ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ
ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ
ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ
ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ
ਤਿੰਨ ਗੁਣਾਂ ਤੋਂ ਬਾਅਦ
ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਚਉਦਸਿ ਚਉਥੇ ਥਾਵਹਿ ਲਹਿ ਪਾਵੈ ॥
ਰਾਜਸ ਤਾਮਸ ਸਤ ਕਾਲ ਸਮਾਵੈ ॥
ਸਸੀਅਰ ਕੈ ਘਰਿ ਸੂਰੁ ਸਮਾਵੈ ॥
ਜੋਗ ਜੁਗਤਿ ਕੀ ਕੀਮਤਿ ਪਾਵੈ ॥
ਚਉਦਸਿ ਭਵਨ ਪਾਤਾਲ ਸਮਾਏ ॥
ਖੰਡ ਬ੍ਰਹਮੰਡ ਰਹਿਆ ਲਿਵ ਲਾਏ ॥੧੮॥
-ਗੁਰੂ ਗ੍ਰੰਥ ਸਾਹਿਬ ੮੪੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚੌਦਵੀ ਥਿਤ ਨੂੰ ਚਉਦਸ ਕਹਿੰਦੇ ਹਨ, ਜਿਸ ਦੇ ਹਵਾਲੇ ਨਾਲ ਇਸ ਪਉੜੀ ਵਿਚ ਉਸ ਸਾਧਕ ਬਾਰੇ ਦੱਸਿਆ ਗਿਆ ਹੈ, ਜਿਹੜਾ ਚੳਥੀ ਥਾਂ, ਭਾਵ ਅਵਸਥਾ ਵਿਚ ਪੁੱਜ ਜਾਂਦਾ ਹੈ। ਇਸ ਤੁਕ ਵਿਚ ਇਹ ਨਹੀਂ ਦੱਸਿਆ ਗਿਆ ਕਿ ਚਉਥੀ ਅਵਸਥਾ ਜਾਂ ਥਾਂ ਕਿਸ ਨੂੰ ਕਿਹਾ ਗਿਆ ਹੈ।
ਆਮ ਤੌਰ ’ਤੇ ਮਨੁਖ ਤਿੰਨ ਹਾਲਤਾਂ ਵਿਚ ਰਹਿੰਦਾ ਹੈ, ਜਿਨ੍ਹਾਂ ਵਿਚ ਰਜੋ ਅਜਿਹੀ ਅਵਸਥਾ ਹੈ, ਜਿਸ ਵਿਚ ਮਨੁਖ ਉਤਸ਼ਾਹਜਨਕ ਹੁੰਦਾ ਹੈ। ਤਮੋ ਅਜਿਹੀ ਅਵਸਥਾ ਹੈ, ਜਿਸ ਵਿਚ ਉਹ ਅਗਿਆਨ ਦਾ ਸ਼ਿਕਾਰ ਹੁੰਦਾ ਹੈ। ਸਤੋ ਉਹ ਅਵਸਥਾ ਹੈ, ਜਿਸ ਵਿਚ ਉਹ ਸ਼ਾਂਤ ਰਹਿੰਦਾ ਹੈ। ਇਨ੍ਹਾਂ ਤਿੰਨਾਂ ਹਾਲਤਾਂ ਵਿਚ ਰਹਿਣ ਜਾਂ ਵਿਚਰਣ ਵਾਲਾ ਮਨੁਖ ਸਦਾ ਲਈ ਕਿਸੇ ਇਕ ਅਵਸਥਾ ਵਿਚ ਨਹੀਂ ਰਹਿ ਸਕਦਾ। ਉਸ ਦੀ ਹਾਲਤ ਵਿਚ ਤਬਦੀਲੀ ਹੁੰਦੀ ਰਹਿੰਦੀ ਹੈ। ਪਰ ਇਨ੍ਹਾਂ ਤਿੰਨ ਹਾਲਤਾਂ ਤੋਂ ਪਾਰ ਇਕ ਚੌਥੀ ਅਵਸਥਾ ਵੀ ਹੈ। ਇਸ ਅਵਸਥਾ ਵਾਲੇ ਮਨੁਖ ਲਈ ਰਜੋ, ਤਮੋ ਅਤੇ ਸਤੋ ਭਾਵ, ਸਾਰੇ ਗੁਣ ਤੋਂ ਪਾਰ ਹੋ ਜਾਂਦਾ ਹੈ।
ਇਨ੍ਹਾਂ ਤਿੰਨ ਗੁਣਾਂ ਨੂੰ ਸੁਆਮੀ ਰਾਮਕ੍ਰਿਸ਼ਨ ਪਰਮਹੰਸ ਜੀ ਨੇ ਇਸ ਉਦਾਹਰਣ ਰਾਹੀਂ ਸਮਝਾਇਆ ਹੈ ਕਿ ਇਕ ਅਮੀਰ ਆਦਮੀ ਜੰਗਲ ਵਿਚੋਂ ਲੰਘ ਰਿਹਾ ਸੀ ਕਿ ਉਸ ਨੂੰ ਤਿੰਨ ਲੁਟੇਰਿਆਂ ਨੇ ਘੇਰ ਕੇ ਲੁੱਟ ਲਿਆ। ਫਿਰ ਇਕ ਲੁਟੇਰਾ ਕਹਿਣ ਲੱਗਾ ਕਿ ਇਸ ਨੂੰ ਜਿਉਂਦਾ ਨਾ ਛੱਡਿਆ ਜਾਵੇ ਤੇ ਮਾਰ ਦਿੱਤਾ ਜਾਵੇ। ਦੂਜਾ ਲੁਟੇਰਾ ਕਹਿਣ ਲੱਗਾ ਕਿ ਇਸ ਨੂੰ ਮਾਰੀਏ ਨਾ, ਬਲਕਿ ਏਥੇ ਹੀ ਬੰਨ੍ਹ ਕੇ ਸੁੱਟ ਦਿੱਤਾ ਜਾਵੇ ਤਾਂ ਕਿ ਇਹ ਪੁਲਿਸ ਕੋਲ ਨਾ ਜਾ ਸਕੇ। ਫਿਰ ਉਨ੍ਹਾਂ ਨੇ ਉਸ ਦੀਆਂ ਲੱਤਾਂ-ਬਾਹਾਂ ਬੰਨ ਕੇ ਉੱਥੇ ਹੀ ਸੁੱਟ ਦਿੱਤਾ ਤੇ ਆਪ ਅਗੇ ਚਲੇ ਗਏ। ਕੁਝ ਚਿਰ ਬਾਅਦ ਇਕ ਲੁਟੇਰਾ ਵਾਪਸ ਆਇਆ ਤੇ ਉਸ ਅਮੀਰ ਆਦਮੀ ਕੋਲੋਂ ਆਪਣੇ ਕੀਤੇ ਦੀ ਮੁਆਫੀ ਮੰਗੀ ਤੇ ਉਸਦੀਆਂ ਲੱਤਾਂ-ਬਾਹਾਂ ਖੋਲ੍ਹ ਕੇ ਉਸ ਨੂੰ ਅਜਾਦ ਕਰ ਦਿੱਤਾ। ਫਿਰ ਉਸ ਨੂੰ ਜੰਗਲ ਵਿਚੋਂ ਬਾਹਰ ਲਿਜਾ ਕੇ ਉਸ ਦੇ ਪਿੰਡ ਦੇ ਰਾਹ ਪਾ ਦਿੱਤਾ। ਅਮੀਰ ਬੰਦੇ ਨੇ ਉਸ ਨੂੰ ਚੰਗਾ ਸਮਝ ਕੇ ਆਪਣੇ ਨਾਲ ਘਰ ਜਾਣ ਲਈ ਕਿਹਾ। ਪਰ ਉਸ ਲੁਟੇਰੇ ਨੇ ਕਿਹਾ ਕਿ ਉਹ ਉਸ ਦੇ ਨਾਲ ਨਹੀਂ ਜਾ ਸਕਦਾ, ਕਿਉਂਕਿ ਉਸ ਦੇ ਪਿੰਡ ਪੁਲਿਸ ਹੋਵੇਗੀ, ਜੋ ਉਸ ਨੂੰ ਫੜ ਲਵੇਗੀ। ਇਹ ਕਹਿ ਕੇ ਲੁਟੇਰਾ ਵਾਪਸ ਪਰਤ ਗਿਆ।
ਜਿਹੜਾ ਲੁਟੇਰਾ ਬੇਸਮਝੀ ਕਾਰਣ ਬੇਵਜ੍ਹਾ ਉਸ ਅਮੀਰ ਆਦਮੀ ਦਾ ਕਤਲ ਕਰਨਾ ਚਾਹੁੰਦਾ ਸੀ, ਉਹ ਤਮੋ ਗੁਣ ਹੈ। ਜਿਹੜਾ ਉਸ ਨੂੰ ਬੰਨ੍ਹ ਕੇ ਜੀਵਤ ਰਖਣਾ ਚਾਹੁੰਦਾ ਸੀ, ਉਹ ਰਜੋ ਗੁਣ ਹੈ। ਜਿਹੜਾ ਉਸ ਅਮੀਰ ਨੂੰ ਅਜਾਦ ਕਰਕੇ ਉਸ ਦੇ ਅਸਲ ਟਿਕਾਣੇ ਵੱਲ ਤੋਰਦਾ ਹੈ, ਉਹ ਸਤੋਗੁਣ ਹੈ। ਪਰ ਇਹ ਸਤੋਗੁਣ ਆਪ ਉਸ ਦੇ ਘਰ ਤਕ ਨਹੀਂ ਜਾ ਸਕਦਾ। ਭਾਵ, ਚੌਥੀ ਅਵਸਥਾ ਵਿਚ ਉਸ ਨੂੰ ਆਪ ਹੀ ਜਾਣਾ ਪੈਂਦਾ ਹੈ।
ਉਸ ਅਮੀਰ ਦਾ ਆਪਣਾ ਘਰ ਰੱਬ ਦਾ ਘਰ ਹੈ, ਜਿਥੋਂ ਉਹ ਆਇਆ ਹੈ ਤੇ ਜਿਥੇ ਉਸ ਨੇ ਜਾਣਾ ਹੈ। ਤਮੋ ਗੁਣ ਤਕਲੀਫ ਦਿੰਦਾ ਹੈ, ਰਜੋ ਗੁਣ ਬੰਨ੍ਹਦਾ ਹੈ ਤੇ ਸਤੋ ਗੁਣ ਮੁਕਤ ਕਰਦਾ ਹੈ। ਪਰ ਉਸ ਅਮੀਰ ਦਾ ਆਪਣਾ ਘਰ ਰੱਬ ਦਾ ਘਰ ਹੈ, ਜਿਥੇ ਕੋਈ ਵੀ ਗੁਣ ਪ੍ਰਵੇਸ਼ ਨਹੀਂ ਕਰ ਸਕਦਾ। ਉਥੇ ਨਿਰਗੁਣ ਹੋ ਕੇ ਹੀ ਜਾਇਆ ਜਾ ਸਕਦਾ ਹੈ।
ਤਿੰਨ ਗੁਣਾਂ ਤੋਂ ਪਾਰ ਵਾਲੀ ਚੌਥੀ ਅਵਸਥਾ ਵਿਚ ਪੁੱਜੇ ਹੋਏ ਮਨੁਖ ਦੀ ਹਾਲਤ ਅਜਿਹੀ ਹੁੰਦੀ ਹੈ, ਜਿਵੇਂ ਚੰਦਰਮਾਂ ਦੇ ਘਰ ਵਿਚ ਸੂਰਜ ਸਮਾ ਗਿਆ ਹੋਵੇ। ਪੰਦਰਵੀਂ ਸਦੀ ਦੀ ਪੁਸਤਕ ‘ਹਠਯੋਗ ਪ੍ਰਦੀਪਿਕਾ’ ਵਿਚ ਦੱਸਿਆ ਗਿਆ ਹੈ ਕਿ ‘ਹ’ ਦਾ ਅਰਥ ਹੈ, ਸੂਰਜ। ‘ਠ’ ਦਾ ਅਰਥ ਹੈ, ਚੰਦਰਮਾ। ਸੂਰਜ ਨੂੰ ਚੰਦਰਮਾਂ ਵਿਚ ਉਤਾਰਨਾ ਹੀ ਹਠਯੋਗ ਹੈ। ਭਾਰਤੀ ਪ੍ਰਤੀਕ ਪਰੰਪਰਾ ਅਨੁਸਾਰ ਸੂਰਜ ਮਸਤਕ ਦਾ ਪ੍ਰਤੀਕ ਹੈ ਅਤੇ ਚੰਦਰਮਾ ਹਿਰਦੇ ਦਾ। ਇਸ ਅਨੁਸਾਰ ਹਠਯੋਗ ਮਸਤਕ ਨੂੰ ਹਿਰਦੇ ਵਿਚ ਉਤਾਰਨ ਦਾ ਅਭਿਆਸ ਹੈ। ਮਨ ਨੀਵਾਂ ਮਤਿ ਉੱਚੀ ਦਾ ਵੀ ਇਹੀ ਮਨੋਰਥ ਹੈ ਕਿ ਮਨ ਨੂੰ ਮਤਿ ਦੇ ਅਧੀਨ ਜਾਂ ਅਨੁਸਾਰ ਰਖਿਆ ਜਾਵੇ। ਗੁਰੂ ਗ੍ਰੰਥ ਸਾਹਿਬ ਵਿਚ ‘ਸਸਿ ਘਰਿ ਸੂਰੁ ਸਮਾਵੈ’ ਦਾ ਵੀ ਇਹੀ ਭਾਵ ਹੈ।
ਜਦ ਸਾਧਕ ਗੁਰੂ ਦੀ ਮਤਿ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਜੋਗ ਦਾ ਅਸਲ ਅਰਥ ਅਤੇ ਮਨੋਰਥ ਕੀ ਹੈ। ਇਸ ਤੋਂ ਉਰੇ ਜਾਂ ਬਿਨਾਂ ਜੋਗ ਕੁਝ ਨਹੀਂ ਹੈ।
ਜਿਹੜਾ ਸਾਧਕ ਇਸ ਪਰਮ ਯੋਗ ਦੇ ਅਭਿਆਸ ਵਿਚ ਪਰਿਪੱਕ ਹੋ ਜਾਂਦਾ ਹੈ, ਭਾਵ ਗੁਰੂ ਦੀ ਦੱਸੀ ਸਿੱਖਿਆ ਅਨੁਸਾਰ ਮਨ ਨੂੰ ਢਾਲ ਲੈਂਦਾ ਹੈ, ਉਹ ਪਰਮ ਹਸਤੀ ਇਕ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ। ਜਿਵੇਂ ਬ੍ਰਹਿਮੰਡ ਦੇ ਚੌਦਾਂ ਸਮਝੇ ਜਾਂਦੇ ਸਾਰੇ ਅਕਾਸ਼ ਤੇ ਪਤਾਲ ਉਸ ਵਿਚ ਸਮਾ ਗਏ ਹੋਣ।
ਉਸ ਸਾਧਕ ਦੀ ਅਵਸਥਾ ਇਸ ਤਰ੍ਹਾਂ ਦੀ ਹੋ ਜਾਂਦੀ ਹੈ, ਜਿਵੇਂ ਬ੍ਰਹਿਮੰਡ ਦੇ ਹਰ ਹਿੱਸੇ ਵਿਚ ਸਮਾਏ ਹੋਏ ਉਸ ਇਕ ਪਰਮ ਹਸਤੀ ਪ੍ਰਭੂ ਨਾਲ ਉਸ ਦੀ ਲਿਵ ਲੱਗ ਗਈ ਹੋਵੇ। ਜਿਵੇਂ ਉਹ ਉਸ ਇਕ ਨਾਲ ਇਕਮਿਕ ਹੋ ਗਿਆ ਹੋਵੇ।