Guru Granth Sahib Logo
  
ਇਹ ਬਾਣੀ ਹਫਤੇ ਦੇ ਸੱਤ ਵਾਰਾਂ (ਦਿਨਾਂ) ਉੱਤੇ ਅਧਾਰਤ ਹੈ। ਆਮ ਤੌਰ ’ਤੇ ਇਨ੍ਹਾਂ ਵਾਰਾਂ ਨਾਲ ਚੰਗੇ-ਮੰਦੇ ਦੀ ਭਾਵਨਾ ਜੋੜ ਲਈ ਜਾਂਦੀ ਹੈ। ਪਰ ਭਗਤ ਕਬੀਰ ਜੀ ਇਸ ਬਾਣੀ ਵਿਚ ਚੰਗੇ-ਮੰਦੇ ਦੇ ਭਾਵ ਦੀ ਥਾਂ ਪ੍ਰਭੂ ਦੇ ਨਾਮ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਇਸ ਬਾਣੀ ਵਿਚ ਸੱਤ ਵਾਰਾਂ ਦੁਆਰਾ ਵਖ-ਵਖ ਉਪਦੇਸ਼ ਦਿੱਤੇ ਹਨ, ਜਿਵੇਂ ਕਿ ਐਤਵਾਰ ਦੁਆਰਾ ਭਗਤੀ ਅਰੰਭ ਕਰਨ ਦਾ, ਸੋਮਵਾਰ ਦੁਆਰਾ ਗੁਰੂ-ਗਿਆਨ ਰੂਪੀ ਚੰਦਰਮਾ ਤੋਂ ਨਾਮ-ਅੰਮ੍ਰਿਤ ਦਾ ਰਸ ਪੀਣ ਦਾ, ਮੰਗਲਵਾਰ ਦੁਆਰਾ ਕਾਮਾਦਿਕ ਵਿਕਾਰਾਂ ਦੀ ਅਸਲੀਅਤ ਨੂੰ ਸਮਝਣ ਦਾ, ਬੁੱਧਵਾਰ ਦੁਆਰਾ ਆਪਣੇ ਅੰਦਰ ਬੁੱਧੀ ਦਾ ਪ੍ਰਕਾਸ਼ ਕਰਨ ਦਾ, ਵੀਰਵਾਰ ਦੁਆਰਾ ਆਪਣੇ ਮਨ ਵਿਚੋਂ ਮਾਇਆ ਦੇ ਮਾਰੂ ਪ੍ਰਭਾਵ ਨੂੰ ਦੂਰ ਕਰਨ ਦਾ, ਸ਼ੁੱਕਰਵਾਰ ਦੁਆਰਾ ਨੇਕ ਕਰਮ ਕਰ ਕੇ ਮਿਲਣ ਵਾਲੀ ਮਾਣ-ਵਡਿਆਈ ਨੂੰ ਜਰਨ ਦਾ, ਸ਼ਨੀਵਾਰ ਦੁਆਰਾ ਆਪਣੀ ਸੁਰਤੀ-ਬਿਰਤੀ ਨੂੰ ਸਥਿਰ ਕਰ ਕੇ ਰਖਣ ਦਾ।
ਮੰਗਲਵਾਰੇ  ਲੇ ਮਾਹੀਤਿ ॥ 
ਪੰਚ ਚੋਰ ਕੀ ਜਾਣੈ ਰੀਤਿ 
ਘਰ ਛੋਡੇਂ ਬਾਹਰਿ ਜਿਨਿ ਜਾਇ ॥ 
ਨਾਤਰੁ ਖਰਾ ਰਿਸੈ ਹੈ ਰਾਇ ॥੩॥
-ਗੁਰੂ ਗ੍ਰੰਥ ਸਾਹਿਬ ੩੪੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮੰਗਲਵਾਰ ਹਫਤੇ ਦਾ ਤੀਜਾ ਦਿਨ ਹੈ ਤੇ ਮੰਗਲ ਦਾ ਅਰਥ ਹੈ, ਅਨੰਦਮਈ। ਇਸ ਦਿਨ ਦੇ ਹਵਾਲੇ ਨਾਲ ਭਗਤ ਕਬੀਰ ਜੀ ਕਹਿੰਦੇ ਹਨ ਕਿ ਮਨੁਖ ਨੂੰ ਅਨੰਦਮਈ ਜੀਵਨ ਜਿਊਣ ਲਈ ਗਿਆਨ ਦਾ ਤੱਤਸਾਰ ਪ੍ਰਾਪਤ ਕਰਨਾ ਚਾਹੀਦਾ ਹੈ। ਕਿਉਂਕਿ ਗਿਆਨ ਵਿਹੂਣੇ ਜੀਵਨ ਵਿਚ ਦੁਖ ਹੀ ਦੁਖ ਉਪਜਦੇ ਹਨ ਤੇ ਗਿਆਨਵਾਨ ਮਨੁਖ ਦੁਖ ਤੋਂ ਬਚ ਜਾਂਦੇ ਹਨ। ਦੇਖਿਆ ਜਾਵੇ ਤਾਂ ਗਿਆਨਵਾਨ ਲੋਕਾਂ ਦੇ ਜੀਵਨ ਵਿਚ ਵੀ ਦੁਖ ਆਉਂਦੇ ਹਨ, ਪਰ ਗਿਆਨ ਸਦਕਾ ਉਹ ਉਸ ਦੁਖ ਤੋਂ ਦੁਖੀ ਨਹੀਂ ਹੁੰਦੇ ਤੇ ਦੁਖ ਵਿਚ ਵੀ ਸੁਖ ਮਹਿਸੂਸ ਕਰਦੇ ਹਨ। ਅਗਿਆਨੀ ਮਨੁਖ ਖੁਸ਼ੀ ਪ੍ਰਾਪਤ ਹੋਣ ’ਤੇ ਵੀ ਇਹੋ-ਜਿਹੇ ਫਿਕਰ ਕਰਨ ਲੱਗ ਪੈਂਦਾ ਹੈ ਕਿ ਜੇ ਇਹ ਖੁਸ਼ੀ ਨਾ ਰਹੀ ਤਾਂ ਕੀ ਹੋਵੇਗਾ। ਇਹੋ-ਜਿਹੀਆਂ ਸੋਚਾਂ ਕਾਰਣ ਉਹ ਦੁਖੀ ਹੀ ਰਹਿੰਦਾ ਹੈ। ਇਸ ਕਰਕੇ ਅਸਲ ਖੁਸ਼ੀ ਲਈ ਗਿਆਨਵਾਦ ਹੋਣਾ ਜ਼ਰੂਰੀ ਦੱਸਿਆ ਹੈ।

