ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ
ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ
ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ
ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ
ਤਿੰਨ ਗੁਣਾਂ ਤੋਂ ਬਾਅਦ
ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਪੰਚਮੀ ਪੰਚ ਭੂਤ ਬੇਤਾਲਾ ॥
ਆਪਿ ਅਗੋਚਰੁ ਪੁਰਖੁ ਨਿਰਾਲਾ ॥
ਇਕਿ ਭ੍ਰਮਿ ਭੂਖੇ ਮੋਹ ਪਿਆਸੇ ॥
ਇਕਿ ਰਸੁ ਚਾਖਿ ਸਬਦਿ ਤ੍ਰਿਪਤਾਸੇ ॥
ਇਕਿ ਰੰਗਿ ਰਾਤੇ ਇਕਿ ਮਰਿ ਧੂਰਿ ॥
ਇਕਿ ਦਰਿ ਘਰਿ ਸਾਚੈ ਦੇਖਿ ਹਦੂਰਿ ॥੬॥
-ਗੁਰੂ ਗ੍ਰੰਥ ਸਾਹਿਬ ੮੩੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪੰਜਵੀ ਤਿਥ ਨੂੰ ਪੰਚਮੀ ਵੀ ਕਹਿੰਦੇ ਹਨ, ਇਸ ਪਉੜੀ ਵਿਚ ਇਸ ਥਿਤ ਰਾਹੀਂ ਦੱਸਿਆ ਗਿਆ ਹੈ ਕਿ ਧਰਤੀ, ਪਉਣ, ਪਾਣੀ, ਅੱਗ ਅਤੇ ਅਕਾਸ਼ ਭਾਵ, ਪੰਜ ਤੱਤਾਂ ਨਾਲ ਬਣੇ ਜੀਵ ਮਾਇਆ ਦੇ ਪ੍ਰਭਾਵ ਕਾਰਣ ਆਪਣੇ ਜੀਵਨ ਦੇ ਸਹੀ ਮਕਸਦ ਤੋਂ ਖੁੰਝੇ ਹੋਏ ਹਨ।
ਇਸ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਮਨੁਖ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਜਿਹੇ ਪੰਜ ਵਿਕਾਰਾਂ ਸ਼ਿਕਾਰ ਹੈ, ਉਹ ਅਸਲ ਵਿਚ ਉੱਕਿਆ ਹੋਇਆ, ਉਕਤਾਇਆ ਹੋਇਆ ਜਾਂ ਭਟਕਿਆ ਹੋਇਆ ਹੈ। ਭਾਵ ਉਸ ਨੂੰ ਅਸਲੀਅਤ ਜਾਂ ਸੱਚ ਦਾ ਪਤਾ ਨਹੀਂ।
ਕੇਵਲ ਇਕ ਸਰਬ-ਵਿਆਪਕ ਪ੍ਰਭੂ ਹੀ, ਜਿਹੜਾ ਮਨੁਖੀ ਸੂਝ-ਸਮਝ ਤੋਂ ਪਰੇ ਹੈ, ਜਿਸ ਦਾ ਕੋਈ ਹੱਦ-ਬੰਨਾਂ ਨਹੀਂ, ਉਹ ਨਿਰਾਲਾ, ਅਰਥਾਤ ਵਿਲੱਖਣ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ।
ਕਈ ਲੋਕ ਅਜਿਹੇ ਹਨ, ਜਿਹੜੇ ਭਰਮ ਵਿਚ ਹਨ। ਜਿਵੇਂ ਨਜਰ ਕਮਜੋਰ ਹੋਣ ਕਾਰਣ ਇਕ ਦੀ ਬਜਾਏ ਦੋ-ਦੋ ਦਿਖਣ ਲੱਗ ਪੈਂਦੇ ਹਨ, ਇਸੇ ਤਰ੍ਹਾਂ ਹੀ ਸੋਚ ਦੀ ਕਮੀ ਕਾਰਣ ਇਕ ਪ੍ਰਭੂ ਨੂੰ ਦੋ ਅਨੁਮਾਨ ਲੈਂਦੇ ਹਨ। ਭਾਵ, ਜਿਸ ਦੀ ਕੋਈ ਹੋਂਦ ਹੀ ਨਹੀਂ ਹੁੰਦੀ, ਉਸ ਨੂੰ ਵੀ ਸੱਚ ਮੰਨ ਲੈਂਦੇ ਹਨ। ਅਣਹੋਂਦ ਦੇ ਅਜਿਹੇ ਵਹਿਮ ਵਿਚ ਪਏ ਹੋਏ ਲੋਕ ਪਦਾਰਥ ਨੂੰ ਹੀ ਅਸਲ ਸੱਚ ਸਮਝ ਕੇ ਉਸ ਦੀ ਖਿੱਚ ਦੇ ਸ਼ਿਕਾਰ ਹੋ ਜਾਂਦੇ। ਇਥੇ ਹੀ ਬਸ ਨਹੀਂ ਉਹ ਸਮਾਜਕ ਰਿਸ਼ਤਿਆਂ ਵਿਚ ਵੀ ਉਲਝ ਜਾਂਦੇ ਹਨ। ਇਸ ਦੇ ਇਲਾਵਾ ਉਹ ਤ੍ਰਿਸ਼ਨਾ ਦੀ ਅੱਗ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਸਾਰਾ ਕੁਝ ਉਸ ਇਕ ਪ੍ਰਭੂ ਦੀ ਸਹੀ ਸੂਝ ਅਤੇ ਸਮਝ ਦੀ ਅਣਹੋਂਦ ਕਾਰਣ ਵਾਪਰਦਾ ਹੈ। ਅਜਿਹੀ ਅਣਹੋਂਦ ਹੀ ਭਰਮ ਦੀ ਅਸਲ ਕਾਰਣ ਹੁੰਦੀ।
ਅਗਿਆਨ ਕਾਰਣ ਜਿਹੜੇ ਲੋਕ ਭਰਮ ਦੇ ਸ਼ਿਕਾਰ ਹੋ ਕੇ ਮੋਹ-ਮਾਇਆ ਤੇ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਹੇ ਹਨ, ਉਨ੍ਹਾਂ ਦੇ ਇਲਾਵਾ ਕਈ ਅਜਿਹੇ ਵੀ ਹਨ, ਜਿਨ੍ਹਾਂ ਨੇ ਪੂਰਨ ਗਿਆਨ ਹਾਸਲ ਕਰਕੇ ਆਪਣਾ ਭਰਮ ਦੂਰ ਕਰ ਲਿਆ ਹੈ। ਜਿਸ ਕਰਕੇ ਉਨ੍ਹਾਂ ਨੇ ਉਸ ਇਕ ਪਰਮ-ਹਸਤੀ ਦੇ ਅਹਿਸਾਸ ਦਾ ਅਨੰਦ ਮਾਣ ਲਿਆ ਹੈ ਤੇ ਸੱਚ ਦੇ ਉਸ ਗਿਆਨ ਨਾਲ ਉਨ੍ਹਾਂ ਦੀ ਤ੍ਰਿਪਤੀ ਹੋ ਗਈ ਹੈ। ਭਾਵ, ਉਨ੍ਹਾਂ ਦੀ ਮੋਹ ਮਾਇਆ ਦੀ ਭੁੱਖ ਪਿਆਸ ਮਿਟ ਗਈ ਹੈ ਜਾਂ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ।
ਉਪਰੋਕਤ ਦੋ ਕਿਸਮ ਦੇ ਲੋਕਾਂ ਵਿਚੋਂ ਇਕ ਪਰਮ ਹਸਤੀ ਵਿਚ ਯਕੀਨ ਰਖਣ ਵਾਲੇ, ਉਸ ਦੇ ਅਹਿਸਾਸ ਦੇ ਅਨੰਦ ਵਿਚ ਮਸਤ ਹਨ ਤੇ ਪਰ ਉਸ ਇਕ ਦੀ ਬੇਯਕੀਨੀ ਦੇ ਭਰਮ ਵਿਚ ਉਲਝੇ ਹੋਏ ਲੋਕ ਮਰ ਕੇ ਧੂੜ ਹੋ ਰਹੇ ਹਨ। ਭਾਵ, ਉਨ੍ਹਾਂ ਦੇ ਹੋਣ ਦੀ ਕੋਈ ਕੀਮਤ ਨਹੀਂ ਹੈ।
ਇਸ ਸ਼ਬਦ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਨੇ ਉਸ ਇਕ ਪਰਮ ਹਸਤੀ ਵਿਚ ਯਕੀਨ ਕਰ ਲਿਆ ਜਾਂ ਉਸ ਨੂੰ ਜਾਣ ਲਿਆ ਹੈ ਕਿ ਉਹ ਉਨ੍ਹਾਂ ਦੇ ਨਾਲ, ਭਾਵ ਅੰਦਰ ਹੀ ਵਸਦਾ ਹੈ ਤੇ ਉਹ ਇਸ ਸੱਚੇ ਟਿਕਾਣੇ ’ਤੇ ਪੁੱਜ ਗਏ ਹਨ। ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਜਿਨ੍ਹਾਂ ਨੂੰ ਉਸ ਇਕ ਪ੍ਰਭੂ ਦੀ ਸੋਝੀ ਹੋ ਗਈ ਹੈ, ਉਹ ਉਸ ਵਿਚ ਸਮਾ ਗਏ ਹਨ। ਉਨ੍ਹਾਂ ਲਈ ਉਹ ਗੈਰ-ਹਾਜ਼ਰ ਨਹੀਂ ਹੁੰਦਾ।