Guru Granth Sahib Logo
  
ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ ਸਲੋਕ ਅਤੇ ਸੋਲ੍ਹਾਂ ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਸਾਤੈਂ  ਸਤਿ ਕਰਿ ਬਾਚਾ ਜਾਣਿ ॥ 
ਆਤਮਰਾਮੁ ਲੇਹੁ ਪਰਵਾਣਿ
ਛੂਟੈ ਸੰਸਾ  ਮਿਟਿ ਜਾਹਿ ਦੁਖ ॥ 
ਸੁੰਨ ਸਰੋਵਰਿ ਪਾਵਹੁ ਸੁਖ ॥੮॥
-ਗੁਰੂ ਗ੍ਰੰਥ ਸਾਹਿਬ ੩੪੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਤਵੀਂ ਥਿਤ ਦੇ ਹਵਾਲੇ ਨਾਲ ਭਗਤ ਕਬੀਰ ਜੀ ਦੱਸਦੇ ਹਨ ਕਿ ਮਨੁਖ ਨੂੰ ਗੁਰੂ ਦੇ ਬਚਨ ਸੱਚ ਕਰਕੇ ਮੰਨਣੇ ਚਾਹੀਦੇ ਹਨ। ਕਿਉਂਕਿ ਗੁਰੂ ਦੇ ਬਚਨ, ਭਾਵ ਉਪਦੇਸ਼ ਓਪਰੇ ਮਨੋ ਜਾਂ ਬਿਨਾਂ ਸੋਚੇ ਸਮਝੇ ਨਹੀਂ ਹੁੰਦੇ, ਸਗੋਂ ਉਨ੍ਹਾਂ ਦੇ ਅਨੁਭਵ ਦਾ ਪ੍ਰਗਟਾਵਾ ਹੁੰਦਾ ਹੈ। ਇਸ ਕਰਕੇ ਅਜਿਹੇ ਬਚਨਾ ‘ਤੇ ਹਿਰਦੇ ਤੋਂ ਯਕੀਨ ਕਰਨਾ ਚਾਹੀਦਾ ਹੈ। 

ਕਈ ਭਾਰਤੀ ਭਾਸ਼ਾਵਾਂ ਵਿਚ ਮਨਸਾ, ਵਾਚਾ ਤੇ ਕਰਮਣਾ ਤਿੰਨ ਸ਼ਬਦ ਇਕੱਠੇ ਪ੍ਰਚਲਤ ਹਨ। ਜਿਨ੍ਹਾਂ ਵਿਚ ਮਨਸਾ ਮਨ ਨੂੰ, ਵਾਚਾ ਬੋਲ ਨੂੰ ਤੇ ਕਰਮਣਾ ਕਰਮ ਨੂੰ ਕਿਹਾ ਗਿਆ ਹੈ। ਇਸ ਵਾਕੰਸ਼ ਰਾਹੀਂ ਮਨੁਖ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਮਨ, ਬਚਨ ਅਤੇ ਕਰਮ ਵਿਚ ਇਕਸਾਰਤਾ ਰਖੇ। ਅਦਰਸ਼ ਮਨੁਖ ਉਹੀ ਹੈ, ਜਿਸ ਦੀ ਸੋਚ ਹੀ ਉਸ ਦੇ ਬੋਲਾਂ ਵਿਚ ਪ੍ਰਗਟ ਹੋਵੇ ਤੇ ਉਸ ਦੇ ਬੋਲ ਹੀ ਕਰਮ ਰੂਪ ਅਖਤਿਆਰ ਕਰਨ। ਜਿਸ ਦੇ ਹਿਰਦੇ ਵਿਚ ਸੱਚ ਸਮਾਇਆ ਹੋਵੇ ਉਸ ਦੇ ਬੋਲਾਂ ਵਿਚ ਵੀ ਸੱਚ ਪ੍ਰਗਟ ਹੋਣਾ ਚਾਹੀਦਾ ਹੈ।

