ਇਹ ਬਾਣੀ ਚੰਦਰਮਾ ਦੀਆਂ ੧੫ ਥਿਤਾਂ ਨੂੰ ਅਧਾਰ ਬਣਾ ਕੇ ਉਚਾਰਣ ਕੀਤੀ ਗਈ ਹੈ। ਇਸ ਵਿਚ ਪਹਿਲੀ ਥਿਤ ਦੁਆਰਾ ਪ੍ਰਭੂ ਦੀ ਉਪਮਾ ਕਰਦਿਆ ਉਸ ਦੀ ਵਿਲੱਖਣਤਾ ਨੂੰ ਬਿਆਨ ਕੀਤਾ ਗਿਆ ਅਤੇ
ਗੁਰੂ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ। ਦੂਜੀ ਥਿਤ ਦੁਆਰਾ ਮਾਇਆ-ਮੋਹ ਵਿਚ ਲੱਗੇ ਮਨੁਖ ਦੀ ਦੁਰਦਸ਼ਾ ਬਿਆਨ ਕੀਤੀ ਹੈ। ਤੀਜੀ ਅਤੇ ਚੌਥੀ ਥਿਤ ਦੁਆਰਾ ਪ੍ਰਭੂ ਦੀ ਸਿਰਜਣਾਤਮਕ ਸ਼ਕਤੀ ਬਾਰੇ ਦੱਸਿਆ ਗਿਆ ਹੈ। ਪੰਜਵੀਂ ਥਿਤ ਦੁਆਰਾ
ਮਾਇਆ ਦੇ ਮਾਰੂ ਪ੍ਰਭਾਵ ਬਾਰੇ ਦੱਸਦਿਆਂ ਗੁਰ-ਸ਼ਬਦ ਦੀ ਅਹਿਮਤੀਅਤ ਦਰਸਾਈ ਗਈ ਹੈ। ਛੇਵੀਂ ਥਿਤ ਦੁਆਰਾ ਛੇ ਭੇਖਾਂ ਦੀ ਗੱਲ ਕਰਦਿਆਂ ਪ੍ਰਭੂ ਦੇ ਸੱਚੇ
ਨਾਮ ਬਾਰੇ ਦੱਸਿਆ ਗਿਆ ਹੈ। ਸਤਵੀਂ ਅਤੇ ਅਠਵੀਂ ਥਿਤ ਦੁਆਰਾ ਗੁਰ-ਸ਼ਬਦ ਅਤੇ ਨਾਮ-ਸਿਮਰਨ ਬਾਰੇ ਗੱਲ ਕੀਤੀ ਗਈ ਹੈ। ਨਾਵੀਂ ਥਿਤ ਦੁਆਰਾ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ। ਦਸਵੀਂ ਥਿਤ ਵਿਚ ਨਾਮ ਜਪਣ ਦੀ ਪ੍ਰੇਰਣਾ ਦਿੱਤੀ ਗਈ ਹੈ। ਗਿਆਰ੍ਹਵੀਂ ਥਿਤ ਦੁਆਰਾ ਵਿਕਾਰਾਂ ਤੋਂ ਦੂਰ ਰਹਿਣ ਦਾ ਵਰਤ ਰਖਣ ਬਾਰੇ ਕਿਹਾ ਗਿਆ ਹੈ। ਬਾਰ੍ਹਵੀਂ ਥਿਤ ਦੁਆਰਾ ਜਗਿਆਸੂ ਦੀ ਜੀਵਨ-ਜਾਚ ਬਾਰੇ ਚਾਨਣਾ ਪਾਇਆ ਗਿਆ ਹੈ। ਤੇਰ੍ਹਵੀਂ ਥਿਤ ਵਿਚ ਮਨੁਖ ਦੀ ਨਾਸ਼ਮਾਨਤਾ ਬਾਰੇ ਦੱਸਦਿਆ ਪ੍ਰਭੂ ਦੇ ਮਿੱਠੇ ਭੈਅ-ਅਦਬ ਵਿਚ ਵਿਚਰਦਿਆਂ ਉੱਚੇ ਆਤਮਕ ਪਦ ਪ੍ਰਾਪਤ ਕਰ ਲੈਣ ਦਾ ਵਰਨਣ ਕੀਤਾ ਗਿਆ ਹੈ। ਚੌਦਵੀਂ ਥਿਤ ਦੁਆਰਾ ਮਾਇਆ ਦੇ
