Guru Granth Sahib Logo
  
ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ ਤਿੰਨ ਗੁਣਾਂ ਤੋਂ ਬਾਅਦ ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਜਹ ਦੇਖਉ ਤਹ ਏਕੋ ਏਕਾ 
ਹੋਰਿ ਜੀਅ ਉਪਾਏ ਵੇਕੋ ਵੇਕਾ 
ਫਲੋਹਾਰ ਕੀਏ ਫਲੁ ਜਾਇ 
ਰਸ ਕਸ ਖਾਏ ਸਾਦੁ ਗਵਾਇ 
ਕੂੜੈ ਲਾਲਚਿ ਲਪਟੈ ਲਪਟਾਇ 
ਛੂਟੈ ਗੁਰਮੁਖਿ ਸਾਚੁ ਕਮਾਇ ॥੧੪॥
-ਗੁਰੂ ਗ੍ਰੰਥ ਸਾਹਿਬ ੮੪੦

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੀ ਪਉੜੀ ਵਿਚ ਦੱਸੇ ਅਨੁਸਾਰ ਸਾਧਕ ਜਦ ਇਕ ਪ੍ਰਭੂ ਨੂੰ ਮਨ ਵਿਚ ਵਸਾ ਲੈਂਦਾ ਹੈ ਤਾਂ ਉਹ ਜਿਸ ਪਾਸੇ ਵੀ ਦੇਖਦਾ ਹੈ ਤਾਂ ਹਰ ਪਾਸੇ ਉਸ ਨੂੰ ਉਹੀ ਪ੍ਰਭੂ ਨਜਰ ਆਉਂਦਾ ਹੈ। ਕਿਉਂਕਿ ਇਕ ਹੋਇਆਂ ਹੀ ਇਕ ਨਜਰ ਆਉਂਦਾ ਹੈ ਤੇ ਦੁਬਿਧਾ ਵਿਚ ਪਏ ਹੋਇਆਂ ਨੂੰ ਹਰ ਪਾਸੇ ਦੁਬਿਧਾ ਹੀ ਨਜਰ ਆਉਂਦੀ ਹੈ।

ਉੱਪਰ ਦੱਸੀ ਅਵਸਥਾ ਉਨ੍ਹਾਂ ਸਾਧਕਾਂ ਦੀ ਹੈ, ਜਿਹੜੇ ਉਸ ਇਕ ਪ੍ਰਭੂ ਨੂੰ ਹਿਰਦੇ ਵਿਚ ਵਸਾ ਲੈਂਦੇ ਹਨ। ਪਰ ਉਨ੍ਹਾਂ ਦੇ ਇਲਾਵਾ ਪ੍ਰਭੂ ਨੇ ਹੋਰ ਵੀ ਭਾਂਤ-ਭਾਂਤ ਦੇ ਜਾਂ ਵਖ-ਵਖ ਕਿਸਮਾਂ ਦੇ ਜੀਵ ਪੈਦਾ ਕੀਤੇ ਹੋਏ ਹਨ। ਭਾਵ, ਪ੍ਰਭੂ ਨੇ ਵੰਨਸੁਵੰਨੀ ਦੁਨੀਆਂ ਬਣਾਈ ਹੈ

ਵੰਨਸੁਵੰਨੇ ਲੋਕਾਂ ਵਿਚ ਕਈ ਅਜਿਹੇ ਹਨ, ਜਿਹੜੇ ਇਕਾਦਸ਼ੀ ਵਾਲੇ ਦਿਨ ਅਨਾਜ ਦੀ ਬਜਾਏ ਫਲ ਖਾਂਦੇ ਹਨ ਤੇ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਫਲ ਖਾਣ ਨਾਲ ਪ੍ਰਭੂ ਖੁਸ਼ ਹੋ ਜਾਂਦਾ ਹੈ। ਪਰ ਇਥੇ ਦੱਸਿਆ ਗਿਆ ਹੈ ਕਿ ਫਲ ਆਦਿ ਖਾਣ ਦਾ ਪ੍ਰਭੂ-ਮਿਲਾਪ ਨਾਲ ਕੋਈ ਸੰਬੰਧ ਨਹੀਂ ਹੈ। ਬਲਕਿ ਸੰਭਾਵਨਾ ਹੈ ਕਿ ਅਜਿਹੇ ਵਹਿਮ-ਭਰਮ ਸਦਕਾ ਪ੍ਰਭੂ-ਮਿਲਾਪ ਹੋਵੇ ਹੀ ਨਾ। ਗਿਆਨ, ਪ੍ਰੇਮ ਅਤੇ ਨਿਰਮਲ ਕਰਮ ਨਾਲ ਪ੍ਰਭੂ ਦੀ ਮਿਹਰ ਦੇ ਕਾਬਲ ਹੋਈਦਾ ਹੈ। ਜਦਕਿ ਫੋਕਟ ਕਰਮ ਪ੍ਰਭੂ ਮਿਲਾਪ ਦੇ ਰਾਹ ਵਿਚ ਰੁਕਾਵਟ ਹੀ ਹੋ ਸਕਦੇ ਹਨ ਤੇ ਹੁੰਦੇ ਹਨ। ਇਸ ਕਰਕੇ ਫਲ ਖਾਣ ਨਾਲ ਫਲ ਦੀ ਪ੍ਰਾਪਤੀ ਰੁਕ ਸਕਦੀ ਹੈ ਜਾਂ ਰੁਕ ਜਾਂਦੀ ਹੈ।