ਮਨੁਖ ਨੂੰ ਆਪਣੇ ਹਿਰਦੇ ਵਿਚ ਵਿਆਪਕ ਪ੍ਰਭੂ ਨੂੰ ਵਸਾਉਣਾ ਚਾਹੀਦਾ ਹੈ। ਪ੍ਰਭੂ ਨੂੰ ਹਿਰਦੇ ਅੰਦਰ ਵਸਾਉਣ ਜਾਂ ਧਾਰਣ ਕਰਨ ਨਾਲ ਮਨੁਖ ਜਿਥੇ ਆਪਣੇ ਆਪੇ ਨੂੰ ਮੁਕੰਮਲਤਾ ਪ੍ਰਦਾਨ ਕਰਦਾ ਹੈ, ਉਥੇ ਹੀ ਉਹ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ। ਮਨੁਖ ਦੇ ਜੀਵਨ ਦਾ ਇਹੀ ਮਨੋਰਥ ਅਤੇ ਲਾਭ ਹੈ। 

ਉਪਰੋਕਤ ਅਵਸਥਾ ਵਿਚ ਪੁਜੇ ਹੋਏ ਜਾਂ ਪ੍ਰਵਾਨ ਚੜ੍ਹੇ ਹੋਏ ਮਨੁਖ ਦੇ ਸਭ ਡਰ ਚੱਕੇ ਜਾਂਦੇ ਹਨ। ਉਸ ਨੂੰ ਕੋਈ ਵੀ ਡਰ ਪਰੇਸ਼ਾਨ ਨਹੀਂ ਕਰਦਾ। ਉਹ ਬੇਪ੍ਰਵਾਹੀ ਵਾਲਾ ਜੀਵਨ ਬਤੀਤ ਕਰਦਾ ਹੈ ਤੇ ਉਸ ਦੇ ਸਾਰੇ ਦੁਖ ਮਿਟ ਜਾਂਦੇ ਹਨ। ਉਸ ਦੀ ਸੋਚ, ਸਮਝ ਤੇ ਅਹਿਸਾਸ ਇੰਨੇ ਉੱਚੇ ਅਤੇ ਸੁੱਚੇ ਹੋ ਜਾਂਦੇ ਹਨ ਕਿ ਉਹ ਦੁਖ-ਸੁਖ ਵਾਲੀਆਂ ਗੱਲਾਂ ਤੋਂ ਪਾਰ ਹੋ ਜਾਂਦਾ ਹੈ। 

ਉਹ ਅਜਿਹੀ ਅਵਸਥਾ ਵਿਚ ਪੁੱਜ ਜਾਂਦਾ ਹੈ, ਜਿਸ ਤਰ੍ਹਾਂ ਕਿਸੇ ਸਰੋਵਰ ਦਾ ਪਾਣੀ ਟਿਕਿਆ ਹੋਇਆ ਤੇ ਨਿਤਰਿਆ ਹੋਇਆ ਹੋਵੇ। ਅਸਲ ਵਿਚ ਇਹ ਸਰੋਵਰ ਇਕਾਗਰ ਮਨ ਨੂੰ ਕਿਹਾ ਗਿਆ ਹੈ। ਅਜਿਹਾ ਮਨ ਜਿਸ ਵਿਚ ਪੂਰਨ ਟਿਕਾਉ ਅਤੇ ਅਡੋਲਤਾ ਹੁੰਦੀ ਹੈ। ਅਸਲ ਸੁਖ ਅਜਿਹੀ ਅਵਸਥਾ ਵਿਚੋਂ ਪ੍ਰਾਪਤ ਹੁੰਦਾ ਹੈ। ਅਜਿਹੇ ਸੁੰਨ ਮੰਡਲ ਦੇ ਸੁਖ ਨਾਲ ਹੀ ਦੁਖਾਂ ਤੋਂ ਨਿਜਾਤ ਮਿਲਦੀ ਹੈ। ਨਹੀਂ ਤਾਂ ਸੁਖ ਵੀ ਦੁਖ ਦਾ ਕਾਰਣ ਹੀ ਬਣਦੇ ਹਨ।

Tags