Guru Granth Sahib Logo
  
ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ ਤਿੰਨ ਗੁਣਾਂ ਤੋਂ ਬਾਅਦ ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਝੂਠੇ ਕਉ ਨਾਹੀ ਪਤਿ ਨਾਉ 
ਕਬਹੁ  ਸੂਚਾ ਕਾਲਾ ਕਾਉ 
ਪਿੰਜਰਿ ਪੰਖੀ ਬੰਧਿਆ ਕੋਇ 
ਛੇਰੀਂ ਭਰਮੈ  ਮੁਕਤਿ  ਹੋਇ 
ਤਉ ਛੂਟੈ ਜਾ ਖਸਮੁ ਛਡਾਏ 
ਗੁਰਮਤਿ ਮੇਲੇ ਭਗਤਿ ਦ੍ਰਿੜਾਏ ॥੭॥
-ਗੁਰੂ ਗ੍ਰੰਥ ਸਾਹਿਬ ੮੩੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੀ ਪਉੜੀ ਦੇ ਅਖੀਰ ਵਿਚ ਉਸ ਇਕ ਪਰਮ ਹਸਤੀ ਪ੍ਰਭੂ ਦੇ ਲੜ ਲੱਗਣ ਨੂੰ ਸੱਚ ਨਾਲ ਜੁੜਨਾ ਕਿਹਾ ਗਿਆ ਹੈ। ਇਸ ਪਉੜੀ ਦੇ ਅਰੰਭ ਵਿਚ ਝੂਠੇ ਬੰਦੇ ਬਾਰੇ ਦੱਸਿਆ ਗਿਆ ਹੈ ਕਿ ਉਸ ਦੀ ਨਾ ਹੀ ਕਿਤੇ ਇੱਜਤ ਹੁੰਦੀ ਹੈ ਤੇ ਨਾ ਹੀ ਸਿਫਤ ਵਜੋਂ ਉਸ ਦਾ ਕਿਤੇ ਨਾਂ ਲਿਆ ਜਾਂਦਾ ਹੈ। ਇਥੇ ਝੂਠ ਦਾ ਅਰਥ ਬੋਲਚਾਲ ਵਾਲੇ ਝੂਠ ਤਕ ਸੀਮਤ ਨਹੀਂ ਹੈ, ਬਲਕਿ ਇਥੇ ਉਸ ਨੂੰ ਝੂਠਾ ਕਿਹਾ ਗਿਆ ਹੈ, ਜਿਹੜਾ ਉਸ ਇਕ ਪਰਮ ਹਸਤੀ ਪ੍ਰਭੂ ਦੇ ਬਿਨਾਂ ਹੋਰ ਕਿਸੇ ਨੂੰ ਸੱਚ ਸਮਝਦਾ ਹੈ ਤੇ ਅਸਲ ਵਿਚ ਝੂਠ ਨਾਲ ਜੁੜਿਆ ਹੋਇਆ ਹੈ। ਅਜਿਹੇ ਬੰਦੇ ਦੀ, ਕੋਈ ਵੀ ਆਪਣੇ ਮਨੋਂ ਇੱਜਤ ਨਹੀਂ ਕਰਦਾ ਤੇ ਇਸ ਕਾਰਣ ਹੀ ਉਸ ਨੂੰ ਕੋਈ ਯਾਦ ਵੀ ਨਹੀਂ ਕਰਦਾ ਜਾਂ ਉਸ ਦਾ ਕੋਈ ਨਾਂ ਵੀ ਨਹੀਂ ਲੈਂਦਾ।

ਅਜਿਹਾ ਬੰਦਾ ਸੁੱਚਾ ਸਮਝੇ ਜਾਣ ਦੀ ਲੱਖ ਕੋਸ਼ਿਸ਼ ਵੀ ਕਰੇ, ਪਰ ਉਹ ਕਦੇ ਵੀ ਨਾ ਹੀ ਸੁੱਚਾ ਹੋ ਸਕਦਾ ਹੈ ਤੇ ਨਾ ਹੀ ਸੁੱਚਾ ਜਾਣਿਆ ਜਾਂਦਾ ਹੈ। ਇਸ ਕਰਕੇ ਅਜਿਹੇ ਬੰਦੇ ਲਈ ਕਾਲੇ ਕਾਂ ਦੀ ਉਦਾਹਰਣ ਦਿੱਤੀ ਗਈ ਹੈ। ਕਾਲਾ ਰੰਗ ਕੋਇਲ ਦਾ ਵੀ ਹੁੰਦਾ ਹੈ, ਪਰ ਉਸ ਦੀ ਰਸੀਲੀ ਤੇ ਸੁਰੀਲੀ ਅਵਾਜ਼ ਕਾਰਣ ਉਹ ਕਾਲੇ ਰੰਗ ਦੀ ਹੁੰਦੀ ਹੋਈ ਵੀ ਚੰਗੀ ਸਮਝੀ ਜਾਂਦੀ ਹੈ। ਪਰ ਕਾਂ, ਕਿਉਂਕਿ ਗੰਦਗੀ ਖਾਂਦਾ ਹੈ ਤੇ ਬੋਲਦਾ ਵੀ ਕੌੜਾ ਲੱਗਦਾ ਹੈ, ਇਸ ਲਈ ਉਸ ਨੂੰ ਬੁਰਾ ਸਮਝਿਆ ਜਾਂਦਾ ਹੈ ਤੇ ਕਦੇ ਵੀ ਉਸ ਨੂੰ ਸੱਚ ਨਾਲ ਜੋੜ ਕੇ ਨਹੀਂ ਦੇਖਿਆ ਜਾਂਦਾ। ਇਸ ਲਈ ਇਥੇ ਝੂਠੇ ਬੰਦੇ ਲਈ ਕਾਂ ਦੀ ਉਦਾਹਰਣ ਦਿੱਤੀ ਗਈ ਹੈ। ਇਹੋ-ਜਿਹੇ ਬੰਦੇ ਦੀ ਨਾ ਕੋਈ ਇੱਜਤ ਹੁੰਦੀ ਹੈ ਤੇ ਨਾ ਹੀ ਕੋਈ ਉਸ ਦਾ ਨਾਂ ਚੇਤੇ ਰਖਦਾ ਹੈ।

ਇਥੇ ਸੂਚਾ, ਭਾਵ ਸੁੱਚੇ ਦਾ ਅਰਥ ਸਫੈਦ ਰੰਗ ਵੀ ਸਮਝਿਆ ਜਾ ਸਕਦਾ ਹੈ। ਕਿਉਂਕਿ ਚਿੱਟਾ ਰੰਗ ਮੈਲ-ਮੁਕਤ, ਪਵਿੱਤਰਤਾ ਤੇ ਸੁੱਚਮਤਾਈ ਦਾ ਪ੍ਰਤੀਕ ਹੈ। ਇਸ ਲਈ, ਕਿਉਂਕਿ ਕਾਲਾ ਕਾਂ ਕਦੇ ਚਿੱਟਾ ਨਹੀਂ ਹੋ ਸਕਦਾ, ਝੂਠ ਨਾਲ ਜੁੜਿਆ ਬੰਦਾ ਵੀ ਕਦੇ ਸੱਚਾ ਅਤੇ ਸੁੱਚਾ ਨਹੀਂ ਹੋ ਸਕਦਾ।

ਝੂਠ ਨਾਲ ਜੁੜੇ ਹੋਏ ਬੰਦੇ ਬਾਰੇ ਹੋਰ ਦੱਸਿਆ ਗਿਆ ਹੈ ਕਿ ਉਹ ਅਜਿਹਾ ਹੁੰਦਾ ਹੈ, ਜਿਵੇਂ ਕੋਈ ਪੰਛੀ ਪਿੰਜਰੇ ਵਿਚ ਬੰਦ ਕੀਤਾ ਹੋਇਆ ਹੋਵੇ। ਕਹਿੰਦੇ ਹਨ ਕਿ ਇਕ ਝੂਠ ਬੋਲਣ ਲਈ ਸੈਂਕੜੇ ਝੂਠ ਹੋਰ ਬੋਲਣੇ ਪੈਂਦੇ ਹਨ। ਭਾਵ, ਝੂਠ ਨੂੰ ਲੁਕੋਣ ਲਈ ਅਨੇਕ ਹੋਰ ਝੂਠਾਂ ਦਾ ਸਹਾਰਾ ਲੈਣਾ ਪੈਂਦਾ ਹੈ। ਝੂਠ ਨਾਲ ਜੁੜਿਆ ਬੰਦਾ ਆਪਣੇ ਆਲੇ-ਦੁਆਲੇ ਝੂਠ ਦਾ ਜਾਲ ਬੁਣ ਲੈਂਦਾ ਹੈ ਤੇ ਉਸ ਵਿਚ, ਪਿੰਜਰੇ ਦੇ ਪੰਛੀ ਵਾਂਗ ਆਪ ਹੀ ਫਸ ਜਾਂਦਾ ਹੈ। 

