Guru Granth Sahib Logo
  
ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ ਤਿੰਨ ਗੁਣਾਂ ਤੋਂ ਬਾਅਦ ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਦੁਆਦਸੀ  ਦਇਆ ਦਾਨੁ ਕਰਿ ਜਾਣੈ 
ਬਾਹਰਿ ਜਾਤੋ ਭੀਤਰਿ ਆਣੈ 
ਬਰਤੀ ਬਰਤ ਰਹੈ ਨਿਹਕਾਮ 
ਅਜਪਾ ਜਾਪੁ ਜਪੈ ਮੁਖਿ ਨਾਮ 
ਤੀਨਿ ਭਵਣ ਮਹਿ ਏਕੋ ਜਾਣੈ 
ਸਭਿ ਸੁਚਿ ਸੰਜਮ ਸਾਚੁ ਪਛਾਣੈ ॥੧੬॥
-ਗੁਰੂ ਗ੍ਰੰਥ ਸਾਹਿਬ ੮੪੦

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਰਵੀਂ ਥਿਤ, ਭਾਵ ਦੁਆਦਸੀ ਦੇ ਸੰਬੰਧ ਵਿਚ ਇਹ ਦੂਸਰੀ ਪਉੜੀ ਹੈ। ਦੁਆਦਸ਼ੀ ਵਾਲੇ ਦਿਨ ਦਾਨ ਕਰਨ ਨੂੰ ਮਹਾਨ ਕਾਰਜ ਸਮਝਣ ਵਾਲੇ ਲੋਕਾਂ ਲਈ ਦੱਸਿਆ ਗਿਆ ਹੈ ਕਿ ਅਸਲ ਦਾਨ ਵਸਤਾਂ ਦਾ ਦਾਨ ਨਹੀਂ ਹੈ, ਬਲਕਿ ਦੂਸਰਿਆਂ ਲਈ ਦਇਆ ਭਾਵ ਰਖਣਾ ਹੀ ਅਸਲ ਦਾਨ ਹੈ। ਵਸਤਾਂ ਦਾਨ ਕਰਨ ਨਾਲ ਦਾਨ ਸਿਰਫ ਵਸਤਾਂ ਤਕ ਸੀਮਤ ਰਹਿੰਦਾ ਹੈ। ਪਰ ਦਇਆ ਭਾਵ ਰਖਣ ਨਾਲ ਪੂਰਾ ਜੀਵਨ ਹੀ ਦਾਨ ਦੀ ਵਸਤੂ ਹੋ ਜਾਂਦਾ ਹੈ। ਵਸਤਾਂ ਦਾ ਦਾਨ ਬਾਹਰੀ ਵਰਤਾਰਾ ਹੈ, ਜਦਕਿ ਦਇਆ ਭਾਵ ਅੰਦਰੂਨੀ ਵਰਤਾਰਾ ਹੈ।

ਜਿਹੜਾ ਮਨੁਖ ਪਦਾਰਥਕ ਚਕਾਚੌਂਧ ਵੱਲ ਦੌੜਦੇ ਮਨ ਨੂੰ ਨਾਮ-ਸਿਮਰਨ ਦੁਆਰਾ ਅੰਦਰ ਨਾਲ, ਆਪਣੇ ਮੂਲ ਨਾਲ, ਭਾਵ ਪ੍ਰਭੂ ਨਾਲ ਜੋੜ ਲੈਂਦਾ ਹੈ। ਉਹ ਆਪਣੇ ਮਨ ਨੂੰ ਟਿਕਾਅ ਲੈਂਦਾ ਹੈ। ਅਸਲ ਵਿਚ ਨਾਮ-ਸਿਮਰਨ ਬਾਹਰ ਵੱਲ ਦੌੜਦੇ ਮਨ ਨੂੰ ਅੰਦਰ ਵੱਲ ਆਪਣੇ ਮੂਲ ਨਾਲ ਜੋੜਨ ਦਾ ਹੀ ਸਾਧਨ ਹੈ।

