Guru Granth Sahib Logo
  
ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ ਤਿੰਨ ਗੁਣਾਂ ਤੋਂ ਬਾਅਦ ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਦੁਆਦਸਿ ਮੁਦ੍ਰਾ  ਮਨੁ ਅਉਧੂਤਾ 
ਅਹਿਨਿਸਿ ਜਾਗਹਿ  ਕਬਹਿ  ਸੂਤਾ 
ਜਾਗਤੁ ਜਾਗਿ ਰਹੈ ਲਿਵ ਲਾਇ 
ਗੁਰ ਪਰਚੈ ਤਿਸੁ ਕਾਲੁ  ਖਾਇ 
ਅਤੀਤ ਭਏ  ਮਾਰੇ ਬੈਰਾਈ 
ਪ੍ਰਣਵਤਿ ਨਾਨਕ ਤਹ ਲਿਵ ਲਾਈ ॥੧੫॥
-ਗੁਰੂ ਗ੍ਰੰਥ ਸਾਹਿਬ ੮੪੦

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਰਵੀਂ ਤਿਥ ਨੂੰ ਦੋ ਜਮਾਂ ਦਸ, ਦੁਆਦਸੀ ਕਹਿੰਦੇ ਹਨ। ਇਸ ਤਿਥ ਤੋਂ ਜੋਗ ਮੱਤ ਦੇ ਬਾਰਾਂ ਪੰਥਾਂ ਅਤੇ ਜੋਗ ਮੁਦਰਾਵਾਂ ਦਾ ਜਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਜੋਗ ਦੀ ਅਸਲ ਕਿਰਿਆ ਮਨ ਨੂੰ ਝਾੜਨ ਦੀ ਹੈ। ਜਿਵੇਂ ਬਿਸਤਰੇ ਦੀ ਚਾਦਰ ਝਾੜਨ ਨਾਲ ਉਸ ਉੱਤੇ ਪਏ ਹੋਏ ਧੂੜ ਦੇ ਕਣ ਉੱਤਰ ਜਾਂਦੇ ਹਨ, ਇਸੇ ਤਰ੍ਹਾਂ ਮਨ ਦੇ ਵਿਕਾਰਾਂ ਨੂੰ ਝਾੜ ਕੇ ਦੂਰ ਕਰਨਾ ਹੀ ਜੋਗ ਦਾ ਅਸਲ ਸਾਰ ਅਤੇ ਇਕੋ-ਇਕ ਆਸਣ ਜਾਂ ਮੁਦਰਾ ਹੈ।

ਜਿਹੜੇ ਸਾਧਕ ਮਨ ਨੂੰ ਸਾਧ ਕੇ ਜਾਂ ਝਾੜ ਕੇ ਇਸ ਦੇ ਵਿਕਾਰ ਦੂਰ ਕਰਦੇ ਰਹਿੰਦੇ ਹਨ, ਉਹ ਫਿਰ ਕਦੇ ਵੀ ਅਵੇਸਲੇ ਨਹੀਂ ਹੁੰਦੇ ਤੇ ਰਾਤ-ਦਿਨ ਚੇਤੰਨ ਰਹਿੰਦੇ ਹਨ। ਭਾਵ, ਮਨ ਨੂੰ ਸਾਫ ਰਖਣ ਵਾਲੇ ਸਾਧਕ ਕਦੇ ਵੀ ਵਿਕਾਰਾਂ ਵਿਚ ਨਹੀਂ ਉਲਝਦੇ ਤੇ ਹਮੇਸ਼ਾ ਮਨ ਨੂੰ ਸਾਫ-ਸੁਥਰਾ ਰਖਣ ਲਈ ਸਜੱਗ ਰਹਿੰਦੇ ਹਨ।

ਉਹੀ ਸਾਧਕ ਆਪਣੇ ਮਨ ਨੂੰ ਲਗਾਤਾਰ ਧਿਆਨ ਹੇਠ ਰਖਦੇ ਹਨ, ਜਿਹੜੇ ਜਾਗਦੇ ਹੋਏ ਵੀ ਜਾਗਦੇ ਰਹਿੰਦੇ ਹਨ। ਇਥੇ ਜਾਗਣ ਦੀਆਂ ਦੋ ਕਿਰਿਆਵਾਂ ਦਾ ਅਰਥ ਇਹੀ ਹੋ ਸਕਦਾ ਹੈ ਕਿ ਇਕ ਸਰੀਰਕ ਤੌਰ ’ਤੇ ਜਾਗਣਾ ਭਾਵ, ਘੱਟ ਸੌਣਾ ਹੈ। ਦੂਜਾ ਜਾਗਦੇ ਹੋਏ ਵੀ ਅਵੇਸਲੇ ਨਹੀਂ ਹੋਣਾ, ਬਲਕਿ ਚੇਤੰਨ ਰਹਿਣਾ ਹੈ ਤੇ ਮਨ ਨੂੰ ਨਿਰਮਲ ਰਖਣ ਲਈ ਲਗਾਤਾਰ ਪਹਿਰਾ ਦੇਣਾ ਹੈ।

