Guru Granth Sahib Logo
  
ਇਹ ਬਾਣੀ ਹਫਤੇ ਦੇ ਸੱਤ ਵਾਰਾਂ (ਦਿਨਾਂ) ਉੱਤੇ ਅਧਾਰਤ ਹੈ। ਆਮ ਤੌਰ ’ਤੇ ਇਨ੍ਹਾਂ ਵਾਰਾਂ ਨਾਲ ਚੰਗੇ-ਮੰਦੇ ਦੀ ਭਾਵਨਾ ਜੋੜ ਲਈ ਜਾਂਦੀ ਹੈ। ਪਰ ਭਗਤ ਕਬੀਰ ਜੀ ਇਸ ਬਾਣੀ ਵਿਚ ਚੰਗੇ-ਮੰਦੇ ਦੇ ਭਾਵ ਦੀ ਥਾਂ ਪ੍ਰਭੂ ਦੇ ਨਾਮ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਇਸ ਬਾਣੀ ਵਿਚ ਸੱਤ ਵਾਰਾਂ ਦੁਆਰਾ ਵਖ-ਵਖ ਉਪਦੇਸ਼ ਦਿੱਤੇ ਹਨ, ਜਿਵੇਂ ਕਿ ਐਤਵਾਰ ਦੁਆਰਾ ਭਗਤੀ ਅਰੰਭ ਕਰਨ ਦਾ, ਸੋਮਵਾਰ ਦੁਆਰਾ ਗੁਰੂ-ਗਿਆਨ ਰੂਪੀ ਚੰਦਰਮਾ ਤੋਂ ਨਾਮ-ਅੰਮ੍ਰਿਤ ਦਾ ਰਸ ਪੀਣ ਦਾ, ਮੰਗਲਵਾਰ ਦੁਆਰਾ ਕਾਮਾਦਿਕ ਵਿਕਾਰਾਂ ਦੀ ਅਸਲੀਅਤ ਨੂੰ ਸਮਝਣ ਦਾ, ਬੁੱਧਵਾਰ ਦੁਆਰਾ ਆਪਣੇ ਅੰਦਰ ਬੁੱਧੀ ਦਾ ਪ੍ਰਕਾਸ਼ ਕਰਨ ਦਾ, ਵੀਰਵਾਰ ਦੁਆਰਾ ਆਪਣੇ ਮਨ ਵਿਚੋਂ ਮਾਇਆ ਦੇ ਮਾਰੂ ਪ੍ਰਭਾਵ ਨੂੰ ਦੂਰ ਕਰਨ ਦਾ, ਸ਼ੁੱਕਰਵਾਰ ਦੁਆਰਾ ਨੇਕ ਕਰਮ ਕਰ ਕੇ ਮਿਲਣ ਵਾਲੀ ਮਾਣ-ਵਡਿਆਈ ਨੂੰ ਜਰਨ ਦਾ, ਸ਼ਨੀਵਾਰ ਦੁਆਰਾ ਆਪਣੀ ਸੁਰਤੀ-ਬਿਰਤੀ ਨੂੰ ਸਥਿਰ ਕਰ ਕੇ ਰਖਣ ਦਾ।
ਸਤਿਗੁਰ ਪ੍ਰਸਾਦਿ
ਰਾਗੁ ਗਉੜੀ  ਵਾਰ ਕਬੀਰ ਜੀਉ ਕੇ

ਬਾਰ ਬਾਰ ਹਰਿ ਕੇ ਗੁਨ ਗਾਵਉ ॥ 
ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ

ਆਦਿਤ  ਕਰੈ ਭਗਤਿ ਆਰੰਭ ॥ 
ਕਾਇਆ ਮੰਦਰ ਮਨਸਾ ਥੰਭ 
ਅਹਿਨਿਸਿ ਅਖੰਡ ਸੁਰਹੀ ਜਾਇ ॥ 
ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥
-ਗੁਰੂ ਗ੍ਰੰਥ ਸਾਹਿਬ ੩੪੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਨੋਟ: ਕਹਿੰਦੇ ਹਨ ਪਹਿਲਾਂ ਮਨੁਖ ਨੂੰ ਇਕ ਦਾ ਅਹਿਸਾਸ ਹੋਇਆ। ਫਿਰ ਉਸ ਦੇ ਮਨ ਵਿਚ ਇਕ ਪ੍ਰਤੀ ਦੁਬਿਧਾ ਪੈਦਾ ਹੋਈ ਤਾਂ ਉਸ ਨੂੰ ਇਕ ਦੇ ਇਲਾਵਾ ਦੋ ਦਾ ਪਤਾ ਲੱਗਿਆ। ਫਿਰ ਉਸ ਨੂੰ ਪਤਾ ਲੱਗਿਆ ਕਿ ਦੋ ਦੇ ਇਲਾਵਾ ਵੀ ਕੁਝ ਹੈ ਤਾਂ ਉਸ ਨੂੰ ਤਿੰਨ ਦਾ ਪਤਾ ਲੱਗਿਆ। ਇਸੇ ਤਰ੍ਹਾਂ ਚਾਰ, ਪੰਜ, ਛੇ ਅਤੇ ਸੱਤ ਦਾ ਪਤਾ ਲੱਗਿਆ। ਫਿਰ ਇਹ ਗਿਣਤੀ ਅਨੰਤਤਾ ਤਕ ਵਧ ਗਈ ਤੇ ਹਾਲੇ ਤਕ ਵਧ ਰਹੀ ਹੈ।

