸ਼ਵ ਵਿਚ ਹੀ ਸੱਤ ਦਿਨ ਸੱਤ ਗ੍ਰਹਿਆਂ ਨਾਲ ਜੋੜੇ ਗਏ ਹਨ।

ਸੈਟਰਨ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਕਰੋਨੋਸ ਦਾ ਅਨੁਵਾਦ ਹੈ ਤੇ ਕਰੋਨੋਸ ਵੀ ਪਿੱਛੋਂ ਅਕਾਦੀਅਨ ਭਾਸ਼ਾ ਵਿਚੋਂ ਆਇਆ ਦੱਸਿਆ ਗਿਆ ਹੈ, ਜਿਥੇ ਇਸ ਦਾ ਅਰਥ ਸਥਾਈ (constant) ਸੀ। ਅਰਬੀ ਅਤੇ ਫ਼ਾਰਸੀ ਭਾਸ਼ਾ ਦਾ ਸ਼ਬਦ ਕਾਇਮ ਵੀ ਇਸ ਦੀ ਦੱਸ ਪਾਉਂਦਾ ਹੈ। ਅਰਬੀ ਵਿਚ ਅੱਲਾ ਨੂੰ ਕਿੳ੍ਹਮ ਵੀ ਕਿਹਾ ਗਿਆ ਹੈ, ਜੋ ਸਭ ਕਾਸੇ ਨੂੰ ਆਪੋ-ਆਪਣੀ ਥਾਂ ’ਤੇ ਸਥਾਪਤ, ਅਰਥਾਤ ਕਾਇਮ-ਮੁਕਾਮ ਰਖਦਾ ਹੈ।

ਜਿਸ ਸਮੇਂ ਸ਼ਨੀ ਗ੍ਰਹਿ ਦਾ ਨਾਮਕਰਣ ਹੋਇਆ ਹੋਵੇਗਾ, ਉਸ ਵੇਲੇ ਇਹ ਗ੍ਰਹਿ ਸਭ ਗ੍ਰਹਿਆਂ ਤੋਂ ਦੂਰ ਸਥਿਤ ਸੀ, ਜਿਸ ਕਰਕੇ ਇਸ ਦੀ ਗਤੀ ਨਜਰ ਨਹੀਂ ਸੀ ਆਉਂਦੀ। ਜਿਵੇਂ ਰੇਲ ਗੱਡੀ ਵਿਚ ਸਫਰ ਕਰਦਿਆਂ ਨੇੜੇ ਦੇ ਰੁੱਖ ਤੇਜ ਰਫਤਾਰ ਨਾਲ ਦੌੜਦੇ ਹੋਏ ਨਜਰ ਆਉਂਦੇ ਹਨ, ਪਰ ਦੂਰ ਦੇ ਰੁੱਖ ਖੜ੍ਹੇ ਪ੍ਰਤੀਤ ਹੁੰਦੇ ਹਨ। ਪਰ ਭਾਰਤ ਵਿਚ ਇਸ ਗ੍ਰਹਿ ਨੂੰ ਸ਼ਨੈਸਚਰ ਕਿਹਾ ਗਿਆ, ਜਿਸ ਦਾ ਅਰਥ ਹੌਲੀ ਤੁਰਨ ਵਾਲਾ ਹੈ, ਜੋ ਵਧੇਰੇ ਢੁਕਵਾਂ ਹੈ।

Tags