Guru Granth Sahib Logo
  
ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ ਤਿੰਨ ਗੁਣਾਂ ਤੋਂ ਬਾਅਦ ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਘਰੁ ਦਰੁ ਥਾਪਿ  ਥਿਰੁ ਥਾਨਿ ਸੁਹਾਵੈ 
ਆਪੁ ਪਛਾਣੈ ਜਾ ਸਤਿਗੁਰੁ ਪਾਵੈ 
ਜਹ ਆਸਾ ਤਹ ਬਿਨਸਿ ਬਿਨਾਸਾ 
ਫੂਟੈ ਖਪਰੁ ਦੁਬਿਧਾ ਮਨਸਾ 
ਮਮਤਾ ਜਾਲ ਤੇ ਰਹੈ ਉਦਾਸਾ 
ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੨੦॥੧॥
-ਗੁਰੂ ਗ੍ਰੰਥ ਸਾਹਿਬ ੮੪੦

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਦੀ ਪਹਿਲੀ ਤੁਕ ਵਿਚ ਦੱਸਿਆ ਗਿਆ ਹੈ ਕਿ ਆਪਣਾ ਘਰ ਆਦਿ ਬਣਾ ਕੇ ਉਸ ਵਿਚ ਪੱਕੇ ਤੌਰ ’ਤੇ ਰਹਿਣਾ ਸੋਭਾ ਦਿੰਦਾ ਹੈ। ਭਾਵ, ਬਾਬਾ ਫਰੀਦ ਜੀ ਦੇ ਕਹਿਣ ਮੁਤਾਬਕ ‘ਬਾਰਿ ਪਰਾਇਐ ਬੈਸਣਾ’ ਭਾਵ, ਕਿਸੇ ਦੇ ਮੁਥਾਜ ਹੋਣਾ ਜਾਂ ਰਹਿਣਾ ਸੋਭਨੀਕ ਨਹੀਂ ਹੁੰਦਾ। ਇਸ ਕਰਕੇ ਆਪਣੇ ਘਰ ਵਿਚ ਰਹਿਣਾ ਹੀ ਚੰਗਾ ਹੁੰਦਾ ਹੈ।

ਉਪਰ ਦੱਸੀ ਸਮਾਜਕ ਅਸਲੀਅਤ ਦੀ ਤਰ੍ਹਾਂ ਮਨ ਦਾ ਪਰਾਏ ਥਾਂਵਾਂ ’ਤੇ ਭਟਕਣਾ ਵੀ ਬੁਰਾ ਹੁੰਦਾ ਹੈ। ਜਿਸ ਕਰਕੇ ਮਨ ਦੀ ਭਟਕਣ ਰੋਕਣੀ ਜਰੂਰੀ ਹੁੰਦੀ ਹੈ, ਜਿਸ ਲਈ ਆਪਣੇ-ਆਪ ਦਾ ਭਾਵ, ਆਪਣੀ ਅਸਲੀਅਤ ਦਾ ਪਤਾ ਹੋਣਾ ਬੇਹੱਦ ਜਰੂਰੀ ਹੈ। ਪਰ ਆਪਣੇ-ਆਪ ਦੀ ਸੋਝੀ ਆਪਣੇ-ਆਪ ਨਹੀਂ ਹੁੰਦੀ, ਬਲਕਿ ਸੱਚੇ ਗੁਰੂ ਦੀ ਸਿੱਖਿਆ ਨਾਲ ਹੀ ਆਪਣੇ-ਆਪ ਦਾ ਪਤਾ ਲੱਗਦਾ ਹੈ। ਗੁਰੂ ਹੀ ਦੱਸਦਾ ਹੈ ਕਿ ਮਨੁਖ ਅਸਲ ਵਿਚ ਕੀ ਹੈ ਤੇ ਇਸ ਗਿਆਨ ਨਾਲ ਹੀ ਮਨ ਦੀ ਭਟਕਣ ਮੁੱਕਦੀ ਹੈ ਤੇ ਇਸ ਭਟਕਣ ਦੇ ਮੁੱਕਣ ਨਾਲ ਹੀ ਮਨੁਖ ਆਪਣੇ-ਆਪ ਵਿਚ ਆਪਣੇ ਅਸਲ ਘਰ ਜਾਂ ਪੱਕੇ ਟਿਕਾਣੇ ਵਿਚ ਟਿਕਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਇਹ ਹਾਲਤ ਤੇ ਅਵਸਥਾ ਹੀ ਸੋਭਾ ਪਾਉਣ ਵਾਲੀ ਹੁੰਦੀ ਹੈ।

