ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ
ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ
ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ
ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ
ਤਿੰਨ ਗੁਣਾਂ ਤੋਂ ਬਾਅਦ
ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਤੇਰਸਿ ਤਰਵਰ ਸਮੁਦ ਕਨਾਰੈ ॥
ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥
ਡਰ ਡਰਿ ਮਰੈ ਨ ਬੂਡੈ ਕੋਇ ॥
ਨਿਡਰੁ ਬੂਡਿ ਮਰੈ ਪਤਿ ਖੋਇ ॥
ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ॥
ਤਖਤਿ ਨਿਵਾਸੁ ਸਚੁ ਮਨਿ ਭਾਣੈ ॥੧੭॥
-ਗੁਰੂ ਗ੍ਰੰਥ ਸਾਹਿਬ ੮੪੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਤੇਰਵੀਂ ਤਿਥ ਨੂੰ ਤੇਰਸ ਕਹਿੰਦੇ ਹਨ। ਤੇਰਸ ਤੋਂ ਤਰਵਰ ਦਾ ਅਨੁਪ੍ਰਾਸ ਬਣਦਾ ਹੈ। ਇਸ ਪਉੜੀ ਵਿਚ ਉਸ ਤਰਵਰ, ਭਾਵ ਰੁੱਖ ਦਾ ਜਿਕਰ ਹੈ, ਜਿਹੜਾ ਸਮੁੰਦਰ ਦੇ ਕਿਨਾਰੇ ਉੱਗਿਆ ਹੋਇਆ ਹੈ। ਉਂਝ ਸਮੁੰਦਰ ਦੇ ਕਿਨਾਰੇ ਉੱਗੇ ਰੁੱਖ ਨੂੰ ਇਸ ਤਰ੍ਹਾਂ ਦੇਖਿਆ ਜਾਂਦਾ ਹੈ, ਜਿਵੇਂ ਉਸ ਦਾ ਅੰਤਲਾ ਸਮਾਂ ਨੇੜੇ ਹੋਵੇ ਤੇ ਉਹ ਕਿਸੇ ਵੇਲੇ ਵੀ ਸਮੁੰਦਰ ਵਿਚ ਗਰਕ ਸਕਦਾ ਹੈ।
ਇਸ ਪਉੜੀ ਵਿਚ ਅਜਿਹੇ ਹੀ ਸਮੁੰਦਰ ਕਿਨਾਰੇ ਉੱਗੇ ਹੋਏ ਰੁੱਖ ਨੂੰ ਮਨੁਖੀ ਸਰੀਰ ਨਾਲ ਉਪਮਾ ਦਿੱਤੀ ਗਈ ਹੈ ਕਿ ਮਨੁਖ ਦਾ ਸਰੀਰ ਵੀ ਉਸ ਰੁੱਖ ਜਿਹਾ ਹੈ ਜਿਹੜਾ ਕਿਸੇ ਵੇਲੇ ਵੀ ਸਮੁੰਦਰ ਵਿਚ ਡਿੱਗ ਸਕਦਾ ਹੈ। ਪਰ ਜਿਸ ਮਨੁਖ ਦਾ ਸਰੀਰ ਰੂਪੀ ਰੁੱਖ ਪ੍ਰਭੂ ਦਾ ਅੰਮ੍ਰਿਤ ਵਰਗਾ ਨਾਮ ਖੁਰਾਕੀ ਤੱਤ ਵਜੋਂ ਲੈਦਾ ਰਹਿੰਦਾ ਹੈ, ਉਹ ਸਦਾ ਹਰਿਆ-ਭਰਿਆ ਰਹਿੰਦਾ ਹੈ।
