ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ
ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ
ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ
ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ
ਤਿੰਨ ਗੁਣਾਂ ਤੋਂ ਬਾਅਦ
ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥
ਬੂਝਹੁ ਗਿਆਨੀ ਸਬਦੁ ਬੀਚਾਰਿ ॥
ਸਸੀਅਰੁ ਗਗਨਿ ਜੋਤਿ ਤਿਹੁ ਲੋਈ ॥
ਕਰਿ ਕਰਿ ਵੇਖੈ ਕਰਤਾ ਸੋਈ ॥
ਗੁਰ ਤੇ ਦੀਸੈ ਸੋ ਤਿਸ ਹੀ ਮਾਹਿ ॥
ਮਨਮੁਖਿ ਭੂਲੇ ਆਵਹਿ ਜਾਹਿ ॥੧੯॥
-ਗੁਰੂ ਗ੍ਰੰਥ ਸਾਹਿਬ ੮੪੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚੌਦਵੀਂ ਤਿਥ ਤੋ ਬਾਅਦ ਅਮਾਵਸ ਹੁੰਦੀ ਹੈ, ਜਿਸ ਨੂੰ ਮੱਸਿਆ ਵੀ ਕਿਹਾ ਜਾਂਦਾ ਹੈ। ਅਮਾਵਸ ਦੇ ਦੋ ਮੂਲ ਅਰਥ ਦੱਸੇ ਗਏ ਹਨ। ਇਕ ਅਨੁਸਾਰ ਅਮਾਂ ਦਾ ਅਰਥ ਹੈ, ਇਕੱਠੇ ਅਤੇ ਵਾਸ ਦਾ ਅਰਥ ਹੈ, ਵਸਣਾ। ਇਸ ਤਰ੍ਹਾਂ ਅਮਾਵਸ ਦਾ ਅਰਥ ਉਹ ਸਮਾਂ ਹੈ, ਜਦ ਸੂਰਜ ਤੇ ਚੰਦਰਮਾ ਸਹਿਵਾਸ ਕਰਦੇ ਹਨ। ਇਸ ਕਰਕੇ ਚੰਦਰਮਾ ਨਜਰ ਨਹੀਂ ਆਉਂਦਾ। ਦੂਜੇ ਅਰਥ ਮੁਤਾਬਕ ਅ ਦਾ ਅਰਥ ਹੈ, ਨਹੀਂ। ਮਾ ਦਾ ਅਰਥ ਹੈ, ਚੰਦਰਮਾ ਅਤੇ ਅਸ ਦਾ ਅਰਥ ਹੈ, ਹੈ। ਭਾਵ, ਉਹ ਰਾਤ ਜਿਸ ਵਿਚ ਚੰਦਰਮਾ ਨਹੀਂ ਹੈ। ਅਮਾਵਸ ਦੇ ਇਹ ਦੋਵੇਂ ਅਰਥ ਚੰਦਰਮਾ ਦੇ ਅਭਾਵ ਦੀ ਹੀ ਦੱਸ ਪਾਉਂਦੇ ਹਨ। ਇਸ ਕਰਕੇ ਅਮਾਵਸ ਦੇ ਹਵਾਲੇ ਨਾਲ ਉਸ ਸਮੇਂ ਬਾਰੇ ਦੱਸਿਆ ਗਿਆ ਹੈ ਜਦ ਅਕਾਸ਼ ਵਿਚ ਚੰਦਰਮਾ ਗੁੰਮ ਹੋ ਜਾਂਦਾ ਹੈ। ਚੰਦਰਮਾ ਦੀ ਇਹ ਅਵਸਥਾ ਸੂਰਜ ਦੇ ਸਹਿਵਾਸ ਵਜੋਂ ਅਭੇਦ ਹੋਣ ਕਾਰਣ ਅਕਾਸ਼ ਵਿਚ ਲੀਨ ਹੋਣ ਦੀ ਹੈ।
ਉਪਰ ਦੱਸੇ ਪ੍ਰਤੀਕ ਵਿਧਾਨ ਅਨੁਸਾਰ ਜਦ ਚੰਦਰਮਾ ਤੇ ਸੂਰਜ ਸਹਿਵਾਸ ਕਰਦੇ ਹਨ। ਭਾਵ, ਜਦ ਉਸ ਇਕ ਪਰਮ ਹਸਤੀ ਨਾਲ ਸਾਧਕ ਇਕਮਿਕ ਹੋ ਜਾਂਦਾ ਹੈ ਤਾਂ ਸਾਧਕ ਉਸ ਇਕ ਨਾਲ ਅਭੇਦ ਹੋ ਜਾਂਦਾ ਹੈ। ਸਾਧਕ ਦੀ ਇਸ ਅਵਸਥਾ ਨੂੰ ਭਗਤ ਰਵਿਦਾਸ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ: ...ਅਬ ਤੂਹੀ ਮੈ ਨਾਹੀ ॥ ਭਗਤ ਕਬੀਰ ਜੀ ਨੇ ਕਿਹਾ ਹੈ: ...ਅਬ ਤੁਮ ਹਹੁ ਹਮ ਨਾਹੀ ॥ ਇਸ ਤੁਕ ਵਿਚ ਗਿਆਨਵਾਨ ਮਨੁਖ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਗੁਰੂ ਦੀ ਸਿੱਖਿਆ ਦੀ ਵਿਚਾਰ ਕਰੇ ਤੇ ਪਤਾ ਕਰੇ ਕਿ ਉਸ ਇਕ ਪਰਮ ਸੱਚ ਨਾਲ ਇਕਮਿਕ ਕਿਵੇਂ ਹੋਈਦਾ ਹੈ? ਭਾਵ, ਭਗਤ ਰਵਿਦਾਸ ਅਤੇ ਭਗਤ ਕਬੀਰ ਵਾਲੀ ਅਵਸਥਾ ਕਿਵੇਂ ਪ੍ਰਾਪਤ ਕਰੀਦੀ ਹੈ?
