ਇਹ ਬਾਣੀ ਹਫਤੇ ਦੇ ਸੱਤ ਵਾਰਾਂ (ਦਿਨਾਂ) ਉੱਤੇ ਅਧਾਰਤ ਹੈ। ਆਮ ਤੌਰ ’ਤੇ ਇਨ੍ਹਾਂ ਵਾਰਾਂ ਨਾਲ ਚੰਗੇ-ਮੰਦੇ ਦੀ ਭਾਵਨਾ ਜੋੜ ਲਈ ਜਾਂਦੀ ਹੈ। ਪਰ ਭਗਤ ਕਬੀਰ ਜੀ ਇਸ ਬਾਣੀ ਵਿਚ ਚੰਗੇ-ਮੰਦੇ ਦੇ ਭਾਵ ਦੀ ਥਾਂ ਪ੍ਰਭੂ ਦੇ
ਨਾਮ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਇਸ ਬਾਣੀ ਵਿਚ ਸੱਤ ਵਾਰਾਂ ਦੁਆਰਾ ਵਖ-ਵਖ ਉਪਦੇਸ਼ ਦਿੱਤੇ ਹਨ, ਜਿਵੇਂ ਕਿ ਐਤਵਾਰ ਦੁਆਰਾ ਭਗਤੀ ਅਰੰਭ ਕਰਨ ਦਾ, ਸੋਮਵਾਰ ਦੁਆਰਾ ਗੁਰੂ-ਗਿਆਨ ਰੂਪੀ ਚੰਦਰਮਾ ਤੋਂ ਨਾਮ-ਅੰਮ੍ਰਿਤ ਦਾ ਰਸ ਪੀਣ ਦਾ,
ਮੰਗਲਵਾਰ ਦੁਆਰਾ ਕਾਮਾਦਿਕ ਵਿਕਾਰਾਂ ਦੀ ਅਸਲੀਅਤ ਨੂੰ ਸਮਝਣ ਦਾ, ਬੁੱਧਵਾਰ ਦੁਆਰਾ ਆਪਣੇ ਅੰਦਰ ਬੁੱਧੀ ਦਾ ਪ੍ਰਕਾਸ਼ ਕਰਨ ਦਾ, ਵੀਰਵਾਰ ਦੁਆਰਾ ਆਪਣੇ ਮਨ ਵਿਚੋਂ
ਮਾਇਆ ਦੇ ਮਾਰੂ ਪ੍ਰਭਾਵ ਨੂੰ ਦੂਰ ਕਰਨ ਦਾ, ਸ਼ੁੱਕਰਵਾਰ ਦੁਆਰਾ ਨੇਕ ਕਰਮ ਕਰ ਕੇ ਮਿਲਣ ਵਾਲੀ ਮਾਣ-ਵਡਿਆਈ ਨੂੰ ਜਰਨ ਦਾ, ਸ਼ਨੀਵਾਰ ਦੁਆਰਾ ਆਪਣੀ ਸੁਰਤੀ-ਬਿਰਤੀ ਨੂੰ ਸਥਿਰ ਕਰ ਕੇ ਰਖਣ ਦਾ।
ਬੁਧਵਾਰਿ ਬੁਧਿ ਕਰੈ ਪ੍ਰਗਾਸ ॥
ਹਿਰਦੈ ਕਮਲ ਮਹਿ ਹਰਿ ਕਾ ਬਾਸ ॥
ਗੁਰ ਮਿਲਿ ਦੋਊ ਏਕ ਸਮ ਧਰੈ ॥
ਉਰਧ ਪੰਕ ਲੈ ਸੂਧਾ ਕਰੈ ॥੪॥
-ਗੁਰੂ ਗ੍ਰੰਥ ਸਾਹਿਬ ੩੪੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਹ ਹਫਤੇ ਦਾ ਚੌਥਾ ਦਿਨ ਹੈ ਤੇ ਇਸ ਨਾਮ ਤੋਂ ਮਨ ਵਿਚ ਬੁੱਧੀਮਾਨ ਜਾਂ ਗਿਆਨਵਾਨ ਹੋਣ ਦਾ ਵਿਚਾਰ ਉਪਜਦਾ ਹੈ। ਇਸ ਲਈ ਕਬੀਰ ਜੀ ਕਹਿੰਦੇ ਹਨ ਕਿ ਮਨੁਖ ਨੂੰ ਆਪਣਾ ਜੀਵਨ ਜੀਣ ਲਈ ਬੁੱਧੀ, ਭਾਵ ਗਿਆਨ ਦਾ ਪ੍ਰਕਾਸ਼ ਪ੍ਰਾਪਤ ਕਰਨਾ ਚਾਹੀਦਾ ਹੈ। ਜਿਵੇਂ ਹਨੇਰੇ ਵਿਚ ਕਿਤੇ ਜਾਣ ਲਈ ਚਾਨਣ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਜੀਵਨ ਦੀ ਤੋਰ ਤੁਰਦਿਆਂ ਅਗਿਆਨ ਦੇ ਹਨੇਰੇ ਤੋਂ ਬਚਣ ਲਈ ਗੁਰੂ ਦੇ ਗਿਆਨ ਰੂਪੀ ਚਾਨਣ ਦੀ ਲੋੜ ਹੁੰਦੀ ਹੈ।