ਮਨ ਦੀ ਭਟਕਣ ਦਾ ਅਸਲ ਕਾਰਣ ਚਾਹਤ ਹੁੰਦੀ ਹੈ। ਜੋ ਕਿਸੇ ਕੋਲ ਨਹੀਂ ਹੈ, ਉਸ ਦੀ ਚਾਹਤ ਰਖਣ ਜਾਂ ਜਿੰਨਾ ਕੁਝ ਕਿਸੇ ਕੋਲ ਹੈ, ਉਸ ਤੋਂ ਵੱਧ ਉਮੀਦ ਰਖਣ ਵਿਚ ਭਟਕਣਾ ਹੀ ਹੁੰਦੀ ਹੈ। ਪਰ ਗੁਰੂ ਦੀ ਸਿੱਖਿਆ ਨਾਲ ਮਨ ਟਿਕ ਜਾਂਦਾ ਹੈ ਤੇ ਉਸ ਵਿਚਲੀ ਚਾਹਤ ਮਿਟ ਜਾਂਦੀ ਹੈ। ਫਿਰ ਮਨੁਖ ਦਾ ਮਨ ਬਿਨਾਂ ਚਾਹਤ ਭਾਵ, ਭਟਕਣ ਰਹਿਤ ਹੋ ਜਾਂਦਾ ਹੈ।

ਗੁਰੂ ਦੀ ਸਿੱਖਿਆ ਬਾਝੋਂ ਭਟਕਣ ਵਿਚ ਪਿਆ ਹੋਇਆ ਮਨ ਚਾਹਤ ਦੇ ਵਸ ਪਿਆ ਰਹਿੰਦਾ ਹੈ ਤੇ ਉਸ ਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ, ਜਿਵੇਂ ਕੋਈ ਮੰਗਤਾ ਹੱਥ ਵਿਚ ਠੂਠਾ ਫੜ ਕੇ ਮੰਗ ਰਿਹਾ ਹੋਵੇ। ਪਰ ਗੁਰੂ ਤੋਂ ਪ੍ਰਾਪਤ ਹੋਏ ਗਿਆਨ ਦੀ ਮਿਹਰ ਸਦਕਾ ਮਨ ਦੇ ਹੱਥ ਵਿਚ ਫੜਿਆ ਮੰਗਤਿਆਂ ਵਾਲਾ ਠੂਠਾ ਟੁੱਟ ਜਾਂਦਾ ਹੈ, ਦੁਚਿੱਤੀ ਮਿਟ ਜਾਂਦੀ ਹੈ ਤੇ ਚਾਹਤ ਰੁਕ ਜਾਂਦੀ ਹੈ। ਭਾਵ, ਮਨ ਇਕਾਗਰ ਹੋ ਕੇ ਆਪਣੇ-ਆਪ ਵਿਚ ਪੱਕੇ ਤੌਰ ਪਰ ਟਿਕ ਜਾਂਦਾ ਹੈ।

ਫਿਰ ਮਨ ਨੂੰ ਮਾਇਆ ਦਾ ਜਾਲ ਖਿੱਚ ਨਹੀਂ ਪਾਉਂਦਾ ਜਾਂ ਮਨ ’ਤੇ ਕੋਈ ਅਸਰ ਨਹੀਂ ਪਾਉਂਦਾ ਤੇ ਮਨ ਮਾਇਆ ਦੀ ਪਕੜ ਅਤੇ ਜਕੜ ਤੋਂ ਬਿਲਕੁਲ ਨਿਰਲੇਪ ਰਹਿੰਦਾ ਹੈ। ਭਾਵ, ਪਦਾਰਥ ਦੀ ਖਿੱਚ ਜਾਂ ਮਾਇਆ ਦੀ ਉਲਝਣ ਵਿਚ ਨਹੀਂ ਫਸਦਾ। 

ਪਉੜੀ ਦੇ ਅਖੀਰ ਵਿਚ ‘ਨਾਨਕ’ ਪਦ ਦੀ ਮੁਹਰ ਲਾ ਕੇ ਗੁਰੂ ਸਾਹਿਬ ਨਿਮਰਤਾ ਸਹਿਤ ਕਥਨ ਕਰਦੇ ਹਨ ਕਿ ਉੱਪਰ ਦੱਸੇ ਅਨੁਸਾਰ ਪੂਰਨ ਤੌਰ ’ਤੇ ਇਕਾਗਰ, ਭਟਕਣ ਰਹਿਤ ਅਤੇ ਨਿਰਲੇਪ ਮਨ ਵਾਲੇ ਮਨੁਖ ਨੂੰ ਪ੍ਰਣਾਮ ਹੈ। ਇਹੋ-ਜਿਹੇ ਅਡੋਲ ਮਨ ਵਾਲੇ ਮਨੁਖ ਅੱਗੇ ਨਿਮਰਤਾ ਵਿਚ ਰਹਿਣਾ ਚਾਹੀਦਾ ਹੈ। 

ਕਿਹਾ ਜਾ ਸਕਦਾ ਹੈ ਕਿ ਇਸ ਬਾਣੀ ਰਾਹੀਂ ਵੀ ਗੁਰਮਤਿ ਦੇ ਮੂਲ ਉਦੇਸ਼ ਉਸ ਪਰਮ ਹਸਤੀ ਇਕ ਪ੍ਰਭੂ ਦੀ ਉਪਾਸਨਾ ਵਿਚ, ਅਨੇਕਤਾ ਤੋਂ ਏਕਤਾ ਵੱਲ ਵਧਦੇ ਹੋਏ, ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਹੋਣਾ ਹੈ।

Tags