ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ
ਸਲੋਕ ਅਤੇ ਸੋਲ੍ਹਾਂ
ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ
ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ
ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ,
ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥
ਬਿਨੁ ਪਰਚੈ ਨਹੀ ਥਿਰਾ ਰਹਾਇ ॥
ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥
ਕਰਮ ਧਰਮ ਕੀ ਸੂਲ ਨ ਸਹਹੁ ॥੭॥
-ਗੁਰੂ ਗ੍ਰੰਥ ਸਾਹਿਬ ੩੪੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਯੋਗ ਅਨੁਸਾਰ ਸਰੀਰ ਵਿਚ ਹਵਾਵਾਂ ਦੇ ਕੇਂਦਰ ਸਥਾਨਾਂ ਨੂੰ ਚੱਕਰ ਕਿਹਾ ਜਾਂਦਾ ਹੈ। ਇਨ੍ਹਾਂ ਚੱਕਰਾਂ ਨੂੰ ਛੇ ਮੰਨਿਆ ਗਿਆ ਹੈ। ਇਨ੍ਹਾਂ ਨੂੰ ਖਟ ਚੱਕਰ ਵੀ ਕਿਹਾ ਜਾਂਦਾ ਹੈ। ਇਨ੍ਹਾਂ ਛੇ ਸੁਆਸ ਚੱਕਰਾਂ ਵਿਚੋਂ ਲੰਘ ਕੇ ਦਸਮ ਦੁਆਰ ’ਤੇ ਪਹੁੰਚਿਆ ਜਾਂਦਾ ਹੈ। ਭਗਤ ਕਬੀਰ ਜੀ ਛੇਵੀਂ ਥਿਤ ਦੇ ਹਵਾਲੇ ਨਾਲ ਇਨ੍ਹਾਂ ਛੇ ਚੱਕਰਾਂ ਦੀ ਗੱਲ ਕਰਦਿਆਂ ਆਖਦੇ ਹਨ ਕਿ ਮਨੁਖ ਇਨ੍ਹਾਂ ਛੇ ਚੱਕਰਾਂ ਵਾਲੇ ਸਰੀਰ ਦੀਆਂ ਕਦੇ ਨਾਂ ਮੁੱਕਣ ਵਾਲੀਆਂ ਇਛਾਵਾਂ ਦੀ ਪੂਰਤੀ ਲਈ ਹੀ ਛੇ ਦਿਸ਼ਾਵਾਂ, ਭਾਵ ਹਰ ਪਾਸੇ ਭਟਕਦਾ ਫਿਰਦਾ ਹੈ।
ਜਦ ਤਕ ਮਨੁਖ ਆਪਣੀ ਚੇਤਨਾ ਦੀਆਂ ਉਲਝਣਾਵਾਂ ਨੂੰ ਪੂਰਨ ਰੂਪ ਵਿਚ ਜਾਣ ਨਹੀਂ ਲੈਂਦਾ ਤੇ ਵਿਚਾਰ ਚਰਚਾ ਕਰ ਕੇ ਸੁਲਝਾ ਨਹੀਂ ਲੈਂਦਾ, ਉਦੋਂ ਤਕ ਮਨ ਭਟਕਣਾ ਤੋਂ ਮੁਕਤ ਨਹੀਂ ਹੁੰਦਾ ਤੇ ਅਡੋਲ ਅਵਸਥਾ ਵਿਚ ਨਹੀਂ ਆਉਂਦਾ। ਇਹ ਅਸਲ ਵਿਚ ਗਿਆਨ ਦੀ ਅਵਸਥਾ ਹੁੰਦੀ ਹੈ ਜਾਂ ਕਹਿ ਲਵੋ ਕਿ ਇਹ ਗਿਆਨ ਨਾਲ ਹੀ ਸੰਭਵ ਹੁੰਦਾ ਹੈ। ਇਥੇ ਗਿਆਨ ਦਾ ਅਰਥ ਸਿਰਫ ਪੜ੍ਹਨਾ ਨਹੀਂ, ਬਲਕਿ ਪੜ੍ਹਕੇ ਵਿਚਾਰ ਕਰਨ ਤੇ ਅਮਲ ਵਿਚ ਲਿਆਉਣਾ ਹੈ। ਇਸ ਨਾਲ ਹੀ ਮਨ ਵਿਚ ਟਿਕਾਉ ਆਉਂਦਾ ਹੈ ਤੇ ਭਟਕਣ ਮੁੱਕਦੀ ਹੈ।
ਚੇਤਨਾ ਦੀਆਂ ਉਲਝਣਾਵਾਂ ਨੂੰ ਸੁਲਝਾਉਣ ਨਾਲ ਮਨ ਦੀ ਦੁਬਿਧਾ ਜਾਂ ਦੁਚਿਤੀ ਮੇਟਣ ਉਪਰੰਤ ਮਨੁਖ ਨੂੰ ਚਾਹੀਦਾ ਹੈ ਕਿ ਉਹ ਧੀਰਜ ਵਾਲੇ ਸੁਭਾਅ ਦਾ ਪ੍ਰਗਟਾਵਾ ਕਰਦਿਆਂ ਦੂਸਰਿਆਂ ਦੀਆਂ ਗਲਤੀਆਂ ਪ੍ਰਤੀ ਖਿਮਾ ਭਾਵ ਨਾਲ ਪੇਸ਼ ਆਵੇ। ਉਹ ਆਪਣੀ ਇਸ ਪ੍ਰਵਿਰਤੀ ‘ਤੇ ਦ੍ਰਿੜਤਾ ਨਾਲ ਪਹਿਰਾ ਦਿੰਦਾ ਰਹੇ ਤੇ ਕਦੇ ਵੀ ਬਦਲੇ ਦੇ ਭਾਵ ਵਿਚ ਨਾ ਆਵੇ।
ਅਖੀਰ ਵਿਚ ਭਗਤ ਕਬੀਰ ਜੀ ਸਮਝਾ ਰਹੇ ਹਨ ਕਿ ਮਨੁਖ ਨੂੰ ਸ਼ਾਸਤ੍ਰਾਂ ਵਿਚ ਧਰਮ ਦੇ ਨਾਮ ਉਪਰ ਦ੍ਰਿੜ ਕਰਵਾਏ ਹੋਏ ਫੋਕਟ ਦੇ ਕਰਮਕਾਂਡਾਂ ਦੇ ਬੰਧਨਾ ਵਿਚ ਪੈ ਕੇ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਕ ਦੁਖ ਦੇਣ ਦੀ ਕੋਈ ਲੋੜ ਨਹੀ ਹੈ, ਬਸ ਉਹ ਰੱਬੀ ਗੁਣਾਂ ਵਾਲੇ ਸੁਭਾਅ ਨੂੰ ਸਦਾ ਅਪਣਾ ਕੇ ਰਖੇ, ਇਸ ਨਾਲ ਹੀ ਉਸ ਦਾ ਭਲਾ ਹੋਵੇਗਾ।