ਇਹ ਬਾਣੀ ਹਫਤੇ ਦੇ ਸੱਤ ਵਾਰਾਂ (ਦਿਨਾਂ) ਉੱਤੇ ਅਧਾਰਤ ਹੈ। ਆਮ ਤੌਰ ’ਤੇ ਇਨ੍ਹਾਂ ਵਾਰਾਂ ਨਾਲ ਚੰਗੇ-ਮੰਦੇ ਦੀ ਭਾਵਨਾ ਜੋੜ ਲਈ ਜਾਂਦੀ ਹੈ। ਪਰ ਭਗਤ ਕਬੀਰ ਜੀ ਇਸ ਬਾਣੀ ਵਿਚ ਚੰਗੇ-ਮੰਦੇ ਦੇ ਭਾਵ ਦੀ ਥਾਂ ਪ੍ਰਭੂ ਦੇ
ਨਾਮ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਇਸ ਬਾਣੀ ਵਿਚ ਸੱਤ ਵਾਰਾਂ ਦੁਆਰਾ ਵਖ-ਵਖ ਉਪਦੇਸ਼ ਦਿੱਤੇ ਹਨ, ਜਿਵੇਂ ਕਿ ਐਤਵਾਰ ਦੁਆਰਾ ਭਗਤੀ ਅਰੰਭ ਕਰਨ ਦਾ, ਸੋਮਵਾਰ ਦੁਆਰਾ ਗੁਰੂ-ਗਿਆਨ ਰੂਪੀ ਚੰਦਰਮਾ ਤੋਂ ਨਾਮ-ਅੰਮ੍ਰਿਤ ਦਾ ਰਸ ਪੀਣ ਦਾ,
ਮੰਗਲਵਾਰ ਦੁਆਰਾ ਕਾਮਾਦਿਕ ਵਿਕਾਰਾਂ ਦੀ ਅਸਲੀਅਤ ਨੂੰ ਸਮਝਣ ਦਾ, ਬੁੱਧਵਾਰ ਦੁਆਰਾ ਆਪਣੇ ਅੰਦਰ ਬੁੱਧੀ ਦਾ ਪ੍ਰਕਾਸ਼ ਕਰਨ ਦਾ, ਵੀਰਵਾਰ ਦੁਆਰਾ ਆਪਣੇ ਮਨ ਵਿਚੋਂ
ਮਾਇਆ ਦੇ ਮਾਰੂ ਪ੍ਰਭਾਵ ਨੂੰ ਦੂਰ ਕਰਨ ਦਾ, ਸ਼ੁੱਕਰਵਾਰ ਦੁਆਰਾ ਨੇਕ ਕਰਮ ਕਰ ਕੇ ਮਿਲਣ ਵਾਲੀ ਮਾਣ-ਵਡਿਆਈ ਨੂੰ ਜਰਨ ਦਾ, ਸ਼ਨੀਵਾਰ ਦੁਆਰਾ ਆਪਣੀ ਸੁਰਤੀ-ਬਿਰਤੀ ਨੂੰ ਸਥਿਰ ਕਰ ਕੇ ਰਖਣ ਦਾ।
ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥
ਅਨਦਿਨ ਆਪਿ ਆਪ ਸਿਉ ਲੜੈ ॥
ਸੁਰਖੀ ਪਾਂਚਉ ਰਾਖੈ ਸਬੈ ॥
ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ ॥੬॥
-ਗੁਰੂ ਗ੍ਰੰਥ ਸਾਹਿਬ ੩੪੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਸ਼ੁੱਕਰਵਾਰ ਰਾਹੀਂ ਸੁਕ੍ਰਿਤ ਕਰਨ ਅਤੇ ਉਸ ਕਰ ਕੇ ਮਿਲਣ ਵਾਲੀ ਮਾਣ-ਵਡਿਆਈ ਨੂੰ ਸਹਾਰਨ ਦਾ ਜਿਕਰ ਕੀਤਾ ਗਿਆ ਹੈ। ਕ੍ਰਿਤ ਜਾਂ ਕਿਰਤ ਕਿਸੇ ਵੀ ਕੰਮ ਨੂੰ ਕਹਿੰਦੇ ਹਨ। ਬੁਰੇ ਕੰਮ ਨੂੰ ਦੁਕ੍ਰਿਤ ਤੇ ਚੰਗੇ ਨੂੰ ਸੁਕ੍ਰਿਤ ਕਹਿੰਦੇ ਹਨ। ਸੁਕ੍ਰਿਤ ਕਰਨੀ ਬੜੀ ਮੁਸ਼ਕਿਲ ਹੈ, ਜਿਸ ਨੂੰ ਕਰਦਿਆਂ ਬਹੁਤ ਕੁਝ ਸਹਿਣਾ ਪੈਂਦਾ ਹੈ। ਇਸ ਪਦੇ ਵਿਚ ਸੁਕ੍ਰਿਤ ਕਰ ਕੇ ਮਿਲਣ ਵਾਲੀ ਮਾਣ-ਵਡਿਆਈ ਨੂੰ ਸਹਿਣ ਦਾ ਜਿਕਰ ਹੈ। ਭਾਵ, ਜਿਹੜਾ ਮਨੁਖ ਨੇਕ ਕਰਮ ਕਰ ਕੇ ਮਿਲਣ ਵਾਲੀ ਮਾਣ-ਵਡਿਆਈ ਨੂੰ ਜਰ ਲੈਂਦਾ ਹੈ, ਭਾਵ ਹੰਕਾਰ ਨਹੀਂ ਕਰਦਾ, ਉਹੀ ‘ਕਰਮ ਕਰਦਿਆਂ ਹੋਇਆਂ ਵੀ ਨਿਸ਼ਕਾਮ ਤੇ ਨਿਮਰਤਾ ਵਿਚ ਰਹਿਣ’ ਦੇ ਪ੍ਰਣ ’ਤੇ ਪੂਰਾ ਉਤਰਦਾ ਹੈ।
ਅਜਿਹਾ ਮਨੁਖ ਹਰ ਰੋਜ ਆਪਣੇ ਵਿਕਾਰੀ ਮਨ ਨਾਲ ਜੂਝਦਾ, ਭਾਵ ਉਸ ਨੂੰ ਮਾੜੇ ਪਾਸੇ ਜਾਣ ਤੋਂ ਵਰਜ ਕੇ ਪ੍ਰਭੂ ਨਾਲ ਜੋੜੀ ਰਖਦਾ ਹੈ। ਪਰ ਇਹ ਲੜਾਈ ਕਿਸੇ ਹੋਰ ਨਾਲ ਨਹੀਂ, ਆਪਣੇ-ਆਪ ਨਾਲ ਲੜਨੀ ਪੈਂਦੀ ਹੈ। ਏਨਾ ਵੀ ਨਹੀਂ ਕਿ ਇਕ ਵਾਰੀ ਲੜ ਲਏ ਤੇ ਲੜ ਲਏ। ਇਸ ਅਭਿਆਸ ਵਿਚ ਆਪਣੇ-ਆਪ ਨਾਲ ਦਿਨ-ਰਾਤ ਲਗਾਤਾਰ ਲੜਦੇ ਰਹਿਣਾ ਪੈਂਦਾ ਹੈ। ਫਿਰ ਕਿਤੇ ਜਾ ਕੇ ਕਾਮਯਾਬੀ ਪੱਲੇ ਪੈਂਦੀ ਹੈ।
