ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ
ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ
ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ
ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ
ਤਿੰਨ ਗੁਣਾਂ ਤੋਂ ਬਾਅਦ
ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਏਕਾਦਸੀ ਇਕੁ ਰਿਦੈ ਵਸਾਵੈ ॥
ਹਿੰਸਾ ਮਮਤਾ ਮੋਹੁ ਚੁਕਾਵੈ ॥
ਫਲੁ ਪਾਵੈ ਬ੍ਰਤੁ ਆਤਮ ਚੀਨੈ ॥
ਪਾਖੰਡਿ ਰਾਚਿ ਤਤੁ ਨਹੀ ਬੀਨੈ ॥
ਨਿਰਮਲੁ ਨਿਰਾਹਾਰੁ ਨਿਹਕੇਵਲੁ ॥
ਸੂਚੈ ਸਾਚੇ ਨਾ ਲਾਗੈ ਮਲੁ ॥੧੩॥
-ਗੁਰੂ ਗ੍ਰੰਥ ਸਾਹਿਬ ੮੪੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗਿਆਰਵੀਂ ਤਿਥ ਨੂੰ, ਇਕ ਜਮਾਂ ਦਸ, ਭਾਵ ਇਕਾਦਸ਼ੀ ਕਹਿੰਦੇ ਹਨ, ਜਿਸ ਦੇ ਹਵਾਲੇ ਨਾਲ ਇਸ ਪਉੜੀ ਵਿਚ ਦੱਸਿਆ ਗਿਆ ਹੈ ਕਿ ਉਸ ਇਕ ਪ੍ਰਭੂ ਨੂੰ ਹੀ ਆਪਣੇ ਹਿਰਦੇ ਅੰਦਰ ਵਸਾਉਣਾ ਚਾਹੀਦਾ ਹੈ। ਭਾਵ, ਉਸ ਇਕ ਬਿਨਾਂ ਕਿਸੇ ਹੋਰ ਮਗਰ ਨਹੀਂ ਲੱਗਣਾ ਚਾਹੀਦਾ।
ਉਸ ਇਕ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਵਸਾਉਣ ਨਾਲ ਸਾਧਕ ਦੇ ਮਨ ਅੰਦਰੋਂ ਹਿੰਸਾ ਦਾ ਭਾਵ ਖਤਮ ਹੋ ਜਾਂਦਾ ਹੈ। ਭਾਵ, ਉਹ ਕਿਸੇ ਨੂੰ ਦੁਖ ਦੇਣ ਬਾਰੇ ਸੋਚ ਵੀ ਨਹੀਂ ਸਕਦਾ। ਇਸ ਦੇ ਇਲਾਵਾ ਉਸ ਦੇ ਅੰਦਰੋਂ ਰਿਸ਼ਤਿਆਂ ਦੇ ਮੋਹ ਅਤੇ ਮਮਤਾ ਜਿਹੇ ਭਾਵ ਵੀ ਮਿਟ ਜਾਂਦੇ ਹਨ। ਉਸ ਦੇ ਰਿਸ਼ਤੇ ਸਿਰਫ ਸੱਚ ਅਤੇ ਸੱਚੇ ਵਿਵਹਾਰ ’ਤੇ ਅਧਾਰਤ ਹੋ ਜਾਂਦੇ ਹਨ।
