ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ
ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ
ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ
ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ
ਤਿੰਨ ਗੁਣਾਂ ਤੋਂ ਬਾਅਦ
ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਆਪੇ ਸਚੁ ਕੀਆ ਕਰ ਜੋੜਿ ॥
ਅੰਡਜ ਫੋੜਿ ਜੋੜਿ ਵਿਛੋੜਿ ॥
ਧਰਤਿ ਅਕਾਸੁ ਕੀਏ ਬੈਸਣ ਕਉ ਥਾਉ ॥
ਰਾਤਿ ਦਿਨੰਤੁ ਕੀਏ ਭਉ ਭਾਉ ॥
ਜਿਨਿ ਕੀਏ ਕਰਿ ਵੇਖਣਹਾਰਾ ॥
ਅਵਰੁ ਨ ਦੂਜਾ ਸਿਰਜਣਹਾਰਾ ॥੩॥
-ਗੁਰੂ ਗ੍ਰੰਥ ਸਾਹਿਬ ੮੩੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਦੇ ਸ਼ੁਰੂ ਵਿਚ ਆਏ ਸ਼ਬਦ ‘ਆਪੇ’ ਤੋਂ ਪਤਾ ਲੱਗਦਾ ਹੈ ਕਿ ਇਹ ਪਿਛਲੀ ਪਉੜੀ ਵਿਚ ਦੱਸੀ ਗਈ ਇਕ ਪਰਮ ਹਸਤੀ ਦੀ ਗੱਲ ਹੋ ਰਹੀ ਹੈ, ਜਿਹੜੀ ਸ੍ਰਿਸ਼ਟੀ ਦੀ ਸਿਰਜਣਾ, ਪੋਸ਼ਣ ਤੇ ਵਿਨਾਸ਼ ਕਰਨ ਵਾਲੀਆਂ ਤਿੰਨ ਸ਼ਕਤੀਆਂ (trinity) ਦੀ ਕਰਤਾ ਹੈ। ਉਸ ਨੇ ਆਪ ਹੀ ਆਪਣੀ ਸਮਰੱਥਾ ਸਦਕਾ ਸ੍ਰਿਸ਼ਟੀ ਦੇ ਰੂਪ ਵਿਚ ਸੱਚ, ਭਾਵ ਇਸ ਵਜੂਦ ਦੀ ਸਿਰਜਣਾ ਕੀਤੀ ਹੈ।
ਫਿਰ ਸ੍ਰਿਸ਼ਟੀ ਰਚਨਾ ਦਾ ਸੂਤਰ ਜਾਂ ਤਰੀਕਾ ਦੱਸਿਆ ਗਿਆ ਹੈ ਕਿ ਉਸ ਇਕ ਪਰਮ ਹਸਤੀ, ਭਾਵ ਪ੍ਰਭੂ ਨੇ ਆਪਣੇ ਸੁੰਨ-ਮੰਡਲ ਨੂੰ ਤੋੜਿਆ, ਜੋੜਿਆ ਤੇ ਫਿਰ ਵਿਛੋੜ ਦਿੱਤਾ। ਇਹ ਫੋੜ, ਜੋੜ ਤੇ ਵਿਛੋੜ ਦੀ ਪ੍ਰਕਿਰਿਆ ਵੀ ਕਿਸੇ ਸਿਰਜਣਾ ਵੱਲ ਸੰਕੇਤ ਕਰਦੀ ਹੈ, ਜਿਸ ਦਾ ਵੇਰਵਾ ਇਸ ਤੁਕ ਵਿਚ ਨਹੀਂ ਹੈ। ਪਰ ਇਸ ਤੋਂ ਏਨਾ ਸੰਕੇਤ ਜ਼ਰੂਰ ਮਿਲਦਾ ਹੈ ਕਿ ਉਸ ਇਕ ਪ੍ਰਭੂ ਨੇ ਆਪਣੇ ਸੁੰਨ-ਮੰਡਲ ਨੂੰ ਭੰਨ ਕੇ ਫਿਰ ਜੋੜ ਦਿੱਤਾ, ਭਾਵ ਕੋਈ ਸਿਰਜਣਾ ਕੀਤੀ ਤੇ ਉਸ ਨੇ ਆਪਣੀ ਇਸ ਸਿਰਜਣਾ ਨੂੰ ਫਿਰ ਵਿਛੋੜ ਦਿੱਤਾ। ਇਸ ਫੋੜਨ, ਜੋੜਨ ਤੇ ਵਿਛੋੜਨ ਦੀ ਪ੍ਰਕਿਰਿਆ ਸ੍ਰਿਸ਼ਟੀ ਦੇ ਤਿੰਨ ਪੱਖੀ ਅਸੂਲ (trinity) ਵੱਲ ਸੰਕੇਤ ਕਰਦੀ ਪ੍ਰਤੀਤ ਹੁੰਦੀ ਹੈ। ਇਹ ਅਸੂਲ ਹਨ ਸ੍ਰਿਸ਼ਟੀ ਸਿਰਜਣ, ਪ੍ਰਤਿਪਾਲਣ ਤੇ ਵਿਨਾਸ਼ ਦੇ। ਭਾਵ, ਸ੍ਰਿਸ਼ਟੀ ਇਨ੍ਹਾਂ ਤਿੰਨ ਨਿਯਮਾਂ ਵਿਚ ਚਲਦੀ ਹੈ।
