ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ
ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ
ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ
ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ
ਤਿੰਨ ਗੁਣਾਂ ਤੋਂ ਬਾਅਦ
ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਦਸਮੀ ਨਾਮੁ ਦਾਨੁ ਇਸਨਾਨੁ ॥
ਅਨਦਿਨੁ ਮਜਨੁ ਸਚਾ ਗੁਣ ਗਿਆਨੁ ॥
ਸਚਿ ਮੈਲੁ ਨ ਲਾਗੈ ਭ੍ਰਮੁ ਭਉ ਭਾਗੈ ॥
ਬਿਲਮੁ ਨ ਤੂਟਸਿ ਕਾਚੈ ਤਾਗੈ ॥
ਜਿਉ ਤਾਗਾ ਜਗੁ ਏਵੈ ਜਾਣਹੁ ॥
ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ ॥੧੨॥
-ਗੁਰੂ ਗ੍ਰੰਥ ਸਾਹਿਬ ੮੪੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਦਸਵੀਂ ਥਿਤ ਦੇ ਹਵਾਲੇ ਨਾਲ ਨਾਮ, ਦਾਨ ਅਤੇ ਇਸ਼ਨਾਨ ਕਰਨ ਲਈ ਪ੍ਰੇਰਤ ਕੀਤਾ ਗਿਆ ਹੈ। ਨਾਮ ਸਿਰਫ ਭਾਸ਼ਾਈ ਉਚਾਰਣ ਨਹੀਂ ਹੈ, ਬਲਕਿ ਉਸ ਇਕ ਪਰਮ ਹਸਤੀ ਪ੍ਰਭੂ ਵਿਚ ਅਟੱਲ ਯਕੀਨ ਦੀ ਅਵਸਥਾ ਹੈ। ਫਿਰ ਉਸ ਪ੍ਰਭੂ ਦੇ ਆਦੇਸ਼ ਨੂੰ ਮੁਕੰਮਲ ਰੂਪ ਵਿਚ ਸਮਰਪਿਤ ਹੋਣਾ ਅਸਲ ਦਾਨ ਹੈ। ਇਸੇ ਤਰ੍ਹਾਂ ਗੁਰਮਤਿ ਵਿਚ ਹਿਰਦੇ ਦੀ ਪਵਿੱਤਰਤਾ ਨੂੰ ਅਸਲ ਇਸ਼ਨਾਨ ਕਿਹਾ ਗਿਆ ਹੈ। ਇਸ ਕਰਕੇ ਆਦੇਸ਼ ਹੈ ਕਿ ਉਸ ਇਕ ਨੂੰ ਹਿਰਦੇ ਵਿਚ ਯਾਦ ਰਖਦਿਆਂ, ਉਸ ਨੂੰ ਹਮੇਸ਼ਾ ਲਈ ਸਮਰਪਿਤ ਹੋ ਕੇ ਆਪਣੇ ਮਨ ਨੂੰ ਪਵਿੱਤਰ ਰਖਿਆ ਜਾਵੇ।