ਤਿੰਨ ਗੁਣਾਂ ਤੋਂ ਬਾਅਦ
ਚਉਥੇ ਪਦ ਨੂੰ ਪ੍ਰਾਪਤ ਕਰਨ ਅਤੇ ਪ੍ਰਭੂ-ਮਿਲਾਪ ਦੀ ਜੁਗਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਦਰ੍ਹਵੀਂ ਥਿਤ ਦੁਆਰਾ ਵਿਆਪਕ ਪ੍ਰਭੂ ਦਾ ਭੇਦ ਦੱਸਦਿਆਂ ਉਸ ਪ੍ਰਭੂ ਦੀ ਮਹਿਮਾ ਕੀਤੀ ਗਈ ਹੈ।
ਅਸਟਮੀ ਅਸਟ ਸਿਧਿ ਬੁਧਿ ਸਾਧੈ ॥
ਸਚੁ ਨਿਹਕੇਵਲੁ ਕਰਮਿ ਅਰਾਧੈ ॥
ਪਉਣ ਪਾਣੀ ਅਗਨੀ ਬਿਸਰਾਉ ॥
ਤਹੀ ਨਿਰੰਜਨੁ ਸਾਚੋ ਨਾਉ ॥
ਤਿਸੁ ਮਹਿ ਮਨੂਆ ਰਹਿਆ ਲਿਵ ਲਾਇ ॥
ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੧੦॥
-ਗੁਰੂ ਗ੍ਰੰਥ ਸਾਹਿਬ ੮੩੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਅੱਠਵੀਂ ਤਿਥ ਨੂੰ ਅਸ਼ਟਮੀ ਕਹਿੰਦੇ ਹਨ, ਜਿਸ ਦੇ ਹਵਾਲੇ ਦੱਸਿਆ ਗਿਆ ਹੈ ਕਿ ਅਸਲ ਵਿਚ ਇਕ ਪ੍ਰਭੂ ਹੀ ਪਰਮ ਹਸਤੀ ਹੈ, ਜਿਸ ਦੀ ਮਿਹਰ ਸਦਕਾ ਅਜਿਹੀ ਮੱਤ ਬੁੱਧ ਦਾ ਪ੍ਰਕਾਸ਼ ਹੁੰਦਾ ਹੈ, ਜਿਸ ਸਦਕਾ ਸਾਧਕ ਜਨ ਨੂੰ ਅੱਠ ਤਰ੍ਹਾਂ ਦੀ ਅਲੌਕਿਕ ਸਮਰੱਥਾ ਪ੍ਰਾਪਤ ਹੁੰਦੀ ਹੈ। ਭਾਵ, ਉਸ ਦੀ ਮਿਹਰ ਹੀ ਸਾਧਕ ਨੂੰ ਸਮਰੱਥਾਵਾਨ ਬਣਾਉਂਦੀ ਹੈ।
ਅਜਿਹਾ ਸਾਧਕ ਜਨ ਉਸ ਇਕ ਪ੍ਰਭੂ ਦੀ ਮਿਹਰ ਸਦਕਾ ਸੱਚ-ਸਰੂਪ ਉਸ ਪ੍ਰਭੂ ਨੂੰ ਹੀ ਆਪਣੇ ਮਨ ਵਿਚ ਯਾਦ ਰਖਦਾ ਹੈ, ਜੋ ਸਿਰਫ ਇਕ ਹੈ, ਜਿਸ ਦਾ ਨਾ ਕੋਈ ਬਦਲ ਹੈ ਤੇ ਕੋਈ ਸਾਥੀ ਨਹੀਂ ਹੈ, ਜਿਸ ਨੂੰ ਕਿਸੇ ਦੀ ਸਹਾਇਤਾ ਜਾਂ ਸਹਾਰੇ ਦੀ ਲੋੜ ਨਹੀਂ, ਜੋ ਆਪਣੇ ਆਪ ਵਿਚ ਮੁਕੰਮਲ ਅਤੇ ਸਮਰੱਥ ਹੈ।