ਫਿਰ ਦੱਸਿਆ ਗਿਆ ਹੈ ਕਿ ਕਿਹੜਾ ਗਿਆਨ ਪ੍ਰਾਪਤ ਕਰਨਾ ਹੈ। ਮਨੁਖ ਨੂੰ ਭਟਕਾਉਣ ਵਾਲੇ ਤੇ ਦੁਖ ਦੇਣ ਵਾਲੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਪੰਜ ਰੁਝਾਨ ਹਨ। ਇਨ੍ਹਾਂ ਪੰਜਾਂ ਨੂੰ ਇਥੇ ਚੋਰ ਕਿਹਾ ਗਿਆ ਹੈ। ਪਰ ਇਹ ਪੰਜੇ ਹੀ ਉਸ ਵੇਲੇ ਚੋਰ ਹੁੰਦੇ ਹਨ, ਜਦ ਇਨ੍ਹਾਂ ਦੀ ਸਹੀ ਜਾਣਕਾਰੀ ਨਾ ਹੋਵੇ। ਇਸ ਹਾਲਤ ਵਿਚ ਇਹ ਦੁਖਾਂ ਦੇ ਕਾਰਣ ਬਣਦੇ ਹਨ। ਪਰ ਜਦ ਇਨ੍ਹਾਂ ਦਾ ਸਹੀ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਾਂ ਇਹ ਪੰਜੇ ਚੋਰ ਦੁਖ ਦੇ ਕਾਰਣ ਨਹੀਂ ਰਹਿੰਦੇ, ਬਲਕਿ ਅਨੰਦ ਦਾ ਸਾਧਨ ਬਣ ਜਾਂਦੇ ਹਨ। ਇਸ ਲਈ ਇਥੇ ਦੱਸਿਆ ਗਿਆ ਹੈ ਕਿ ਇਨ੍ਹਾਂ ਪੰਜਾਂ ਦੀ ਰੀਤ, ਭਾਵ ਇਨ੍ਹਾਂ ਦੀ ਸਹੀ ਵਰਤੋਂ ਜਾਂ ਕਾਬੂ ਹੇਠ ਰਖਣ ਦੇ ਤਰੀਕੇ ਨੂੰ ਸਮਝਣਾ ਚਾਹੀਦਾ ਹੈ।