ਅੱਗੇ ਹੋਰ ਸਪਸ਼ਟ ਕੀਤਾ ਗਿਆ ਹੈ ਕਿ ਮਜਨ, ਭਾਵ ਇਸ਼ਨਾਨ ਦੇਹੀ ਨੂੰ ਪਾਣੀ ਨਾਲ ਸਾਫ ਕਰਨ ਤਕ ਸੀਮਤ ਨਹੀਂ ਹੈ। ਅਸਲ ਇਸ਼ਨਾਨ ਉਸ ਪਰਮ-ਹਸਤੀ ਇਕ ਪ੍ਰਭੂ ਦੇ ਗੁਣਾਂ ਦਾ ਗਿਆਨ ਹਾਸਲ ਕਰਕੇ ਗੁਣਵਾਨ ਹੋਣ ਵਿਚ ਹੈ।
ਉਹ ਇਕ ਪਰਮ-ਹਸਤੀ ਪ੍ਰਭੂ ਅਸਲ ਵਿਚ ਅਜਿਹਾ ਸੱਚ ਹੈ, ਜਿਸ ਨੂੰ ਆਪਣੇ ਹਿਰਦੇ ਵਿਚ ਵਸਾਉਣ ਜਾਂ ਧਾਰਨ ਕਰਨ ਨਾਲ ਮਨ ਵਿਚ ਬੁਰੇ ਵਿਚਾਰ ਨਹੀਂ ਆਉਂਦੇ। ਮਨ ਏਨਾ ਉੱਜਲ ਹੋ ਜਾਂਦਾ ਹੈ ਕਿ ਹਰ ਤਰ੍ਹਾਂ ਦੇ ਵਹਿਮ-ਭਰਮ ਮਿਟ ਜਾਂਦੇ ਹਨ ਤੇ ਹਰ ਕਿਸਮ ਦੇ ਡਰ ਦੂਰ ਜਾਂਦੇ ਹਨ। ਅਸਲ ਵਿਚ ਭਰਮ ਹੀ ਡਰ ਦਾ ਕਾਰਣ ਹੁੰਦਾ ਹੈ। ਸੱਚ ਦਾ ਗਿਆਨ ਭਰਮ ਦੂਰ ਕਰਦਾ ਹੈ ਤੇ ਭਰਮ ਦੂਰ ਹੋਣ ਨਾਲ ਡਰ ਦੌੜ ਜਾਂਦਾ ਹੈ।
ਫਿਰ ਭਰਮ ਅਤੇ ਡਰ ਆਦਿ ਦੇ ਦੂਰ ਦੌੜ ਜਾਣ ਬਾਰੇ ਉਦਾਹਰਣ ਦਿੱਤੀ ਗਈ ਹੈ ਕਿ ਜਿਸ ਤਰ੍ਹਾਂ ਕੱਚੇ ਧਾਗੇ ਨੂੰ ਟੁੱਟਦਿਆਂ ਛਿਣ ਭਰ ਵੀ ਦੇਰ ਨਹੀਂ ਲੱਗਦੀ, ਐਨ ਉਸੇ ਤਰ੍ਹਾਂ ਇਕ ਪਰਮ ਸੱਚ ਦੇ ਗਿਆਨ ਨਾਲ ਸਾਰੇ ਡਰ ਅਤੇ ਭਰਮ ਆਦਿ ਟੁੱਟ ਅਤੇ ਮੁੱਕ ਜਾਂਦੇ ਹਨ।
ਧਾਗੇ ਦੀ ਉਦਾਹਰਣ ਰਾਹੀਂ ਹੋਰ ਅੱਗੇ ਦੱਸਿਆ ਗਿਆ ਹੈ ਕਿ ਜਿਸ ਤਰਾਂ ਕੱਚਾ ਧਾਗਾ ਪਲ ਵਿਚ ਟੁੱਟ ਜਾਂਦਾ ਹੈ, ਇਹ ਸੰਸਾਰ ਵੀ ਐਨ ਇਸੇ ਤਰ੍ਹਾਂ ਦਾ ਹੀ ਸਮਝਣਾ ਚਾਹੀਦਾ ਹੈ। ਭਾਵ, ਧਾਗੇ ਦੀ ਤਰ੍ਹਾਂ ਹੀ ਦੁਨੀਆਂ ਵੀ ਸਾਥ ਛੱਡ ਜਾਂਦੀ ਹੈ ਤੇ ਹਮੇਸ਼ਾ ਲਈ ਨਾਲ ਨਹੀਂ ਨਿਭਦੀ।
ਇਸ ਕਰਕੇ ਆਦੇਸ਼ ਦਿੱਤਾ ਗਿਆ ਹੈ ਕਿ ਉਸ ਇਕ ਪਰਮ ਹਸਤੀ ਸੱਚ ਉੱਤੇ ਦ੍ਰਿੜ ਰਹਿੰਦੇ ਹੋਏ, ਭਾਵ ਆਪਣੇ ਮਨ ਚਿਤ ਨੂੰ ਅਡੋਲ ਰਖਦੇ ਹੋਏ ਅਨੰਦਮਈ ਜੀਵਨ ਬਸਰ ਕਰਨਾ ਚਾਹੀਦਾ ਹੈ। ਕਿਸੇ ਤਰ੍ਹਾਂ ਦੇ ਡਰ ਅਤੇ ਵਹਿਮ ਵਿਚ ਅਨਮੋਲ ਜੀਵਨ ਖਰਾਬ ਨਹੀਂ ਕਰਨਾ ਚਾਹੀਦਾ।