Guru Granth Sahib Logo
  
ਇਹ ਬਾਣੀ ਹਫਤੇ ਦੇ ਸੱਤ ਵਾਰਾਂ (ਦਿਨਾਂ) ਉੱਤੇ ਅਧਾਰਤ ਹੈ। ਆਮ ਤੌਰ ’ਤੇ ਇਨ੍ਹਾਂ ਵਾਰਾਂ ਨਾਲ ਚੰਗੇ-ਮੰਦੇ ਦੀ ਭਾਵਨਾ ਜੋੜ ਲਈ ਜਾਂਦੀ ਹੈ। ਪਰ ਭਗਤ ਕਬੀਰ ਜੀ ਇਸ ਬਾਣੀ ਵਿਚ ਚੰਗੇ-ਮੰਦੇ ਦੇ ਭਾਵ ਦੀ ਥਾਂ ਪ੍ਰਭੂ ਦੇ ਨਾਮ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਇਸ ਬਾਣੀ ਵਿਚ ਸੱਤ ਵਾਰਾਂ ਦੁਆਰਾ ਵਖ-ਵਖ ਉਪਦੇਸ਼ ਦਿੱਤੇ ਹਨ, ਜਿਵੇਂ ਕਿ ਐਤਵਾਰ ਦੁਆਰਾ ਭਗਤੀ ਅਰੰਭ ਕਰਨ ਦਾ, ਸੋਮਵਾਰ ਦੁਆਰਾ ਗੁਰੂ-ਗਿਆਨ ਰੂਪੀ ਚੰਦਰਮਾ ਤੋਂ ਨਾਮ-ਅੰਮ੍ਰਿਤ ਦਾ ਰਸ ਪੀਣ ਦਾ, ਮੰਗਲਵਾਰ ਦੁਆਰਾ ਕਾਮਾਦਿਕ ਵਿਕਾਰਾਂ ਦੀ ਅਸਲੀਅਤ ਨੂੰ ਸਮਝਣ ਦਾ, ਬੁੱਧਵਾਰ ਦੁਆਰਾ ਆਪਣੇ ਅੰਦਰ ਬੁੱਧੀ ਦਾ ਪ੍ਰਕਾਸ਼ ਕਰਨ ਦਾ, ਵੀਰਵਾਰ ਦੁਆਰਾ ਆਪਣੇ ਮਨ ਵਿਚੋਂ ਮਾਇਆ ਦੇ ਮਾਰੂ ਪ੍ਰਭਾਵ ਨੂੰ ਦੂਰ ਕਰਨ ਦਾ, ਸ਼ੁੱਕਰਵਾਰ ਦੁਆਰਾ ਨੇਕ ਕਰਮ ਕਰ ਕੇ ਮਿਲਣ ਵਾਲੀ ਮਾਣ-ਵਡਿਆਈ ਨੂੰ ਜਰਨ ਦਾ, ਸ਼ਨੀਵਾਰ ਦੁਆਰਾ ਆਪਣੀ ਸੁਰਤੀ-ਬਿਰਤੀ ਨੂੰ ਸਥਿਰ ਕਰ ਕੇ ਰਖਣ ਦਾ।
ਬ੍ਰਿਹਸਪਤਿ  ਬਿਖਿਆ ਦੇਇ ਬਹਾਇ ॥ 
ਤੀਨਿ ਦੇਵ ਏਕ ਸੰਗਿ ਲਾਇ 
ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥ 
ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥
-ਗੁਰੂ ਗ੍ਰੰਥ ਸਾਹਿਬ ੩੪੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬ੍ਰਿਹਸਪਤੀ ਨੂੰ ਵੀਰਵਾਰ ਕਹਿੰਦੇ ਹਨ ਤੇ ਵੀਰਵਾਰ ਦੇ ਹਵਾਲੇ ਨਾਲ ਇਸ ਪਦੇ ਵਿਚ ਮਨੁਖ ਨੂੰ ਨਸੀਹਤ ਕੀਤੀ ਗਈ ਹੈ ਕਿ ਉਹ ਜ਼ਹਿਰ ਨੂੰ ਰੋੜ੍ਹ ਦੇਵੇ। ਇਥੇ ਮਨ ਵਿਚਲੇ ਵਿਕਾਰਾਂ ਨੂੰ ਜ਼ਹਿਰ ਕਿਹਾ ਗਿਆ ਹੈ, ਜਿਨ੍ਹਾਂ ਸਦਕਾ ਦੁਰਵਿਚਾਰ ਅਤੇ ਵਿਭਚਾਰ ਪਣਪਦਾ ਹੈ। ਅਜਿਹੇ ਵਿਕਾਰਾਂ ਨਾਲ ਮਨੁਖ ਦਾ ਆਪਣਾ ਹੀ ਨੁਕਸਾਨ ਹੁੰਦਾ ਹੈ। ਇਸ ਲਈ ਆਪਣੇ ਅੰਦਰ ਵਸੀ ਹੋਈ ਅਜਿਹੀ ਬੁਰਾਈ ਛੱਡ ਦੇਣੀ ਚਾਹੀਦੀ ਹੈ। ਇਹੀ ਇਸ ਤੁਕ ਵਿਚ ਸਿੱਖਿਆ ਦਿੱਤੀ ਗਈ ਹੈ।