ਕੁਝ ਲੋਕ ਕਿਸੇ ਕਾਮਨਾ ਅਧੀਨ ਦੁਆਦਸੀ ਦਾ ਵਰਤ ਆਦਿ ਰਖਦੇ ਹਨ। ਕਾਮਨਾ ਅਧੀਨ ਕੀਤੇ ਜਾਣ ਵਾਲੇ ਕਰਮ ਨੂੰ ਧਰਮ ਨਹੀਂ ਕਿਹਾ ਜਾ ਸਕਦਾ। ਪਾਤਸ਼ਾਹ ਦੱਸਦੇ ਹਨ ਕਿ ਜਿਹੜਾ ਮਨੁਖ ਕਰਮ ਕਰਕੇ ਫਲ ਦੀ ਇੱਛਾ ਨਾ ਰਖਣ ਦਾ ਵਰਤ ਰਖਦਾ ਹੈ ਤੇ ਇਸੇ ਭਾਵਨਾ ਨੂੰ ਮੁੱਖ ਰਖ ਕੇ ਸਾਰੇ ਕਰਮ ਕਰਦਾ ਹੈ।
ਨਾਮ-ਸਿਮਰਨ ਵਿਚ ਲੀਨ ਅਜਿਹੇ ਮਨੁਖ ਦੇ ਅੰਦਰ ਅਜੱਪਾ ਜਾਪ ਦੀ ਧੁਨੀ ਗੂੰਜਦੀ ਰਹਿੰਦੀ ਹੈ, ਭਾਵ ਉਹ ਹਰ ਵੇਲੇ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਅਸਲ ਵਿਚ ਪ੍ਰਭੂ ਦੇ ਨਾਮ ਰੂਪ ਹੁਕਮ ਨੂੰ ਆਪਣੇ ਹਿਰਦੇ ਅੰਦਰ ਹਮੇਸ਼ਾ ਯਾਦ ਰਖਣਾ ਹੀ ਮੁਖ ਤੋਂ ਨਾਮ ਜਪਣ ਦੇ ਤੁੱਲ ਹੈ। ਇਹ ਮਨੁਖ ਦੀ ਸੁਰਤ ਦਾ ਅੰਦਰੂਨੀ ਜਾਪ ਹੈ।

ਫਿਰ ਵਖ-ਵਖ ਸਮੇਂ ਅਤੇ ਸਥਾਨ ’ਤੇ ਪ੍ਰਭੂ ਦੇ ਵਖ-ਵਖ ਰੂਪ ਚਿਤਵਣ ਜਾਂ ਅਨੁਮਾਨਣ ਵਾਲਿਆਂ ਨੂੰ ਦੱਸਿਆ ਗਿਆ ਹੈ ਕਿ ਇਹ ਜੋ ਸ੍ਰਿਸ਼ਟੀ ਦੇ ਅਲੱਗ-ਅਲੱਗ ਰੂਪ ਕਲਪੇ ਹੋਏ ਹਨ ਤੇ ਜਿਨ੍ਹਾਂ ਮੁਤਾਬਕ ਪ੍ਰਭੂ ਦੇ ਵੀ ਵਖ-ਵਖ ਰੂਪ ਚਿਤਵ ਲਏ ਗਏ ਹਨ, ਇਹ ਬਿਲਕੁਲ ਠੀਕ ਨਹੀਂ ਹੈ। ਅਸਲੀਅਤ ਇਹ ਹੈ ਹੈ ਕਿ ਸ੍ਰਿਸ਼ਟੀ ਦੇ ਹਰ ਖਿੱਤੇ ਵਿਚ ਇਕ ਹੀ ਪ੍ਰਭੂ ਦਾ ਵਾਸਾ ਹੈ। ਉਸ ਨੂੰ ਅਲੱਗ-ਅਲੱਗ ਰੂਪਾਂ ਵਿਚ ਵੰਡਿਆ ਨਹੀਂ ਜਾ ਸਕਦਾ।
ਕੁਝ ਲੋਕ ਦੁਆਦਸੀ ਵਾਲੇ ਦਿਨ ਕਈ ਤਰ੍ਹਾਂ ਦੀ ਸੁੱਚਮਤਾ ਤੇ ਸੰਜਮ ਆਦਿ ਨੂੰ ਧਰਮ-ਕਰਮ ਅਨੁਮਾਨ ਲੈਂਦੇ ਹਨ, ਉਨ੍ਹਾਂ ਬਾਰੇ ਦੱਸਿਆ ਗਿਆ ਹੈ ਕਿ ਅਸਲ ਵਿਚ ਮਨੁਖ ਨੂੰ ਸੱਚ, ਭਾਵ ਸੱਚੇ ਪ੍ਰਭੂ ਨਾਲ ਜੁੜਨ ਦੀ ਜਰੂਰਤ ਹੈ। ਸੱਚੇ ਪ੍ਰਭੂ ਨਾਲ ਜੁੜਿਆ ਹੋਇਆ ਮਨੁਖ ਹੀ ਸਭ ਪਾਸੇ ਇਕ ਪ੍ਰਭੂ ਨੂੰ ਵਿਆਪਕ ਹੋਇਆ ਸਮਝਦਾ ਹੈ, ਉਸ ਨੂੰ ਸਦਾ ਆਪਣੇ ਅੰਗ-ਸੰਗ ਮਹਿਸੂਸ ਕਰਦਾ ਹੈ। ਉਹ ਸੱਚ ਪਛਾਣ ਜਾਂਦਾ ਹੈ, ਉਸ ਨਾਲ ਜੁੜ ਜਾਂਦਾ ਹੈ ਤੇ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ। ਉਸ ਦਾ ਇਹੀ ਕਾਰਜ ਹਰ ਤਰ੍ਹਾਂ ਦੀ ਸੁੱਚ ਅਤੇ ਸੰਜਮ ਸਮਝਿਆ ਜਾਂਦਾ ਹੈ। ਭਾਵ, ਸੱਚ ਦੀ ਪਛਾਣ ਵਿਚ ਹੀ ਸੁੱਚ ਅਤੇ ਸੰਜਮ ਸਮਾਇਆ ਹੋਇਆ ਹੈ।

Tags