ਫਿਰ ਦੱਸਿਆ ਗਿਆ ਹੈ ਕਿ ਚੰਦਰਮਾ ਅਕਾਸ਼ ਵਿਚ ਚੜ੍ਹਦਾ ਹੈ ਤੇ ਉਸ ਦਾ ਪ੍ਰਕਾਸ਼ ਧਰਤੀ ਉਪਰ, ਧਰਤੀ ਦੇ ਹੇਠਾਂ ਅਤੇ ਅਕਾਸ਼ ਵਿਚ, ਭਾਵ ਬ੍ਰਹਿਮੰਡ ਦੇ ਹਰ ਹਿੱਸੇ ਵਿਚ ਹੁੰਦਾ ਹੈ। ‘ਜੋ ਬ੍ਰਹਮੰਡੇ ਸੋਈ ਪਿੰਡੇ’ ਦੇ ਨਿਯਮ ਮੁਤਾਬਕ ਮਸਤਕ ਵਿਚ ਧਾਰੀ ਹੋਈ ਗੁਰੂ ਦੀ ਸਿੱਖਿਆ, ਚੰਦਰਮਾ ਜਿਹੇ ਮਨ ਰਾਹੀਂ ਦੇਹ ਵਿਚ ਹਰ ਥਾਂ ਪਸਰ ਜਾਂਦੀ ਹੈ ਤੇ ਮਨੁਖ ਅਰੋਗ ਅਤੇ ਨਿਰਮਲ ਹੋ ਜਾਂਦਾ ਹੈ।
ਫਿਰ ਦੱਸਿਆ ਗਿਆ ਹੈ ਕਿ ਮੱਸਿਆ ਦੀ ਰਾਤ ਚੰਦਰਮਾ ਅਕਾਸ਼ ਵਿਚ ਮੌਜੂਦ ਹੋਣ ਦੇ ਬਾਵਜੂਦ ਵੀ ਦਿਖਾਈ ਨਹੀਂ ਦਿੰਦਾ, ਉਸੇ ਤਰ੍ਹਾਂ ਵਿਆਪਕ ਪ੍ਰਭੂ ਦੀ ਜੋਤ ਸਾਰੇ ਸੰਸਾਰ ਵਿਚ ਪ੍ਰਕਾਸ਼ ਕਰ ਰਹੀ ਹੈ, ਭਾਵੇਂ ਕਿ ਦਿਸਦੀ ਨਹੀਂ।
ਗੁਰੂ ਨਾਨਕ ਸਾਹਿਬ ਦਾ ਬਚਨ ਹੈ: ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥ ਭਾਵ, ਪ੍ਰਭੂ ਆਪਣੀ ਰਚਨਾ ਨੂੰ ਦੇਖਦਾ ਹੈ, ਜਿਵੇਂ ਕਿ ਉਸ ਦੀ ਵਡਿਆਈ ਪ੍ਰਸਿੱਧ ਹੈ।
ਪ੍ਰੋ. ਜੇ. ਪੀ. ਐੱਸ. ਓਬਰੌਇ ਆਪਣੀ ਪੁਸਤਕ ‘ਮਾਈਂਡ ਐਂਡ ਸੁਸਾਇਟੀ’ ਵਿਚ ਲਿਖਦੇ ਹਨ ਕਿ ਪ੍ਰਭੂ ਨੇ ਸ੍ਰਿਸ਼ਟੀ ਦੀ ਰਚਨਾ ਇਸ ਲਈ ਕੀਤੀ ਕਿ ਉਹ ਆਪਣੀ ਵਾਸਤਵਿਕਤਾ ਤੇ ਸੰਭਾਵਨਾ ਦੀ ਅਸਲੀਅਤ ਜਾਣ ਸਕੇ। ਇਥੇ ਵੀ ਇਹੀ ਦੱਸਿਆ ਗਿਆ ਹੈ ਕਿ ਕਰਤਾ ਪ੍ਰਭੂ ਆਪਣੇ-ਆਪ ਵਿਚੋਂ ਹੀ ਅਨੇਕਭਾਂਤੀ ਸ੍ਰਿਸ਼ਟੀ ਦੀ ਰਚਨਾ ਕਰਕੇ ਆਪਣੇ-ਆਪ ਨੂੰ ਹੀ ਦੇਖਦਾ ਹੈ। ਇਹ ਉਸੇ ਤਰ੍ਹਾਂ ਹੈ, ਜਿਵੇਂ ਕੋਈ ਸ਼ੀਸ਼ੇ ਵਿਚ ਬਣੇ ਆਪਣੇ ਅਕਸ ਨੂੰ ਦੇਖ ਕੇ ਆਪਣੇ-ਆਪ ਦਾ ਅੰਦਾਜਾ ਲਗਾਉਂਦਾ ਹੈ। ਸ਼ੀਸ਼ੇ ਵਿਚ ਬਣਿਆ ਅਕਸ ਉਸ ਵਿਚ ਦੇਖਣ ਵਾਲੇ ਦਾ ਹੀ ਹੁੰਦਾ ਹੈ। ਇਸੇ ਤਰ੍ਹਾਂ ਇਹ ਸ੍ਰਿਸ਼ਟੀ ਉਸ ਪ੍ਰਭੂ ਦਾ ਅਕਸ ਹੈ ਤੇ ਉਸ ਬਿਨਾਂ ਇਸ ਦੀ ਕੋਈ ਹੋਂਦ ਨਹੀਂ ਹੈ। ਉਹ ਹੈ ਤਾਂ ਹੀ ਇਹ ਹੈ।
ਜਿਵੇਂ ਸ਼ੀਸ਼ੇ ਵਿਚ ਦੇਖਣ ਵਾਲੇ ਨੂੰ ਆਪਣਾ ਅਕਸ ਦਿੱਸ ਜਾਂਦਾ ਹੈ, ਪਰ ਅਕਸ ਨੂੰ ਉਹ ਨਜਰ ਨਹੀਂ ਆ ਰਿਹਾ ਹੁੰਦਾ। ਅਕਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕਿਸ ਦਾ ਅਕਸ ਹੈ। ਇਸ ਤਰ੍ਹਾਂ ਮਨੁਖ ਪ੍ਰਭੂ ਦਾ ਅਕਸ ਹੈ ਤੇ ਮਨੁਖ ਨੂੰ ਇਸ ਦਾ ਪਤਾ ਨਹੀਂ ਹੁੰਦਾ। ਜੇ ਕੋਈ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਜਾਣ ਲਵੇ ਕਿ ਉਹ ਪ੍ਰਭੂ ਦਾ ਹੀ ਰੂਪ ਹੈ ਤਾਂ ਉਹ ਆਪਣੇ-ਆਪ ਵਿਚ ਹੀ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰਕੇ ਉਸ ਵਿਚ ਲਿਵ ਲਾ ਲੈਂਦਾ ਹੈ ਜਾਂ ਉਸ ਵਿਚ ਸਮਾ ਜਾਂਦਾ ਹੈ।
ਪਉੜੀ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਗੁਰੂ ਦੀ ਸਿੱਖਿਆ ਪ੍ਰਾਪਤ ਨਹੀਂ ਕਰਦੇ ਤੇ ਆਪਣੇ ਮਨ ਦੀ ਗੱਲ ਵੱਲ ਹੀ ਤਵੱਜੋ ਦੇਈ ਰਖਦੇ ਹਨ, ਉਹ ਜੀਵਨ ਦਾ ਅਸਲ ਮਕਸਦ ਭੁੱਲ ਜਾਂਦੇ ਹਨ। ਉਹ ਜਿਸ ਤਰ੍ਹਾਂ ਸੰਸਾਰ ਵਿਚ ਆਉਂਦੇ ਹਨ, ਉਸੇ ਤਰ੍ਹਾਂ ਚਲੇ ਜਾਂਦੇ ਹਨ। ਭਾਵ, ਜਿਸ ਮਕਸਦ ਲਈ ਜਨਮ ਮਿਲਦਾ ਹੈ, ਉਸ ਮਕਸਦ ਦੀ ਪੂਰਤੀ ਕੀਤੇ ਬਗੈਰ ਚਲੇ ਜਾਂਦੇ ਹਨ।