ਮਨ ਅੰਦਰਲੇ ਬੁਰੇ ਵਿਚਾਰਾਂ ਕਾਰਣ ਮਨੁਖ ਦਾ ਇਹ ਨੁਕਸਾਨ ਹੁੰਦਾ ਹੈ ਕਿ ਉਹ ਇਨ੍ਹਾਂ ਦੇ ਹੁੰਦੇ ਹੋਏ ਸਹੀ ਨਹੀਂ ਸੋਚ ਸਕਦਾ, ਜਿਸ ਕਰਕੇ ਉਹ ਪ੍ਰਭੂ ਦੇ ਇਕ ਰੂਪ ਨੂੰ ਚਿਤਵਣ ਤੋਂ ਅਸਮਰੱਥ ਰਹਿੰਦਾ ਹੈ। ਇਸ ਕਰਕੇ ਉਹ ਪ੍ਰਭੂ ਦੇ ਤਿੰਨ ਕਿਸਮ ਦੇ ਰੂਪਾਂ ਜਾਂ ਪੱਖਾਂ ਵਜੋਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦੇ ਰੂਪ ਵਿਚ ਉਸ ਨੂੰ ਅਲਹਿਦਾ-ਅਲਹਿਦਾ ਅਨੁਮਾਨ ਲੈਂਦਾ ਹੈ। ਉਸ ਇਕ ਨੂੰ ਖੰਡਾਂ ਵਿਚ ਅਨੁਮਾਨਣ ਜਾਂ ਚਿਤਵਣ ਕਾਰਣ ਉਸ ਦੀ ਮਾਨਸਿਕਤਾ ਵੀ ਖੰਡਿਤ ਹੋ ਜਾਂਦੀ ਹੈ। ਖੰਡਿਤ ਮਨ ਕਾਰਣ ਮਨੁਖ ਖੰਡਿਤ (split personality) ਹੋ ਜਾਂਦਾ ਹੈ, ਜੋ ਇਕ ਖਤਰਨਾਕ ਬਿਮਾਰੀ ਹੈ। ਇਸੇ ਲਈ ਆਦੇਸ਼ ਕੀਤਾ ਗਿਆ ਹੈ ਕਿ ਮਨੁਖ ਨੂੰ ਮਨ ਦੀ ਬੁਰਾਈ ਤੋਂ ਮੁਕਤ ਹੋ ਕੇ ਇਨ੍ਹਾਂ ਤਿੰਨ ਰੂਪਾਂ ਦੀ ਬਜਾਏ ਉਸ ਦੇ ਪਰਮ-ਸਰੂਪ ਇਕ ਨਾਲ ਹੀ ਲਿਵ ਲਾਉਣੀ ਚਾਹੀਦੀ ਹੈ।