ਇਸ ਬਾਣੀ ਦੇ ਅਰੰਭ ਵਿਚ ਮੁੜ-ਮੁੜ ਕੇ ਹਰੀ-ਪ੍ਰਭੂ ਦੇ ਗੁਣ-ਗਾਇਨ ਕਰਨ ਦੀ ਸਿੱਖਿਆ ਦਿੱਤੀ ਗਈ ਹੈ। ਫਿਰ ਇਸ ਸਿੱਖਿਆ, ਭਾਵ ਹਰੀ-ਪ੍ਰਭੂ ਦੇ ਗੁਣ ਗਾਉਣ ਦਾ ਲਾਭ ਦੱਸਿਆ ਗਿਆ ਹੈ ਕਿ ਪ੍ਰਭੂ ਦੇ ਗੁਣ ਗਾਉਣ ਸਦਕਾ ਮਨੁਖ ਅੰਦਰ ਪ੍ਰਭੂ ਪ੍ਰਾਪਤੀ ਦੀ ਚਾਹਤ ਪੈਦਾ ਹੁੰਦੀ ਹੈ ਤੇ ਫਿਰ ਉਸ ਚਾਹਤ ਦੀ ਪੂਰਤੀ ਲਈ ਮਨੁਖ ਕਿਸੇ ਸਿਆਣੇ ਦੀ ਭਾਲ ਕਰਦਾ ਹੈ, ਜੋ ਉਸ ਨੂੰ ਪ੍ਰਭੂ ਦੀ ਦੱਸ ਪਾ ਸਕੇ। ਇਸ ਅਭਿਆਸ ਨਾਲ ਉਹ ਗੁਰੂ ਤਕ ਪੁੱਜ ਜਾਂਦਾ ਹੈ ਜਾਂ ਗੁਰੂ ਨੂੰ ਲੱਭ ਲੈਂਦਾ ਹੈ, ਜੋ ਉਸ ਨੂੰ ਪ੍ਰਭੂ ਦਾ ਭੇਦ ਅਤੇ ਪਤਾ ਦੱਸ ਦਿੰਦਾ ਹੈ, ਜਿਸ ਅਨੁਸਾਰ ਚੱਲ ਕੇ ਉਹ ਹਰੀ-ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲੈਂਦਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਹਫਤੇ ਦਾ ਪਹਿਲਾ ਦਿਨ ਐਤਵਾਰ ਹੈ ਤੇ ਇਹ ਆਦਿਤ ਦਾ ਬਦਲਿਆ ਰੂਪ ਹੈ। ਆਦਿਤ ਸੂਰਜ ਨੂੰ ਕਹਿੰਦੇ ਹਨ ਤੇ ਪਹਿਲੇ ਦਿਨ ਦਾ ਨਾਂ ਸੂਰਜ ਦੇ ਨਾਂ ਨਾਲ ਰਖਿਆ ਗਿਆ ਹੈ। ਅੰਗਰੇਜ਼ੀ ਵਿਚ ਵੀ ਐਤਵਾਰ ਨੂੰ ਸੰਡੇ (Sunday) ਕਿਹਾ ਜਾਂਦਾ ਹੈ, ਜਿਸ ਦਾ ਅਰਥ ਵੀ ਸਨ ਜਮਾਂ ਡੇ, ਭਾਵ ਸੂਰਜ ਦਾ ਦਿਨ ਹੀ ਹੈ।

ਉੱਪਰ ਦੱਸੇ ਪ੍ਰਭੂ-ਮਿਲਾਪ ਦੇ ਤਰੀਕੇ ਵਜੋਂ ਸਭ ਤੋਂ ਪਹਿਲਾਂ ਜਾਂ ਪਹਿਲੇ ਦਿਨ ਹਿਰਦੇ ਅੰਦਰ ਪ੍ਰੇਮ ਭਾਵ, ਭਾਵ ਭਗਤੀ ਦਾ ਅਹਿਸਾਸ ਜਾਗਦਾ ਹੈ ਜਾਂ ਮੇਲ-ਮਿਲਾਪ ਲਈ ਮਨ ਤਿਆਰ ਹੁੰਦਾ ਹੈ।