ਜੀਵਨ ਦੇ ਫੈਸਲੇ ਅਕਸਰ ਮਨ ਕਰਦਾ ਹੈ। ਜੇ ਇਹ ਮਨ ਗਿਆਨ ਤੋਂ ਵਿਹੂਣਾ ਹੋਵੇ ਤਾਂ ਇਸ ਦੇ ਫੈਸਲੇ ਕੁਰਾਹੇ ਪਾਉਣ ਵਾਲੇ ਜਾਂ ਭਟਕਣ ਵਿਚ ਸੁੱਟਣ ਵਾਲੇ ਹੁੰਦੇ ਹਨ। ਪਰ ਜੇ ਕੋਈ ਆਪਣੇ ਹਿਰਦੇ ਨੂੰ ਮਸਤਕ ਦੇ ਗਿਆਨ ਦੇ ਅਧੀਨ ਰੱਖੇ, ਭਾਵ ਗਿਆਨ ਦੇ ਪ੍ਰਕਾਸ਼ ਅਨੁਸਾਰ ਫੈਸਲੇ ਕਰੇ ਤਾਂ ਕਮਲ ਜਿਹਾ ਸਵੱਛ ਹਿਰਦਾ ਪ੍ਰਕਾਸ਼ਵਾਨ ਹੋ ਜਾਂਦਾ ਹੈ। ਭਾਵ, ਹਿਰਦੇ ਵਿਚ ਗਿਆਨ ਰੂਪ ਹਰੀ-ਪ੍ਰਭੂ ਦਾ ਵਾਸ ਹੋ ਜਾਂਦਾ ਹੈ।
ਫਿਰ ਭਗਤ ਕਬੀਰ ਜੀ ਦੱਸਦੇ ਹਨ ਕਿ ਉੱਪਰ ਦੱਸੀ ਅਵਸਥਾ ਆਪਣੇ-ਆਪ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਹਿਰਦੇ ਵਿਚ ਜੋਤ ਰੂਪ ਹਰੀ-ਪ੍ਰਭੂ ਦਾ ਪ੍ਰਕਾਸ਼ ਜਾਂ ਗਿਆਨ ਪ੍ਰਾਪਤ ਕਰਨ ਲਈ ਗੁਰੂ ਦੇ ਮਿਲਾਪ ਦੀ ਲੋੜ ਪੈਂਦੀ ਹੈ। ਇਥੇ ਗੁਰੂ ਦਾ ਭਾਵ ਉਹ ਗਿਆਨ ਹੈ, ਜੋ ਪ੍ਰਭੂ-ਮਿਲਾਪ ਦੀ ਵਿਧੀ ਜਾਣਦਾ ਹੋਵੇ ਤੇ ਕਿਸੇ ਨੂੰ ਉਹ ਵਿਧੀ ਦੱਸ ਸਕਦਾ ਹੋਵੇ। ਗੁਰੂ ਦੀ ਦੱਸੀ ਵਿਧੀ ਤੇ ਅਮਲ ਕਰਨ ਨਾਲ ਹੀ ਹਿਰਦੇ ਵਿਚ ਪ੍ਰਭੂ ਦਾ ਵਾਸਾ ਹੁੰਦਾ ਹੈ। ਇਹੀ ਉਹ ਅਵਸਥਾ ਹੈ ਜਿਥੇ ਮਨੁਖ ਪ੍ਰਭੂ ਦਾ ਰੂਪ ਜਾਂ ਉਸ ਪਰਮ ਹਸਤੀ ਨਾਲ ਇਕਮਿਕ ਹੋ ਜਾਂਦਾ ਹੈ।
ਅਖੀਰ ਵਿਚ ਭਗਤ ਕਬੀਰ ਜੀ ਨੇ ਦੱਸਿਆ ਹੈ ਕਿ ਉਪਰੋਕਤ ਵਿਧੀ ਅਨੁਸਾਰ ਪ੍ਰਭੂ ਤੋਂ ਬੇਮੁਖ ਹੋਇਆ ਮਨ ਜਾਂ ਉਲਟੀ ਸੋਚ ਵਾਲਾ ਮਨ ਗੁਰੂ ਦੀ ਸਿੱਖਿਆ ’ਤੇ ਅਮਲ ਕਰਨ ਨਾਲ ਨਿਰਮਲ ਕਰਮ ਕਰਦਾ ਹੋਇਆ ਪ੍ਰਭੂ ਵੱਲ ਮੁੜਕੇ ਉਸ ਨਾਲ ਜੁੜ ਜਾਂਦਾ ਹੈ। ਇਸ ਤਬਦੀਲੀ ਲਈ ਕਮਲ ਦੀ ਉਦਾਹਰਣ ਦਿੱਤੀ ਗਈ ਹੈ ਕਿ ਜਿਵੇਂ ਉਲਟਾ ਕਮਲ ਖਿੜ ਕੇ ਸਿੱਧਾ ਹੋ ਜਾਂਦਾ ਹੈ, ਉਸੇ ਤਰ੍ਹਾਂ ਹੀ ਮਨ ਸਿੱਧਾ ਹੋ ਜਾਂਦਾ ਹੈ। ਭਾਵ, ਪ੍ਰਭੂ ਪਿਆਰ ਵਿਚ ਲੀਨ ਹੋ ਜਾਂਦਾ ਹੈ।