ਅੱਗੇ ਦੱਸਿਆ ਗਿਆ ਹੈ ਕਿ ਜਿਹੜਾ ਆਪਣੀ ਰਖਿਆ ਲਈ ਆਪਣੇ ਸਮੁੱਚੇ ਵਜੂਦ ਨੂੰ, ਉਸ ਇਕ ਪ੍ਰਭੂ ਦੇ ਭੈ ਵਿਚ ਰਹਿੰਦੇ ਹੋਏ, ਆਪਣੇ-ਆਪ ਨੂੰ ਉਸ ਦੇ ਨਾਲ ਲਗਾਤਾਰ ਜੋੜੀ ਰਖੇ, ਉਹ ਮਨੁਖ ਨਾ ਹੀ ਕਿਸੇ ਹੋਰ ਡਰ ਨਾਲ ਮਰਦਾ ਤੇ ਨਾ ਹੀ ਸੰਸਾਰ-ਸਮੁੰਦਰ ਦੀਆਂ ਵਿਕਾਰੀ ਲਹਿਰਾਂ ਵਿਚ ਡੁੱਬਦਾ ਹੈ। ਭਾਵ, ਉਹ ਮੌਤ ਸਮੇਤ ਹਰ ਤਰ੍ਹਾਂ ਦੇ ਡਰ ਤੋਂ ਮੁਕਤ ਹੋ ਜਾਂਦਾ ਹੈ।
ਇਸ ਦੇ ਉਲਟ ਜਿਹੜਾ ਮਨੁਖ ਉਸ ਇਕ ਪਰਮ ਹਸਤੀ ਦੇ ਭੈ-ਅਦਬ ਨੂੰ ਨਾ ਮੰਨੇ ਤੇ ਨਾ ਹੀ ਉਸ ਦੇ ਨਾਲ ਲਗਾਤਾਰ ਜੁੜੇ, ਉਹ ਇਕ ਨਾ ਇਕ ਦਿਨ ਸੰਸਾਰ-ਸਮੁੰਦਰ ਦੀਆਂ ਵਿਕਾਰੀ ਲਹਿਰਾਂ ਵਿਚ ਡੁੱਬਦਾ ਹੈ। ਉਸ ਦੀ ਬਣੀ ਬਣਾਈ ਹੋਈ ਇੱਜਤ ਵੀ ਨਹੀਂ ਰਹਿੰਦੀ। ਭਾਵ, ਜਿਹੜੇ ਆਪਣੇ ਪਰਮ ਸ੍ਰੋਤ ਇਕ ਦਾ ਡਰ ਨਹੀਂ ਮੰਨਦੇ ਉਹ ਮਰ-ਮੁੱਕ ਜਾਂਦੇ ਹਨ ਤੇ ਆਪਣੀ ਇੱਜਤ ਵੀ ਗੁਆ ਲੈਂਦੇ ਹਨ।
ਫਿਰ ਸਮੁੰਦਰ ਕਿਨਾਰੇ ਉੱਗੇ ਹੋਏ ਰੁੱਖ ਦੀ ਉਦਾਹਰਣ ਅਤੇ ਅਰਥ ਨੂੰ ਹੋਰ ਅੱਗੇ ਤੋਰ ਕੇ ਦੱਸਦੇ ਹਨ ਕਿ ਮਨੁਖ ਨੂੰ ਉਸ ਪਰਮ ਹਸਤੀ ਇਕ ਪ੍ਰਭੂ ਦੇ ਭੈ ਨੂੰ ਸਮਰਪਿਤ ਹੋ ਕੇ ਰਹਿਣਾ ਚਾਹੀਦਾ ਹੈ ਤੇ ਉਸ ਇਕ ਦੇ ਭੈ ਨੂੰ ਆਪਣੇ ਹਿਰਦੇ ਵਿਚ ਵਸਾ ਲੈਣਾ ਚਾਹੀਦਾ ਹੈ।
ਪਉੜੀ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਮਨੁਖ ਦੇ ਮਨ ਨੂੰ ਉਪਰ ਦੱਸਿਆ ਸੱਚ, ਭਾਵ ਇਕ ਪ੍ਰਭੂ ਹਿਰਦੇ ਵਿਚ ਵੱਸ ਜਾਵੇ ਉਸ ਨੂੰ ਕੋਈ ਡਰ ਨਹੀਂ ਰਹਿੰਦਾ। ਉਸ ਦਾ ਨਿਵਾਸ ਰਾਜ ਗੱਦੀ ਦੀ ਤਰ੍ਹਾਂ ਉੱਚੇ ਆਤਮਕ-ਪਦ ਉੱਤੇ ਹੋ ਜਾਂਦਾ ਹੈ। ਭਾਵ, ਉਹ ਰਾਜੇ ਦੀ ਤਰ੍ਹਾਂ ਨਿਡਰ ਜੀਵਨ ਬਸਰ ਕਰਦਾ ਹੈ।