ਇਹੀ ਅਸੂਲ ਜੀਵ, ਜੀਵਾਤਮਾ ਤੇ ਪਰਮਾਤਮਾ ਦਾ ਵੀ ਹੈ। ਜੀਵਾਤਮਾ ਆਪਣੇ ਮੁੱਢਲੇ ਸੋਮੇਂ ਤੋਂ ਟੁੱਟ ਕੇ ਜਨਮ ਲੈਂਦੀ ਹੈ। ਫਿਰ ਉਸ ਨਾਲ ਜਾ ਜੁੜਦੀ ਹੈ ਤੇ ਜੁੜ ਕੇ ਫਿਰ ਵਿਛੜ ਜਾਂਦੀ ਹੈ। ਇਹੀ ਜੀਵਨ ਦਾ ਨਿਯਮ ਜਾਂ ਅਸੂਲ ਹੈ। ਜੀਵਨ ਦੀ ਸਮੁੱਚੀ ਖੇਡ ਏਨੀ ਹੀ ਹੈ।
ਜਪਜੀ ਸਾਹਿਬ ਵਿਚ ਰਾਤ ਅਤੇ ਦਿਨ ਨੂੰ ਮਨੁਖ ਦੇ ‘ਦਾਈ ਦਾਇਆ’ ਭਾਵ, ਮਨ ਪ੍ਰਚਾਵੇ ਵਾਲੇ ਖੇਡਾਵੇ ਦੱਸਿਆ ਗਿਆ ਹੈ। ਇਸ ਅਰਥ ਵਿਚ ਵੀ ਇਥੇ ਦੱਸਿਆ ਗਿਆ ਹੈ ਕਿ ਉਸ ਇਕ ਪਰਮ ਹਸਤੀ ਪ੍ਰਭੂ ਨੇ ਮਨੁਖ ਦੇ ਜੀਵਨ ਰੂਪ ਖੇਲ ਲਈ ਰਾਤ ਅਤੇ ਦਿਨ ਬਣਾਏ ਹਨ। ਇਸ ਦੇ ਨਾਲ ਡਰ ਅਤੇ ਪ੍ਰੇਮ ਦੇ ਦੋ ਅਹਿਸਾਸ ਬਣਾਏ ਹਨ। ਡਰ ਕਾਰਣ ਜੀਵ ਇਕ-ਦੂਜੇ ਤੋਂ ਪਰੇ ਹੋ ਜਾਂਦੇ ਹਨ ਤੇ ਪਿਆਰ ਵਿਚ ਇਕ-ਦੂਜੇ ਵੱਲ ਖਿੱਚਦੇ ਜਾਂਦੇ ਹਨ। ਭਾਵ, ਰਾਤ-ਦਿਨ ਇਨ੍ਹਾਂ ਭਾਵਾਂ ਵਿਚ ਹੀ ਜੀਵਨ ਦਾ ਸਾਰਾ ਖੇਲ ਚਲਦਾ ਹੈ।
ਜਿਸ ਨੇ ਵੀ ਇਸ ਸਾਰੇ ਕਾਸੇ ਦੀ ਸਿਰਜਣਾ ਕੀਤੀ ਹੈ ਉਹ ਇਸ ਨੂੰ ਸਿਰਜ ਕੇ ਇਸ ਨੂੰ ਦੇਖਦਾ ਵੀ ਹੈ। ਭਾਵ, ਉਹ ਆਪਣੀ ਸਿਰਜਣਾ ਦਾ ਖਿਆਲ ਰੱਖਦਾ ਹੈ ਕਿ ਉਸ ਦੇ ਬਣਾਏ ਕਿਸੇ ਅਸੂਲ ਦੀ ਉਲੰਘਣਾ ਨਾ ਹੋ ਸਕੇ।
ਇਸ ਸ਼ਬਦ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਉੱਪਰ ਦੱਸੀ ਸਿਰਜਣਾ ਕਰਨ ਵਾਲੀ ਪਰਮ ਹਸਤੀ ਸਿਰਫ ਇਕ ਪ੍ਰਭੂ ਹੀ ਹੈ। ਉਸ ਦੇ ਬਗੈਰ ਤਿੰਨ ਪੱਖੀ (trinity) ਓਮ ਨੂੰ ਸ੍ਰਿਸ਼ਟੀ ਦਾ ਕਰਤਾ, ਪਾਲਕ ਤੇ ਵਿਨਾਸ਼ਕ ਆਦਿ ਮੰਨਣਾ ਠੀਕ ਨਹੀਂ ਹੈ। ਬਲਕਿ ਇਨ੍ਹਾਂ ਕਰਤਿਆਂ ਦਾ ਵੀ ਕਰਤਾ, ਭਾਵ ਓਅੰਕਾਰ ਇਕ ਹੈ। ਓਅੰਕਾਰ ਦੇ ਪਹਿਲਾਂ ਆਏ ਹਿੰਦਸੇ ਇਕ ਦਾ ਇਹੀ ਮਹੱਤਵ ਹੈ।