ਜਿਨ੍ਹਾਂ ਨੂੰ ਗੁਰੂ ਦੀ ਜਾਣਕਾਰੀ ਹੁੰਦੀ ਹੈ, ਗੁਰੂ ਦੀ ਦੱਸੀ ਸਿੱਖਿਆ ਦੇ ਮਹੱਤਵ ਦਾ ਪਤਾ ਹੁੰਦਾ ਹੈ, ਉਹ ਸਮੇਂ ਦੀ ਮਾਰ ਤੋਂ ਬਚੇ ਰਹਿੰਦੇ ਹਨ। ਕਿਉਂਕਿ ਸਮਾਂ ਪੈਣ ਨਾਲ ਸਭ ਕੁਝ ਪੁਰਾਣਾ ਹੋ ਜਾਂਦਾ ਹੈ, ਜਿਸ ਕਰਕੇ ਮਨੁਖ ਭੁੱਲਣ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਹ ਅਵੇਸਲਾ ਹੋ ਜਾਂਦਾ ਹੈ। ਪਰ ਜਿਹੜੇ ਗੁਰੂ ਦੀ ਸਿੱਖਿਆ ਦੀ ਅਹਿਮੀਅਤ ਜਾਣ ਜਾਂਦੇ ਹਨ, ਉਹ ਕਦੇ ਵੀ ਅਵੇਸਲੇ ਨਹੀਂ ਹੁੰਦੇ, ਜਿਸ ਕਰਕੇ ਉਹ ਹਮੇਸ਼ਾ ਚੇਤੰਨ ਰਹਿ ਕੇ ਆਪਣੇ ਮਨ ਨੂੰ ਵਿਕਾਰਾਂ ਤੋਂ ਬਚਾਈ ਰਖਦੇ ਹਨ।

ਉਹ ਲੋਕ ਗੁਰੂ ਦੀ ਸਿੱਖਿਆ ਦੀ ਅਹਿਮੀਅਤ ਜਾਣ ਕੇ ਚੇਤੰਨ ਰਹਿੰਦੇ ਹੋਏ ਆਪਣੇ ਮਨ ਦੇ ਵੈਰੀ ਵਿਕਾਰਾਂ ਨੂੰ ਮਾਰ ਲੈਂਦੇ ਹਨ। ਇਸ ਤਰ੍ਹਾਂ ਡਰਾਉਣੇ ਸਮੁੰਦਰ ਜਿਹੇ ਜੀਵਨ ਨੂੰ ਪਾਰ ਕਰ ਲੈਂਦੇ ਹਨ ਜਾਂ ਜੀਵਨ ਨੂੰ ਨਿਰਮਲਤਾ ਨਾਲ ਮੁਕੰਮਲ ਕਰ ਲੈਂਦੇ ਹਨ।

ਇਸ ਪਉੜੀ ਦੇ ਅਖੀਰ ਵਿਚ ‘ਨਾਨਕ’ ਪਦ ਦੀ ਵਰਤੋਂ ਕਰ ਕੇ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ ਹੈ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਅਨੁਸਾਰ ਲਗਾਤਾਰ ਮਨ ਦੀ ਪਵਿੱਤਰਤਾ ਕਾਇਮ ਰਖਣ ਲਈ ਪਹਿਰਾ ਦਿੱਤਾ ਜਾਂ ਜਿਨ੍ਹਾਂ ਨੇ ਲਗਾਤਾਰ ਗੁਰੂ ਨਾਲ ਜੁੜਕੇ ਤੇ ਉਸ ਦੀ ਸਿੱਖਿਆ ਅਨੁਸਾਰ ਆਪਣੇ ਮਨ ਨੂੰ ਹਮੇਸ਼ਾ ਸਾਫ ਰਖਿਆ।

Tags