ਅਕਸਰ ਇਹ ਸਮਝ ਲਿਆ ਜਾਂਦਾ ਹੈ ਕਿ ਇਹ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਘਰਾਂ ਅੰਦਰ ਰਹਿਣ ਵਾਲੇ ਪਰਵਾਰਕ ਲੋਕਾਂ ਨੂੰ ਹੀ ਭਟਕਾਉਂਦੇ, ਸਤਾਉਂਦੇ ਜਾਂ ਦੁਖ ਦਾ ਕਾਰਣ ਬਣਦੇ ਹਨ। ਇਸ ਲਈ ਮਨੁਖ ਇਨ੍ਹਾਂ ਪੰਜਾਂ ਤੋਂ ਬਚਣ ਲਈ ਘਰ-ਪਰਵਾਰ ਆਦਿ ਛੱਡ ਕੇ ਬਾਹਰ ਕਿਤੇ ਜਾ ਡੇਰਾ ਲਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਹ ਆਪਣੇ-ਆਪ ਉੱਤੇ ਕੇਂਦਰਤ ਹੋ ਸਕਣ। ਪਰ ਭਗਤ ਕਬੀਰ ਜੀ ਘਰ-ਪਰਵਾਰ ਦੇ ਅਜਿਹੇ ਤਿਆਗ ’ਤੇ ਪ੍ਰਸ਼ਨ-ਚਿੰਨ੍ਹ ਲਗਾਉਂਦੇ ਹੋਏ ਪੁੱਛਦੇ ਹਨ ਕਿ ਹੇ ਮਨੁਖ! ਤੂੰ ਇਨ੍ਹਾਂ ਪੰਜਾਂ ਤੋਂ ਬਚਣ ਲਈ ਘਰ-ਪਰਵਾਰ ਛੱਡ ਰਿਹਾ ਹੈਂ? ਫਿਰ ਨਾਲ ਹੀ ਨਸੀਹਤ ਦਿੰਦੇ ਹਨ ਕਿ ਤੂੰ ਹਰ ਆਪਣੇ ਮਨ ਨੂੰ ਨਿਜ-ਘਰ ਵਿਚ ਟਿਕਾ ਕੇ ਰਖ।

ਫਿਰ ਭਗਤ ਕਬੀਰ ਜੀ ਆਪਣੀ ਨਸੀਹਤ ਦਾ ਕਾਰਣ ਦੱਸਦੇ ਹਨ ਕਿ ਇਹ ਪੰਜ ਚੋਰ, ਭਾਵ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੀ ਪ੍ਰਕਿਰਤੀ ਸਮਝ ਕੇ, ਇਸ ਨੂੰ ਕਾਬੂ ਹੇਠ ਰਖ ਕੇ, ਇਸ ਦੀ ਸਹੀ ਅਤੇ ਸੁਚੱਜੀ ਵਰਤੋਂ ਕਰੇ, ਨਹੀਂ ਤਾਂ ਮਾਲਕ-ਪ੍ਰਭੂ ਬਹੁਤ ਗੁੱਸੇ ਹੋਵੇਗਾ। ਕਿਉਂਕਿ ਇਹ ਪੰਜੇ ਰੁਝਾਨ ਉਦੋਂ ਚੋਰ ਸਾਬਤ ਹੁੰਦੇ ਹਨ, ਜਦ ਇਨ੍ਹਾਂ ਦਾ ਗਿਆਨ ਨਾ ਹੋਵੇ ਤੇ ਅਗਿਆਨ-ਵਸ ਇਨ੍ਹਾਂ ਦੀ ਦੁਰਵਰਤੋਂ ਹੋਵੇ। ਪਰ ਇਨ੍ਹਾਂ ਨੂੰ ਸੋਚ-ਸਮਝ ਕੇ ਇਨ੍ਹਾਂ ਦੀ ਵਰਤੋਂ ਸੁਖਦਾਇਕ ਹੋ ਜਾਂਦੀ ਹੈ।

ਇਸ ਪਦੇ ਵਿਚ ਅਨੰਦਮਈ ਜੀਵਨ ਲਈ ਭਗਤ ਕਬੀਰ ਜੀ ਨੇ ਤਿਆਗ ਦੀ ਬਜਾਏ, ਸੂਝ-ਬੂਝ ਨਾਲ ਘਰ-ਪਰਵਾਰ ਵਿਚ ਰਹਿਣ ਦੀ ਪ੍ਰੇਰਨਾ ਦਿੱਤੀ ਹੈ।

Tags