ਉਹ ਬੰਦਾ, ਝੂਠ ਵਿਚੋਂ ਮੁਕਤ ਹੋਣ ਦੀ ਲੱਖ ਕੋਸ਼ਿਸ਼ ਵੀ ਕਰੇ, ਕਦੇ ਮੁਕਤ ਨਹੀਂ ਹੋ ਸਕਦਾ। ਬੋਲੇ ਗਏ ਝੂਠਾਂ ਵਿਚੋਂ ਉਸ ਨੂੰ ਕੋਈ ਨਿਕੀ ਜਿਹੀ ਵਿਰਲ ਵੀ ਨਜ਼ਰ ਆਵੇ, ਉਸ ਵਿਚੋਂ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਵਿਰਲ ਏਨੀ ਛੋਟੀ ਹੁੰਦੀ ਹੈ ਕਿ ਉਸ ਦੇ ਬਾਹਰ ਨਿਕਲਣ ਲਈ ਕਾਫੀ ਨਹੀਂ ਹੁੰਦੀ। ਉਹ ਅਜਿਹੀਆਂ ਨਿੱਕੀਆਂ-ਨਿੱਕੀਆਂ ਵਿਰਲਾਂ ਰਾਹੀਂ ਮੁਕਤ ਹੋਣ ਦੀ ਕੋਸ਼ਿਸ਼ ਕਰਦਾ ਹੋਇਆ ਵੀ ਝੂਠ ਵਿਚ ਹੀ ਫਸ ਕੇ ਰਹਿ ਜਾਂਦਾ ਹੈ।

ਪਿੰਜਰੇ ਵਿਚ ਫਸੇ ਹੋਏ ਪੰਛੀ ਦੀ ਤਰ੍ਹਾਂ ਝੂਠ ਵਿਚ ਗ੍ਰਸਤ ਹੋਇਆ ਬੰਦਾ ਵੀ ਆਪਣੇ ਜਤਨਾਂ ਸਦਕਾ ਝੂਠ ਦੇ ਜਾਲ ਵਿਚੋਂ ਬਚ ਨਹੀਂ ਸਕਦਾ। ਜਿਸ ਤਰ੍ਹਾਂ ਪਿੰਜਰੇ ਦਾ ਪੰਛੀ ਤਾਂ ਹੀ ਬਾਹਰ ਨਿਕਲ ਸਕਦਾ ਹੈ, ਜੇ ਪਿੰਜਰੇ ਦਾ ਮਾਲਕ ਉਸ ਨੂੰ ਪਿੰਜਰੇ ਵਿਚੋਂ ਬਾਹਰ ਕੱਢ ਦੇਵੇ। ਇਸ ਤਰ੍ਹਾਂ ਝੂਠ ਵਿਚ ਜਕੜਿਆ ਬੰਦਾ ਵੀ ਤਾਂ ਹੀ ਬਚ ਸਕਦਾ ਹੈ, ਜੇ ਉਹ ਪਰਮ ਹਸਤੀ ਇਕ, ਭਾਵ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਉਸ ਨੂੰ ਝੂਠ ਤੋਂ ਮੁਕਤ ਕਰ ਦੇਵੇ।

ਇਸ ਸ਼ਬਦ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਉਸ ਪਰਮ ਹਸਤੀ ਇਕ, ਭਾਵ ਪ੍ਰਭੂ ਨਾਲ ਮਿਲਾਉਣ ਵਾਲੀ ਗੁਰੂ ਦੀ ਸਿੱਖਿਆ ਉੱਤੇ ਭਗਤੀ-ਭਾਵ ਨਾਲ ਅਮਲ ਕਰੇ ਤਾਂ ਹੀ ਝੂਠ ਵਿਚ ਫਸਿਆ ਬੰਦਾ ਮੁਕਤੀ ਹਾਸਲ ਕਰ ਸਕਦਾ ਹੈ ਤੇ ਸੱਚ ਨਾਲ ਜੁੜ ਸਕਦਾ ਹੈ।

Tags