ਸੁਆਦ ਵਾਲੇ ਖਾਣੇ ਖਾਣ ਨਾਲ ਸੁਆਦ ਦੀ ਚਾਹਤ ਵਧਦੀ ਰਹਿੰਦੀ ਹੈ ਤੇ ਮੂੰਹ ਦੇ ਅੰਦਰ ਸੁਆਦ ਦਾ ਪਤਾ ਲਾਉਣ ਵਾਲੀਆਂ ਕੋਸ਼ਿਕਾਵਾਂ ਨੂੰ ਸੁਆਦ ਦਾ ਪਤਾ ਲੱਗਣਾ ਘੱਟਣ ਲੱਗ ਪੈਂਦਾ ਹੈ। ਇਸ ਕਰਕੇ ਮਨੁਖ ਸੁਆਦ ਦੀ ਮਾਤਰਾ ਵਿਚ ਹੋਰ ਵਾਧਾ ਕਰਦਾ ਰਹਿੰਦਾ ਹੈ, ਜਿਸ ਸਦਕਾ ਉਹ ਸੁਆਦਾਂ, ਚਸਕਿਆਂ ਆਦਿ ਵਿਚ ਏਨਾ ਖਚਿਤ ਹੋ ਜਾਂਦਾ ਹੈ ਕਿ ਪ੍ਰਭੂ ਦੇ ਮਿਲਾਪ ਤੋਂ ਉਸ ਦਾ ਜੀਵਨ ਖੁੰਝ ਜਾਂਦਾ ਹੈ।

ਉੱਪਰ ਦੱਸੇ ਅਨੁਸਾਰ ਸਿਆਣੇ ਲੋਕ ਤਾਂ ਸੁਆਦਾਂ ਦੇ ਨਕਾਰਾਤਮਕ ਪਖ ਨੂੰ ਸਮਝ ਲੈਂਦੇ ਹਨ ਤੇ ਸੁਆਦਾਂ ਦੀ ਬਜਾਏ ਸਾਦਗੀ ਨੂੰ ਅਪਣਾ ਲੈਂਦੇ ਹਨ। ਪਰ ਬੇਸਮਝ ਅਤੇ ਮੂਰਖ ਲੋਕ ਸੱਚ ਦੀ ਥਾਂ ਝੂਠ ਦੇ ਲਾਲਚ ਵਿਚ ਏਨੇ ਫਸ ਜਾਂਦੇ ਹਨ ਕਿ ਪਿੱਛੇ ਮੁੜਨ ਦੀ ਥਾਂ ਅੱਗੇ ਤੋਂ ਅੱਗੇ ਲਾਲਚ ਵੱਸ ਝੂਠ ਦੇ ਹੋਰ ਸ਼ਿਕਾਰ ਹੋ ਜਾਂਦੇ ਹਨ।

ਪਉੜੀ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਝੂਠ ਅਤੇ ਲਾਲਚ ਦੀ ਜਕੜ ਅਤੇ ਪਕੜ ਤੋਂ ਉਹੀ ਬਚਦੇ ਹਨ, ਜਿਹੜੇ ਗਿਆਨ ਰੂਪ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦੇ ਹਨ ਤੇ ਫਿਰ ਉਸ ਗਿਆਨ ਨੂੰ ਆਪਣੇ ਅਭਿਆਸ ਵਿਚ ਉਤਾਰ ਲੈਂਦੇ ਹਨ। ਭਾਵ, ਜਿਹੜੇ ਸਾਧਕ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਸਰ ਕਰਦੇ ਹਨ ਤੇ ਨਿਰਮਲ ਰਹਿੰਦੇ ਹਨ, ਸਿਰਫ ਉਹੀ ਲਾਲਚ ਦੇ ਝੂਠ ਵਿਚੋਂ ਬਚ ਸਕਦੇ ਹਨ।

Tags