ਫਿਰ ਇਨ੍ਹਾਂ ਤਿੰਨ ਰੂਪਾਂ ਨੂੰ ਇਕ ਰੂਪ ਵਿਚ ਚਿਤਵਣ ਲਈ ਤਰੀਕਾ ਦੱਸਿਆ ਗਿਆ ਹੈ। ਤਿੰਨ ਨਦੀਆਂ ਤੋਂ ਯਾਦ ਆਉਂਦਾ ਹੈ ਕਿ ਜਮੁਨਾ ਤੇ ਸਰਸਵਤੀ ਦੇ ਸੁਮੇਲ ਜਾਂ ਸੰਗਮ ਵਾਲੀ ਤਿਰਵੇਣੀ ਨੂੰ ਮਹਾਨ ਯੱਗ ਦੇ ਅਰਥਾਂ ਵਿਚ ਪਰਾਗ ਕਿਹਾ ਜਾਂਦਾ ਹੈ, ਅਤੇ ਮੰਨਿਆ ਜਾਂਦਾ ਹੈ ਕਿ ਇਥੇ ਇਸ਼ਨਾਨ ਕਰਨ ਨਾਲ ਮਨ ਦੇ ਪਾਪ ਕੱਟੇ ਜਾਂਦੇ ਹਨ।

ਪਰ ਇਹ ਤਿੰਨ ਨਦੀਆਂ ਮਨੁਖ ਦੇ ਮਸਤਕ ਤੇ ਬਣਨ ਵਾਲੀਆਂ ਤਿੰਨ ਉੱਭਰਦੀਆਂ ਰੇਖਾਵਾਂ ਹਨ, ਜਿਨ੍ਹਾਂ ਨੂੰ ਤਿੰਨ ਨਦੀਆਂ ਦੇ ਸੰਕੇਤ ਵਜੋਂ ਤ੍ਰਿਕੁਟੀ ਕਿਹਾ ਜਾਂਦਾ ਹੈ। ਤਿੰਨ ਪਦਾਰਥਾਂ ਨੂੰ ਕੁੱਟ ਕੇ ਇਕ ਰੂਪ ਕੀਤੇ ਹੋਏ ਪਦਾਰਥ ਨੂੰ ਵੀ ਤ੍ਰਿਕੁਟੀ ਕਹਿੰਦੇ ਹਨ। ਜੋਗ ਦੀ ਭਾਸ਼ਾ ਵਿਚ ਵੀ ਮਸਤਕ ਦੇ ਇਸ ਸਥਾਨ ਨੂੰ ਤਿੰਨ ਨਦੀਆਂ ਦੇ ਸੁਮੇਲ, ਭਾਵ ਤ੍ਰਿਵੇਣੀ ਨੂੰ ਤ੍ਰਿਕੁਟੀ ਕਹਿੰਦੇ ਹਨ। 

ਇਸ ਤੁਕ ਵਿਚ ਵੀ ਇਹੀ ਦੱਸਿਆ ਗਿਆ ਹੈ ਕਿ ਮਨੁਖ ਨੂੰ ਤਿੰਨ ਨਦੀਆਂ ਦੇ ਸੁਮੇਲ ਦੀ ਸੰਕੇਤਕ ਪਰਾਗ ਜਾਂ ਤਿਰਵੇਣੀ ਜਿਹੀ ਸੋਚ ਅਤੇ ਵਿਚਾਰ-ਚਰਚਾ ਦੀ ਬਦੌਲਤ ਚਿੰਤਨ ਦੀ ਅਵਸਥਾ ਵਿਚ ਪ੍ਰਵੇਸ਼ ਕਰਨਾ ਚਾਹੀਦਾ ਹੈ ਤਾਂ ਜੋ ਉਹ ਇਨ੍ਹਾਂ ਤਿੰਨ ਰੂਪਾਂ ਜਾਂ ਪੱਖਾਂ ਦੀ ਬਜਾਏ ਇਕ ਰੂਪ ਨੂੰ ਜਾਣ ਅਤੇ ਪਛਾਣ ਸਕੇ ਤੇ ਸੰਤੁਲਿਤ ਜੀਵਨ ਜੀਣ ਲਈ ਆਪਣੀ ਖੰਡਿਤ ਹਸਤੀ ਨੂੰ ਅਖੰਡ ਕਰ ਸਕੇ।  

ਪਰ, ਭਗਤ ਕਬੀਰ ਜੀ ਹੈਰਾਨ ਹੁੰਦੇ ਹਨ ਕਿ ਮਨੁਖ ਕੋਲ ਸੋਚ ਅਤੇ ਵਿਚਾਰ-ਚਰਚਾ ਦੇ ਰੂਪ ਵਿਚ, ਚੰਗੀ ਭਲੀ, ਤ੍ਰਿਵੇਣੀ ਅਤੇ ਤ੍ਰਿਕੁਟੀ ਦੀ ਵਿਵਸਥਾ ਮੌਜੂਦ ਹੈ। ਫਿਰ ਭਗਤ ਕਬੀਰ ਜੀ ਸਵਾਲ ਕਰਦੇ ਹਨ ਕਿ ਮਨੁਖ ਮਸਤਕ ਦੀ ਉਸ ਅਵਸਥਾ, ਭਾਵ ਤਿੰਨ ਨਦੀਆਂ ਦੇ ਸੁਮੇਲ, ਤ੍ਰਿਵੇਣੀ ਅਤੇ ਤ੍ਰਿਕੁਟੀ ਦੇ ਸੰਕੇਤਕ ਪਾਣੀ ਵਿਚ ਇਸ਼ਨਾਨ ਕਰਕੇ, ਆਪਣੇ ਮਨ ਦੇ ਪਾਪ ਨੂੰ ਧੋ ਕੇ ਸਾਫ ਅਤੇ ਪਵਿੱਤਰ ਕਿਉਂ ਨਹੀਂ ਕਰਦਾ? ਭਾਵ, ਉਸ ਨੂੰ ਆਪਣੀ ਸੁਰਤ ਦੀ ਉੱਚ ਅਵਸਥਾ ਵਿਚ ਪੁੱਜ ਕੇ ਸੋਚ, ਵਿਚਾਰ ਅਤੇ ਚਿੰਤਨ ਸਦਕਾ ਆਪਣੇ-ਆਪ ਨੂੰ ਬੁਰੇ ਵਿਚਾਰਾਂ ਤੇ ਵਿਕਾਰਾਂ ਤੋਂ ਮੁਕਤ ਰਖਣਾ ਚਾਹੀਦਾ ਹੈ। 

ਇਥੇ ਤਿੰਨ ਨਦੀਆਂ ਦੀ ਤ੍ਰਿਵੇਣੀ ਅਤੇ ਤ੍ਰਿਕੁਟੀ ਮਸਤਕ ਦੀ ਪਰਮ-ਗਿਆਨਮਈ ਅਵਸਥਾ ਦੀਆਂ ਸੰਕੇਤਕ ਹਨ, ਜਿਥੇ ਇਸ਼ਨਾਨ ਕਰ ਕੇ ਮਨੁਖ ਨੇ ਮਨ ਦੀ ਮੈਲ ਉਤਾਰਨੀ ਹੈ। ਪਰ ਮਨੁਖ ਦੇ ਅਵੇਸਲੇਪਣ ਕਾਰਣ ਭਗਤ ਕਬੀਰ ਜੀ ਹੈਰਾਨੀ ਭਰਿਆ ਸਵਾਲ ਕਰਦੇ ਹਨ ਕਿ ਇਥੇ ਮਨੁਖ ਦਿਨ-ਰਾਤ ਆਪਣੇ ਮਨ ਦੀ ਮੈਲ ਕਿਉਂ ਨਹੀਂ ਧੋਂਦਾ? ਭਾਵ, ਉਸ ਨੂੰ ਧੋਣੀ ਚਾਹੀਦੀ ਹੈ।

ਨੋਟ: ਇਸ਼ਨਾਨ ਸਿਰਫ ਦੇਹੀ ਦਾ ਹੀ ਨਹੀਂ ਹੁੰਦਾ, ਬਲਕਿ ਗਿਆਨ ਹਾਸਲ ਕਰਨ ਨੂੰ ਵੀ ਇਸ਼ਨਾਨ ਹੀ ਕਿਹਾ ਜਾਂਦਾ ਹੈ। ਇਹ ਗਿਆਨ ਦੇ ਸਰੋਵਰ ਵਿਚ ਕੀਤਾ ਗਿਆ ਮਨ ਦਾ ਇਸ਼ਨਾਨ ਹੈ। ਭਾਈ ਗੁਰਦਾਸ ਲਿਖਦੇ ਹਨ: ਤ੍ਰਿਕੁਟੀ ਲੰਘਿ ਤ੍ਰਿਬੇਣੀ ਨ੍ਹਾਏ ॥ ਗੁਰਮਖਿ ਇਕੁ ਮਨ ਇਕ ਧਿਆਏ ॥

Tags