ਫਿਰ ਭਗਤ ਕਬੀਰ ਜੀ ਨੇ ਆਪਣੇ-ਆਪ ਨਾਲ ਲੜੀ ਜਾਣ ਵਾਲੀ ਇਸ ਲੜਾਈ ਬਾਰੇ ਦੱਸਿਆ ਹੈ ਕਿ ਇਹ ਉਹ ਲੜਾਈ ਹੈ, ਜਿਸ ਨਾਲ ਮਨੁਖ ਆਪਣੇ ਮਨ ਦੀ ਦੁਬਿਧਾ ਮੇਟ ਕੇ ਇਕ ਪ੍ਰਭੂ ਨੂੰ ਜਾਣ ਸਕਦਾ ਹੈ। ਇਸ ਵਿਚ ਮਨੁਖ ਦੀਆਂ ਗਿਆਨ ਇੰਦਰੀਆਂ ਅਕਸਰ ਰੁਕਾਵਟ ਬਣ ਜਾਂਦੀਆਂ ਹਨ। ਆਪਹੁਦਰੀਆਂ ਪੰਜੇ ਗਿਆਨ ਇੰਦਰੀਆਂ ਜਾਂ ਇਨ੍ਹਾਂ ਦਾ ਆਪਹੁਦਰਾ ਗਿਆਨ ਮਨੁਖ ਨੂੰ ਕੁਰਾਹੇ ਪਾਈ ਰਖਦਾ ਹੈ ਤੇ ਇਹੋ-ਜਿਹੀ ਭਟਕਣ ਵੱਲ ਤੋਰ ਦਿੰਦਾ ਹੈ ਕਿ ਮਨੁਖ ਨੂੰ ਕਦੇ ਸੱਚ ਦਾ ਰਾਹ ਪਤਾ ਹੀ ਨਹੀਂ ਲੱਗਦਾ। ਇਸ ਲਈ ਇਥੇ ਦੱਸਿਆ ਗਿਆ ਹੈ ਕਿ ਪੰਜੇ ਗਿਆਨ ਇੰਦਰੀਆਂ ਦੀ ਰਾਖੀ ਰਖਣ ਨਾਲ ਸਾਰੇ ਹੀ ਭਟਕਣ ਤੋਂ ਬਚੇ ਰਹਿ ਸਕਦੇ ਹਨ। ਭਾਵ, ਕੁਰਾਹੇ ਪੈਣ ਤੋਂ ਬਚਣ ਲਈ ਕਿਸੇ ਕੋਲ ਵੀ ਹੋਰ ਕੋਈ ਚਾਰਾ ਨਹੀਂ ਹੈ।
ਅਖੀਰ ਵਿਚ ਕਿਹਾ ਗਿਆ ਹੈ ਆਪਣੀਆਂ ਗਿਆਨ ਇੰਦਰੀਆਂ ਨੂੰ ਰਾਖੀ ਹੇਠ ਰਖਣ ਵਾਲਾ ਏਨਾ ਚੇਤੰਨ ਰਹਿੰਦਾ ਹੈ ਕਿ ਉਹ ਆਪਣੇ ਸੱਚੇ ਮਾਰਗ ਨੂੰ ਛੱਡ ਕੇ ਕਦੇ ਵੀ ਕੁਰਾਹੇ ਨਹੀਂ ਪੈਂਦਾ। ਉਸ ਇਕ ਪ੍ਰਭੂ ਦੇ ਇਲਾਵਾ ਉਹ ਕਦੇ ਵੀ ਦੂਜੀ ਦ੍ਰਿਸ਼ਟੀ, ਨਜਰ ਜਾਂ ਵਿਚਾਰ ਵਿਚ ਨਹੀਂ ਪੈਂਦਾ। ਭਾਵ, ਉਸ ਦਾ ਯਕੀਨ ਉਸ ਇਕ ਪ੍ਰਭੂ ਵਿਚ ਏਨਾ ਅਟੱਲ ਹੁੰਦਾ ਹੈ ਕਿ ਉਹ ਕਦੇ ਕਿਸੇ ਹੋਰ ਵੱਲ ਦੇਖਦਾ ਹੀ ਨਹੀਂ।