ਇਹ ਬਾਣੀ ਹਫਤੇ ਦੇ ਸੱਤ ਵਾਰਾਂ (ਦਿਨਾਂ) ਉੱਤੇ ਅਧਾਰਤ ਹੈ। ਆਮ ਤੌਰ ’ਤੇ ਇਨ੍ਹਾਂ ਵਾਰਾਂ ਨਾਲ ਚੰਗੇ-ਮੰਦੇ ਦੀ ਭਾਵਨਾ ਜੋੜ ਲਈ ਜਾਂਦੀ ਹੈ। ਪਰ ਭਗਤ ਕਬੀਰ ਜੀ ਇਸ ਬਾਣੀ ਵਿਚ ਚੰਗੇ-ਮੰਦੇ ਦੇ ਭਾਵ ਦੀ ਥਾਂ ਪ੍ਰਭੂ ਦੇ
ਨਾਮ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਇਸ ਬਾਣੀ ਵਿਚ ਸੱਤ ਵਾਰਾਂ ਦੁਆਰਾ ਵਖ-ਵਖ ਉਪਦੇਸ਼ ਦਿੱਤੇ ਹਨ, ਜਿਵੇਂ ਕਿ ਐਤਵਾਰ ਦੁਆਰਾ ਭਗਤੀ ਅਰੰਭ ਕਰਨ ਦਾ, ਸੋਮਵਾਰ ਦੁਆਰਾ ਗੁਰੂ-ਗਿਆਨ ਰੂਪੀ ਚੰਦਰਮਾ ਤੋਂ ਨਾਮ-ਅੰਮ੍ਰਿਤ ਦਾ ਰਸ ਪੀਣ ਦਾ,
ਮੰਗਲਵਾਰ ਦੁਆਰਾ ਕਾਮਾਦਿਕ ਵਿਕਾਰਾਂ ਦੀ ਅਸਲੀਅਤ ਨੂੰ ਸਮਝਣ ਦਾ, ਬੁੱਧਵਾਰ ਦੁਆਰਾ ਆਪਣੇ ਅੰਦਰ ਬੁੱਧੀ ਦਾ ਪ੍ਰਕਾਸ਼ ਕਰਨ ਦਾ, ਵੀਰਵਾਰ ਦੁਆਰਾ ਆਪਣੇ ਮਨ ਵਿਚੋਂ
ਮਾਇਆ ਦੇ ਮਾਰੂ ਪ੍ਰਭਾਵ ਨੂੰ ਦੂਰ ਕਰਨ ਦਾ, ਸ਼ੁੱਕਰਵਾਰ ਦੁਆਰਾ ਨੇਕ ਕਰਮ ਕਰ ਕੇ ਮਿਲਣ ਵਾਲੀ ਮਾਣ-ਵਡਿਆਈ ਨੂੰ ਜਰਨ ਦਾ, ਸ਼ਨੀਵਾਰ ਦੁਆਰਾ ਆਪਣੀ ਸੁਰਤੀ-ਬਿਰਤੀ ਨੂੰ ਸਥਿਰ ਕਰ ਕੇ ਰਖਣ ਦਾ।
ਸੋਮਵਾਰਿ ਸਸਿ ਅੰਮ੍ਰਿਤੁ ਝਰੈ ॥
ਚਾਖਤ ਬੇਗਿ ਸਗਲ ਬਿਖ ਹਰੈ ॥
ਬਾਣੀ ਰੋਕਿਆ ਰਹੈ ਦੁਆਰ ॥
ਤਉ ਮਨੁ ਮਤਵਾਰੋ ਪੀਵਨਹਾਰ ॥੨॥
-ਗੁਰੂ ਗ੍ਰੰਥ ਸਾਹਿਬ ੩੪੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸੋਮਵਾਰ ਹਫਤੇ ਦਾ ਦੂਸਰਾ ਦਿਨ ਹੈ ਤੇ ਸੋਮ ਚੰਦਰਮਾ ਨੂੰ ਕਹਿੰਦੇ ਹਨ। ਸੂਰਜ ਗਿਆਨ ਦਾ ਪ੍ਰਤੀਕ ਹੈ ਤੇ ਚੰਦਰਮਾ ਹਿਰਦੇ ਦਾ। ਹਿਰਦੇ ਵਿਚ ਭਾਵ ਹੁੰਦੇ ਹਨ ਤੇ ਭਾਵਾਂ ਵਿਚ ਰਸ ਹੁੰਦਾ ਹੈ। ਸੋਮਵਲੀ ਇਕ ਅਜਿਹੀ ਵੇਲ ਹੈ, ਜਿਸ ਦੇ ਪੱਤੇ ਚੰਦਰਮਾਂ ਦੇ ਵਧਣ ਨਾਲ ਵਧਦੇ ਹਨ ਤੇ ਘੱਟਣ ਨਾਲ ਘੱਟਦੇ ਹਨ। ਇਸ ਵੇਲ ਦੇ ਏਕਮ ਨੂੰ ਇਕ ਪੱਤਾ ਤੇ ਚੌਦਵੀਂ ਨੂੰ ਚੌਦਾਂ ਤੇ ਪੂਰਨਮਾਸ਼ੀ ਨੂੰ ਪੰਦਰਾਂ ਪੱਤੇ ਹੋ ਜਾਂਦੇ ਹਨ। ਇਸੇ ਤਰ੍ਹਾਂ ਚੰਦਰਮਾ ਦੇ ਹਨੇਰੇ ਪੱਖ ਨਾਲ ਇਕ-ਇਕ ਕਰਕੇ ਝੜਦੇ ਜਾਂਦੇ ਹਨ ਤੇ ਅਮਾਵਸ ਦੀ ਰਾਤ ਨੂੰ ਪੰਦਰਾਂ ਦੇ ਪੰਦਰਾਂ ਪੱਤੇ ਝੜ ਜਾਂਦੇ ਹਨ। ਇਸ ਵੇਲ ਨੂੰ ਨਿਚੋੜ ਕੇ ਰਸ ਕੱਢਿਆ ਜਾਂਦਾ ਹੈ, ਜਿਸ ਨੂੰ ਸੋਮਰਸ ਕਿਹਾ ਜਾਂਦਾ ਹੈ। ਇਸ ਦੇ ਸੇਵਨ ਨਾਲ ਮਨੁਖ ਅਮਰ ਹੋ ਗਏ ਮਹਿਸੂਸ ਕਰਦੇ ਹਨ। ਇਸ ਰਸ ਨੂੰ ਅੰਮ੍ਰਿਤ ਵੀ ਕਿਹਾ ਜਾਂ ਸਮਝਿਆ ਜਾਂਦਾ ਹੈ ਤੇ ਇਸ ਦਾ ਸੰਬੰਧ ਅਸਲ ਵਿਚ ਚੰਦਰਮਾ ਨਾਲ ਹੈ, ਜੋ ਹਿਰਦੇ ਨੂੰ ਉਤਸ਼ਾਹਿਤ ਕਰਦਾ ਹੈ।
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਗੁਰੂ ਦੀ ਸਿੱਖਿਆ ਜਦ ਮਸਤਕ ਤੋਂ ਹਿਰਦੇ ਵਿਚ ਉਤਰਦੀ ਹੈ ਤਾਂ ਹਿਰਦੇ ਵਿਚ ਅਮਰਤਾ ਦਾ ਅਹਿਸਾਸ ਆਉਂਦਾ ਹੈ। ਜਿਵੇਂ ਹਿਰਦੇ ਵਿਚ ਅੰਮ੍ਰਿਤ ਰਸ ਦੇ ਝਰਨੇ ਵਗ ਪਏ ਹੋਣ।
ਗੁਰੂ ਦੇ ਗਿਆਨ ਨਾਲ ਹਿਰਦੇ ਵਿਚ ਉਪਜੇ ਅੰਮ੍ਰਿਤ ਰਸ ਦਾ ਸੇਵਨ ਕਰਨ ਨਾਲ ਹਿਰਦੇ ਵਿਚਲੇ ਸਾਰੇ ਵਿਕਾਰ ਜਾਂ ਬੁਰੇ ਵਿਚਾਰ ਝਟਪਟ ਹੀ ਹਰਨ ਹੋ ਜਾਂਦੇ ਹਨ। ਭਾਵ, ਮਨ ਨਿਰਮਲ ਹੋ ਜਾਂਦਾ ਹੈ।
ਅਖੀਰ ਵਿਚ ਦੱਸਿਆ ਗਿਆ ਹੈ ਕਿ ਗੁਰੂ ਦੀ ਸਿੱਖਿਆ ਰੂਪ ਬਾਣੀ ਦੇ ਉਪਦੇਸ਼ ਅਨੁਸਾਰ ਮਨੁਖ ਦਾ ਮਨ ਭਟਕਣ ਤੋਂ ਬਚ ਜਾਂਦਾ ਹੈ ਤੇ ਇਧਰ-ਉਧਰ ਜਾਣ ਦੀ ਬਜਾਏ ਆਪਣੇ-ਆਪ ਵਿਚ ਸ਼ਾਂਤ ਅਤੇ ਸਬਰ-ਸੰਤੋਖ ਵਿਚ ਰਹਿੰਦਾ ਹੈ। ਭਾਵ, ਕਿਸੇ ਤਰ੍ਹਾਂ ਦੇ ਲਾਲਚ ਵਿਚ ਨਹੀਂ ਆਉਂਦਾ ਤੇ ਸਹਿਜ ਵਿਚ ਰਹਿੰਦਾ ਹੈ। ਗੁਰੂ ਦੀ ਸਿੱਖਿਆ ਦਾ ਇਹੀ ਫਲ ਪ੍ਰਾਪਤ ਹੁੰਦਾ ਹੈ।
ਜਦ ਮਨ ਪੂਰਨ ਇਕਾਗਰ ਅਤੇ ਅਡੋਲ ਅਵਸਥਾ ਵਿਚ ਹੁੰਦਾ ਹੈ ਤਾਂ ਹੀ ਮਨੁਖ ਗੁਰੂ ਦੀ ਸਿੱਖਿਆ ਦੇ ਅੰਮ੍ਰਿਤ ਦਾ ਸੇਵਨ ਕਰ ਸਕਦਾ ਹੈ। ਭਾਵ, ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਹੀ ਮਨੁਖ ਮੌਤ ਦੇ ਡਰ ਤੋਂ ਮੁਕਤ ਹੋ ਸਕਦਾ ਹੈ ਅਤੇ ਬੇਫਿਕਰ ਹੋ ਕੇ ਅਮਰ ਹੋਣ ਦਾ ਅਹਿਸਾਸ ਮਾਣ ਸਕਦਾ ਹੈ।