ਮਨ ਵਿਚ ਪੈਦਾ ਹੋਏ ਭਗਤੀ-ਭਾਵ ਦਾ ਅਸਰ ਇਹ ਹੁੰਦਾ ਹੈ ਕਿ ਮੰਦਰ ਜਿਹੀ ਪਾਵਨ ਦੇਹੀ ਅੰਦਰ ਪੈਦਾ ਹੋ ਰਹੇ ਮਨੋ-ਵਿਕਾਰਾਂ ਨੂੰ ਠੱਲ੍ਹ ਪੈ ਜਾਂਦੀ ਹੈ। ਜਿਵੇਂ ਮੰਦਰ ਦੀ ਇਮਾਰਤ ਨੂੰ ਥੰਮ ਡਿਗਣ ਤੋਂ ਰੋਕ ਕੇ ਰਖਦੇ ਹਨ, ਇਸੇ ਤਰ੍ਹਾਂ ਭਗਤੀ-ਭਾਵ ਵੀ ਮਨ ਨੂੰ ਵਿਕਾਰਾਂ ਕਾਰਣ ਡਿਗਣ ਨਹੀਂ ਦਿੰਦਾ ਤੇ ਕਾਇਮ ਰਖਦਾ ਹੈ।

ਮਨੁਖ ਦੇ ਮਨ ਵਿਚ ਵਿਕਾਰ ਹਮੇਸ਼ਾ ਮੌਕੇ ਦੀ ਉਡੀਕ ਵਿਚ ਰਹਿੰਦੇ ਹਨ ਕਿ ਜਦ ਵੀ ਇਹ ਅਵੇਸਲਾ ਹੋਵੇ ਤਾਂ ਉਸੇ ਵੇਲੇ ਇਹ ਮਨ ਵਿਚ ਦਾਖਲ ਹੋ ਕੇ ਉਸ ਨੂੰ ਪ੍ਰਭੂ-ਮਿਲਾਪ ਦੇ ਰਾਹ ਤੋਂ ਡੇਗ ਸਕਣ ਜਾਂ ਭਟਕਾ ਸਕਣ। ਇਸ ਲਈ ਭਗਤੀ-ਭਾਵ ਨਾਲ ਮਨੁਖ ਦੀ ਸੁਰਤ ਦਿਨ-ਰਾਤ ਲਗਾਤਾਰ ਚੇਤਨ ਰਹਿੰਦੀ ਹੈ ਤਾਂ ਕਿ ਵਿਕਾਰ ਮਨ ਵਿਚ ਦਾਖਲ ਨਾ ਹੋ ਸਕਣ। ਭਾਵ, ਮਨ ਲਗਾਤਾਰ ਪ੍ਰਭੂ ਦੀ ਯਾਦ ਵਿਚ ਲੀਨ ਰਹਿ ਸਕੇ।

ਜਿਹੜਾ ਸਾਧਕ ਏਨਾ ਚੇਤਨ ਰਹਿ ਕੇ ਪ੍ਰਭੂ ਨਾਲ ਲਗਾਤਾਰ ਸੁਰਤ ਜੋੜੀ ਰਖਦਾ ਹੈ, ਉਸ ਦੇ ਮਨ ਅੰਦਰ ਨਿਰ-ਉਚੇਚ, ਬੇਰੋਕ ਅਤੇ ਅਰਾਮਦਾਇਕ ਬੰਸਰੀ ਜਿਹੀ ਸੰਗੀਤਕ ਧੁਨ ਸੁਣਾਈ ਦਿੰਦੀ ਹੈ। ਭਾਵ, ਹਮੇਸ਼ਾ ਅਜਿਹੀ ਅਨੰਦਮਈ ਅਵਸਥਾ ਬਣੀ ਰਹਿੰਦੀ ਹੈ, ਜਿਸ ਤਰ੍ਹਾਂ ਕੋਈ ਸਦਾ-ਸਦਾ ਲਈ ਕਿਸੇ ਸੰਗੀਤ-ਮੰਡਲ ਵਿਚ ਬਿਰਾਜਮਾਨ ਹੋ ਗਿਆ ਹੋਵੇ। ਅਸਲ ਵਿਚ ਇਹ ਸਦੀਵੀ ਅਨੰਦ ਦੀ ਅਵਸਥਾ ਹੁੰਦੀ ਹੈ।

Tags