ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ
ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ
ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ
ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ
ਤਿੰਨ ਗੁਣਾਂ ਤੋਂ ਬਾਅਦ
ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਦੂਜੈ ਭਾਇ ਲਗੇ ਪਛੁਤਾਣੇ ॥
ਜਮ ਦਰਿ ਬਾਧੇ ਆਵਣ ਜਾਣੇ ॥
ਕਿਆ ਲੈ ਆਵਹਿ ਕਿਆ ਲੇ ਜਾਹਿ ॥
ਸਿਰਿ ਜਮਕਾਲੁ ਸਿ ਚੋਟਾ ਖਾਹਿ ॥
ਬਿਨੁ ਗੁਰ ਸਬਦ ਨ ਛੂਟਸਿ ਕੋਇ ॥
ਪਾਖੰਡਿ ਕੀਨੑੈ ਮੁਕਤਿ ਨ ਹੋਇ ॥੨॥
-ਗੁਰੂ ਗ੍ਰੰਥ ਸਾਹਿਬ ੮੩੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚੰਦਰਮਾਂ ਦੀ ਦੂਜੀ ਤਿਥ ਨੂੰ ਦੂਜ ਕਹਿੰਦੇ ਹਨ। ਇਸ ਪਉੜੀ ਵਿਚ ਇਸ ਤਿਥ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਿਹੜੇ ਜਗਤ ਦੇ ਮਾਲਕ ਉਸ ਇਕ ਪ੍ਰਭੂ ਦੀ ਬਜਾਏ, ਦੂਜੇ ਕਿਸੇ ਹੋਰ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ। ਕਿਉਂਕਿ ਉਹ ਪ੍ਰਭੂ ਵਿਲੱਖਣ ਹੈ, ਉਸ ਜਿਹਾ ਕੋਈ ਹੋਰ ਨਹੀਂ ਹੈ ਤੇ ਨਾ ਹੀ ਕਿਸੇ ਹੋਰ ਨਾਲ ਓਨਾ ਅਨੰਦ ਮਿਲ ਸਕਦਾ ਹੈ।
ਉਸ ਇਕ ਪ੍ਰਭੂ ਨਾਲ ਨਾ ਜੁੜਨ ਵਾਲੇ ਲੋਕ ਜਿਉਣ-ਮਰਨ ਦੇ ਚੱਕਰ ਤੋਂ ਮੁਕਤ ਨਹੀਂ ਹੋ ਸਕਦੇ ਤੇ ਹਮੇਸ਼ਾ ਮਰਨ ਦੇ ਡਰ ਵਿਚ ਘਿਰੇ ਰਹਿੰਦੇ ਹਨ।
ਇਸ ਜੀਵਨ ਵਿਚ ਮਨੁਖ ਉਸ ਇਕ ਪ੍ਰਭੂ ਨਾਲ ਮਿਲ ਕੇ ਅਨੰਦ ਪ੍ਰਾਪਤ ਕਰ ਸਕਦਾ ਹੈ। ਜਿਹੜੇ ਲੋਕ ਉਸ ਇਕ ਨਾਲ ਮਿਲਾਪ ਪ੍ਰਾਪਤ ਨਹੀਂ ਕਰਦੇ, ਉਹ ਜੀਵਨ ਵਿਚ ਨਾ ਹੀ ਕੁਝ ਲੈ ਕੇ ਆਉਂਦੇ ਹਨ ਤੇ ਨਾ ਹੀ ਕੁਝ ਨਾਲ ਲੈ ਕੇ ਜਾਂਦੇ ਹਨ। ਭਾਵ, ਖਾਲੀ ਆਉਂਦੇ ਤੇ ਖਾਲੀ ਚਲੇ ਜਾਂਦੇ ਹਨ।
ਬਿਨਾਂ ਅਨੰਦ ਅਤੇ ਖਾਲੀ ਆਉਣ-ਜਾਣ ਦੇ ਚੱਕਰ ਵਿਚ ਫਸੇ ਹੋਏ ਲੋਕਾਂ ਦੀ ਮੁਕਤੀ ਉਸ ਇਕ ਗੁਰੂ-ਸ਼ਬਦ ਦੀ ਸਿੱਖਿਆ ਬਿਨਾਂ ਸੰਭਵ ਨਹੀਂ ਹੈ। ਭਾਵ, ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਸਰ ਕਰਨ ਨਾਲ ਹੀ ਮਨੁਖ ਪਰਮ ਸੁਖ ਪ੍ਰਾਪਤ ਹੁੰਦਾ ਹੈ।
ਜਿਹੜੇ ਲੋਕ ਗੁਰ-ਸ਼ਬਦ ਦੀ ਸਿੱਖਿਆ ਨਹੀਂ ਮੰਨਦੇ, ਉਨ੍ਹਾਂ ਦੇ ਸਿਰ ’ਤੇ ਕਾਲ ਰੂਪ ਮੌਤ ਦਾ ਦੂਤ ਹਮੇਸ਼ਾ ਖੜ੍ਹਾ ਰਹਿੰਦਾ ਹੈ, ਜਿਸ ਦੀਆਂ ਉਨ੍ਹਾਂ ਨੂੰ ਸਦਾ ਹੀ ਦੁਖ ਰੂਪ ਸੱਟਾਂ ਸਹਿਣੀਆਂ ਪੈਂਦੀਆਂ ਹਨ।
ਇਸ ਸ਼ਬਦ ਦੇ ਅਖੀਰ ਵਿਚ ਇਕ ਹੋਰ ਤੱਥ ਦੱਸਿਆ ਗਿਆ ਹੈ ਕਿ ਗੁਰੂ ਦੇ ਸ਼ਬਦ ਦੀ ਬਰਕਤ ਸਦਕਾ, ਉਸ ਇਕ ਪ੍ਰਭੂ ਦਾ ਨਾਮ ਲੈਣ ਨਾਲ ਹੀ ਮੁਕਤੀ ਮਿਲਦੀ ਹੈ। ਜੇ ਕੋਈ ਕਹੇ ਉਹ ਪਖੰਡ ਭਾਵ ਵਿਖਾਵੇ ਵਾਲੇ ਕਰਮ-ਧਰਮ ਕਰ ਲਵੇਗਾ ਤੇ ਮੁਕਤੀ ਪਾ ਲਵੇਗਾ ਤਾਂ ਉਹ ਬਹੁਤ ਵਡੇ ਭਰਮ ਵਿਚ ਹੈ। ਕਿਉਂਕਿ ਉਹ ਇਕ ਪ੍ਰਭੂ ਕਦੇ ਧੋਖਾ ਨਹੀਂ ਖਾਂਦਾ। ਉਹ ਸਭ ਜਾਣਦਾ ਹੈ ਕਿ ਕੌਣ ਕੀ ਕਰਦਾ ਹੈ।