ਉਸ ਪਰਮ-ਹਸਤੀ ਦੀ ਮਿਹਰ ਸਦਕਾ ਹੀ ਸਾਧਕ ਜਨ ਜੀਵਨ ਦੇ ਹਵਾ, ਪਾਣੀ ਅਤੇ ਅੱਗ ਜਿਹੇ ਤੱਤਾਂ ਨੂੰ ਭੁਲਾ ਕੇ ਸਿਰਫ ਉਸ ਇਕ ਪ੍ਰਭੂ ਨੂੰ ਹੀ ਹਿਰਦੇ ਵਿਚ ਵਸਾਉਂਦੇ ਹਨ। ਭਾਵ, ਉਸ ਇਕ ਬਿਨਾਂ ਕਿਸੇ ਹੋਰ ਆਸਰੇ ਨੂੰ ਨਹੀਂ ਮੰਨਦੇ।
ਪਾਉਣ, ਪਾਣੀ ਤੇ ਅੱਗ ਨੂੰ ਪ੍ਰਕਿਰਤੀ ਦੇ ਰਜੋ, ਤਮੋ ਅਤੇ ਸਤੋ ਜਿਹੇ ਤਿੰਨ ਗੁਣਾ ਦੇ ਪ੍ਰਤੀਕ ਵੀ ਕਿਹਾ ਜਾ ਸਕਦਾ ਹੈ। ਪ੍ਰਭੂ ਦੀ ਮਿਹਰ ਸਦਕਾ ਸਾਧਕ ਜਨ ਇਨ੍ਹਾਂ ਤਿੰਨ ਗੁਣਾਂ ਦੀ ਗ੍ਰਿਫਤ ਤੋਂ ਮੁਕਤ ਹੋ ਜਾਂਦੇ ਹਨ।
ਅਜਿਹੇ ਸਾਧਕ ਜਨ ਕਿਸੇ ਵੀ ਤਰ੍ਹਾਂ ਦੇ ਰੰਗ-ਰੂਪ ਤੋਂ ਨਿਰਲੇਪ, ਉਸ ਇਕ ਪਰਮ ਹਸਤੀ ਦੇ ਸੱਚੇ ਗਿਆਨ ਨੂੰ ਹੀ ਜੀਵਨ ਦਾ ਇਕੋ-ਇਕ ਅਧਾਰ ਮੰਨਦੇ ਹਨ। ਉਸ ਇਕ ਦੇ ਇਲਾਵਾ ਉਹ ਕਿਸੇ ਹੋਰ ਦੀ ਟੇਕ ਨਹੀਂ ਰਖਦੇ। ਕਿਉਂਕਿ ਸਿਰਫ ਉਸ ਦਾ ਨਿਯਮ ਹੀ ਸੱਚਾ ਹੈ ਜਾਂ ਸੱਚ ਹੀ ਉਸ ਦਾ ਨਿਯਮ ਹੈ।
ਉੱਪਰ ਦੱਸੇ ਸਾਧਕ ਜਨ ਦਾ ਮਨ ਸਿਰਫ ਉਸ ਪਰਮ ਹਸਤੀ ਇਕ ਪ੍ਰਭੂ ਦੇ ਨਾਮ-ਰੂਪ ਗਿਆਨ ਵਿਚ ਹੀ ਆਪਣੇ ਮਨ ਦੀ ਲਿਵ ਲਾ ਕੇ ਰਖਦਾ ਹੈ। ਭਾਵ, ਉਸ ਇਕ ਦੇ ਬਿਨਾਂ ਕਿਸੇ ਹੋਰ ਨੂੰ ਮਨ ਵਿਚ ਯਾਦ ਨਹੀਂ ਕਰਦਾ।
ਇਸ ਸ਼ਬਦ ਦੇ ਅਖੀਰ ਵਿਚ ‘ਨਾਨਕ’ ਪਦ ਦੀ ਮੁਹਰ ਲਾ ਕੇ ਗੁਰੂ ਸਾਹਿਬ ਕਥਨ ਕਰਦੇ ਹਨ ਕਿ ਉਪਰੋਕਤ ਕਿਸਮ ਦੇ ਸਾਧਕ ਨੂੰ ਨਮਸਕਾਰ ਕਰਦੇ ਹਨ, ਕਿਉਂਕਿ ਉਸ ਦਾ ਮਨ ਨਾਮ-ਰੂਪ ਗਿਆਨ ਵਿਚ ਆਤਮਸਾਤ ਹੋਣ ਕਾਰਣ ਮੌਤ ਦੇ ਭੈਅ ਆਦਿ ਤੋਂ ਮੁਕਤ ਹੈ।