ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ
ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ
ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ
ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ
ਤਿੰਨ ਗੁਣਾਂ ਤੋਂ ਬਾਅਦ
ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ ॥
ਦੇਵੀ ਦੇਵ ਉਪਾਏ ਵੇਸਾ ॥
ਜੋਤੀ ਜਾਤੀ ਗਣਤ ਨ ਆਵੈ ॥
ਜਿਨਿ ਸਾਜੀ ਸੋ ਕੀਮਤਿ ਪਾਵੈ ॥
ਕੀਮਤਿ ਪਾਇ ਰਹਿਆ ਭਰਪੂਰਿ ॥
ਕਿਸੁ ਨੇੜੈ ਕਿਸੁ ਆਖਾ ਦੂਰਿ ॥੪॥
-ਗੁਰੂ ਗ੍ਰੰਥ ਸਾਹਿਬ ੮੩੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਤੀਜੀ ਥਿਤ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਉੱਪਰ ਦੱਸੀ ਉਸ ਇਕ ਹਸਤੀ ਨੇ ਸ੍ਰਿਸ਼ਟੀ ਦਾ ਸਿਰਜਣ, ਪਾਲਣ ਤੇ ਵਿਨਾਸ਼ ਕਰਨ ਲਈ ਬ੍ਰਹਮਾ, ਵਿਸ਼ਨੰ ਤੇ ਮਹੇਸ਼ ਦੇ ਰੂਪ ਵਿਚ ਤਿੰਨ ਪੱਖੀ ਤ੍ਰਿਮੂਰਤੀ (trinity) ਪੈਦਾ ਕੀਤੀ। ਭਾਵ, ਸ੍ਰਿਸ਼ਟੀ ਦੇ ਹਰ ਕਾਰਜ ਦਾ ਕਰਤਾ ਉਹ ਇਕ, ਭਾਵ ਆਪ ਹੀ ਹੈ।
ਇਸ ਤੋਂ ਇਲਾਵਾ ਉਸ ਪ੍ਰਭੂ ਨੇ ਅਨੇਕ ਦੇਵੀ-ਦੇਵਤੇ ਵੀ ਸਿਰਜੇ ਹਨ। ਭਾਵ, ਸ੍ਰਿਸ਼ਟੀ ਦੇ ਸਾਰੇ ਕਾਰਜ ਕਰਨ ਵਾਲਾ ਅਸਲ ਵਿਚ ਉਹ ਆਪ ਹੀ ਹੈ।
ਉਸ ਇਕ ਪ੍ਰਭੂ ਦੀ ਜੋਤ ਨੇ ਕਿੰਨੇ ਹੀ ਕਿਸਮਾਂ ਜਾਂ ਵੰਨਗੀਆਂ ਦੀਆਂ ਰਚਨਾਵਾਂ ਪੈਂਦਾ ਕੀਤੀਆਂ ਹੋਈਆਂ ਹਨ ਕਿ ਉਨ੍ਹਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਭਾਵ, ਉਸ ਇਕ ਜੋਤ ਨੇ ਅਣਗਿਣਤ ਰਚਨਾਵਾਂ ਪੈਦਾ ਕੀਤੀਆਂ ਹੋਈਆਂ ਹਨ।
ਜਿਸ ਨੇ ਏਨੀ ਵੰਨਸੁਵੰਨਤਾ ਵਾਲੀ ਸ੍ਰਿਸ਼ਟੀ ਬਣਾਈ ਹੈ, ਉਹੀ ਇਸ ਦੀ ਕੀਮਤ ਜਾਣ ਸਕਦਾ ਹੈ। ਭਾਵ, ਸ੍ਰਿਸ਼ਟੀ ਦੀ ਅਨੰਤਤਾ ਨੂੰ ਸਿਰਫ ਉਹੀ ਜਾਣਦਾ ਹੈ, ਜਿਸ ਨੇ ਇਸ ਦੀ ਸਿਰਜਣਾ ਕੀਤੀ ਹੈ।
ਇਸ ਤੁਕ ਵਿਚ ਫਿਰ ਦ੍ਰਿੜ ਕਰਾਇਆ ਗਿਆ ਹੈ ਕਿ ਸ੍ਰਿਸ਼ਟੀ ਦੀ ਅਨੰਤਤਾ ਤੇ ਵੰਨਸੁਵੰਨਤਾ ਨੂੰ ਉਹ ਇਕ ਪ੍ਰਭੂ ਹੀ ਜਾਣ ਸਕਦਾ ਹੈ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਅਖੀਰ ਵਿਚ ਦੱਸਿਆ ਗਿਆ ਹੈ ਕਿ ਉਸ ਪ੍ਰਭੂ ਨੂੰ ਕਿਸੇ ਦੇ ਦੂਰ ਜਾਂ ਨੇੜੇ ਨਹੀਂ ਕਿਹਾ ਜਾ ਸਕਦਾ। ਕਿਉਂਕਿ ਉਹ ਇਕ ਪ੍ਰਭੂ ਹਰ ਕਿਸੇ ਦੇ ਅੰਦਰ ਵਸਦਾ ਹੈ।