ਉਸ ਇਕ ਨੂੰ ਆਪਣੇ ਮਨ ਵਿਚ ਵਸਾਉਣ ਸਦਕਾ ਉਹ ਦੂਸਰਿਆਂ ਦੀ ਥਾਂ ਆਪਣੇ-ਆਪ ਨੂੰ ਦੇਖਣ ਅਤੇ ਨਿਰਖਣ-ਪਰਖਣ ਦਾ ਨੇਮ ਧਾਰਣ ਕਰ ਲੈਂਦਾ ਹੈ। ਭਾਵ, ਉਹ ਹੋਰਨਾ ਦੀ ਨੁਕਤਾਚੀਨੀ ਦੀ ਥਾਂ ਆਪਣੇ ਨੁਕਸ ਲੱਭਣ ਅਤੇ ਉਨ੍ਹਾਂ ਨੂੰ ਦੂਰ ਕਰਨ ਵਿਚ ਰੁਚੀ ਲੈਣ ਲੱਗ ਪੈਂਦਾ ਹੈ। ਇਸ ਨੇਮ ਜਾਂ ਨਿਯਮ ਨਾਲ ਉਸ ਨੂੰ ਜੀਵਨ ਵਿਚ ਖੁਸ਼ੀ, ਅਨੰਦ ਜਾਂ ਖੇੜੇ ਦੇ ਰੂਪ ਵਿਚ ਅਨਮੋਲ ਫਲ ਦੀ ਪ੍ਰਾਪਤੀ ਹੁੰਦੀ ਹੈ।
ਉਸ ਇਕ ਪਰਮ ਸੱਚ ਦੀ ਬਜਾਏ ਪਖੰਡ ਰੂਪ ਝੂਠ ਵਿਚ ਗਲਤਾਨ ਹੋ ਕੇ ਅਸਲ ਸੱਚ ਜਾਂ ਤੱਤ ਗਿਆਨ ਦੀ ਸੋਝੀ ਨਹੀਂ ਹੋ ਸਕਦੀ ਜਾਂ ਕਹਿ ਲਓ ਕਿ ਝੂਠ ਦਾ ਸਹਾਰਾ ਲਿਆਂ, ਉਸ ਇਕ ਪ੍ਰਭੂ ਦੀ ਸੋਝੀ ਨਹੀਂ ਹੁੰਦੀ ਤੇ ਨਾ ਹੀ ਜੀਵਨ ਦੀ ਅਸਲੀਅਤ ਦਾ ਪਤਾ ਲੱਗਦਾ ਹੈ।
ਫਿਰ ਉਸ ਇਕ ਪ੍ਰਭੂ ਦੀ ਸਿਫਤ ਦੱਸੀ ਗਈ ਹੈ ਕਿ ਉਹ ਮੈਲ ਤੋਂ ਮੁਕਤ ਹੈ। ਇਥੇ ਮੈਲ ਦਾ ਭਾਵ ਉਹ ਝੂਠ ਹੈ, ਜੋ ਸੱਚ ਦੇ ਅਭਾਵ ਵਿਚ ਹੁੰਦਾ ਹੈ। ਉਹ ਇਕ ਪ੍ਰਭੂ ਜੀਵ ਵਾਂਗ ਕੁਝ ਖਾਂਦਾ ਨਹੀਂ ਹੈ। ਕਿਉਂਕਿ ਉਹ ਅਕਾਲ ਅਤੇ ਨਿਰਾਕਾਰ ਹੈ, ਉਹ ਦੇਹਧਾਰੀ ਨਹੀਂ ਹੈ, ਜਿਸ ਕਰਕੇ ਖਾਣ ਦੀ ਉਸ ਨੂੰ ਕੋਈ ਲੋੜ ਹੀ ਨਹੀਂ। ਉਸ ਦੀ ਹੋਰ ਸਿਫਤ ਇਹ ਹੈ ਕਿ ਉਹ ਇਕੱਲਾ ਹੀ ਹੈ। ਭਾਵ, ਉਸ ਇਕ ਹਸਤੀ ਦੇ ਬਗੈਰ ਹੋਰ ਕੋਈ ਦੂਜਾ ਹੈ ਹੀ ਨਹੀਂ, ਜਿਸ ਕਰਕੇ ਉਹ ਬੰਧਨ ਮੁਕਤ ਹੈ।
ਪਉੜੀ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਉੱਪਰ ਦੱਸੇ ਅਨੁਸਾਰ ਇਕ ਪ੍ਰਭੂ ਹੀ ਸੱਚ ਹੈ ਜਾਂ ਸੱਚ ਦਾ ਮੁਜੱਸਮਾ ਹੈ, ਜਿਸ ਕਰਕੇ ਉਸ ਸੱਚੇ ਇਕ ਨਾਲ ਪਿਆਰ ਕਰਕੇ ਹੀ ਸੱਚੇ ਹੋਇਆ ਜਾ ਸਕਦਾ ਹੈ। ਫਿਰ ਉਸ ਸੱਚੇ ਨਾਲ ਲਿਵ ਲਾ ਕੇ ਝੂਠ ਦਾ ਕੋਈ ਡਰ ਹੀ ਨਹੀਂ ਰਹਿੰਦਾ। ਭਾਵ, ਝੂਠ ਦੇ ਰੂਪ ਵਿਚ ਬੁਰੇ ਵਿਚਾਰ ਕਦੇ ਨੇੜੇ ਵੀ ਨਹੀਂ ਢੁੱਕਦੇ।