ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ
ਸਲੋਕ ਅਤੇ ਸੋਲ੍ਹਾਂ
ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ
ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ
ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ,
ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਪਾਂਚੈ ਪੰਚ ਤਤ ਬਿਸਥਾਰ ॥
ਕਨਿਕ ਕਾਮਿਨੀ ਜੁਗ ਬਿਉਹਾਰ ॥
ਪ੍ਰੇਮ ਸੁਧਾ ਰਸੁ ਪੀਵੈ ਕੋਇ ॥
ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥
-ਗੁਰੂ ਗ੍ਰੰਥ ਸਾਹਿਬ ੩੪੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪੰਜਵੀਂ ਥਿਤ ਦੁਆਰਾ ਉਪਦੇਸ਼ ਕਰਦਿਆਂ ਭਗਤ ਕਬੀਰ ਜੀ ਦੇਹੀ ਦੇ ਪੰਜ ਮੂਲ ਤੱਤਾਂ ਬਾਰੇ ਗੱਲ ਕਰਦੇ ਹਨ। ਇਹ ਪੰਜ ਤੱਤ ਅਕਾਸ਼, ਹਵਾ, ਅਗਨੀ, ਪਾਣੀ ਅਤੇ ਧਰਤੀ ਹਨ। ਇਨ੍ਹਾਂ ਪੰਜਾਂ ਤੱਤਾਂ ਦੇ ਵਖ-ਵਖ ਅਨੁਪਾਤ ਵਿਚ ਹੋਣ ਵਾਲੇ ਜੋੜ-ਤੋੜ ਨਾਲ ਸੰਸਾਰ ਦਾ ਵਿਸਥਾਰ ਹੁੰਦਾ ਹੈ। ਪਹਿਲਾਂ ਖਲਾਅ (space) ਬਣਦਾ ਹੈ। ਫਿਰ ਉਸ ਵਿਚ ਹਵਾ ਭਰਦੀ ਹੈ। ਹਵਾ ਕਾਰਣ ਅੱਗ ਪੈਦਾ ਹੁੰਦੀ ਹੈ। ਅੱਗ ਨਾਲ ਪਾਣੀ ਬਣਦਾ ਹੈ ਤੇ ਪਾਣੀ ਵਿਚ ਧਰਤੀ ਬਣਦੀ ਹੈ। ਇਹੀ ਸੰਸਾਰ ਦਾ ਪਸਾਰ ਅਤੇ ਵਿਸਥਾਰ ਹੈ।
ਭਗਤ ਕਬੀਰ ਜੀ ਦੱਸਦੇ ਹਨ ਕਿ ਇਹ ਯਾਦ ਰਖਣਾ ਚਾਹੀਦਾ ਹੈ ਕਿ ਪੰਜ ਮੂਲ ਤੱਤਾਂ ਦੁਆਰਾ ਹੋਂਦ ਵਿਚ ਆਇਆ ਇਹ ਸੰਸਾਰ ਅਤੇ ਇਸ ਦਾ ਮਾਇਕੀ ਖਿਲਾਰਾ ਸਦੀਵੀ ਨਹੀਂ ਹੈ, ਇਹ ਮਿਟ ਜਾਣ ਵਾਲਾ ਹੈ। ਪਰ ਇਸ ਦੇ ਬਾਵਜੂਦ ਵੀ ਮਨੁਖ ਧਨ-ਦੌਲਤ ਦੀਆਂ ਖਿੱਚ ਅਤੇ ਪ੍ਰਬਲ ਕਾਮ ਰੁਚੀਆਂ ਵਿਚ ਹੀ ਗ੍ਰਸਤ ਰਹਿੰਦਾ ਹੈ। ਇਹ ਰੁਚੀਆਂ ਮਨੁਖ ਨੂੰ ਇੰਨਾ ਪ੍ਰਭਾਵਿਤ ਕਰਦੀਆਂ ਹਨ ਉਹ ਇਨ੍ਹਾਂ ਵਿਚ ਹੀ ਫਸ ਕੇ ਰਹਿ ਜਾਂਦਾ ਹੈ। ਉਹ ਆਪਣੀ ਰੂਹ ਜਾਂ ਰੁਹਾਨੀਅਤ ਦੀਆਂ ਲੋੜਾਂ ਵੱਲ ਉੱਕਾ ਹੀ ਧਿਆਨ ਨਹੀਂ ਦਿੰਦਾ।
ਮਨੁਖ ਧਨ-ਦੌਲਤ ਅਤੇ ਕਾਮੁਕ ਰੁਚੀਆਂ ਦੇ ਮਾਇਆ ਜਾਲ ਵਿਚ ਏਨਾ ਫਸ ਜਾਂਦਾ ਹੈ ਕਿ ਬ੍ਰਹਿਮੰਡ ਦੇ ਅਸਲ ਸਿਰਜਣਹਾਰ ਤੇ ਮਾਲਕ ਪ੍ਰਭੂ ਨੂੰ ਯਾਦ ਹੀ ਨਹੀਂ ਰਖਦਾ ਤੇ ਨਾ ਹੀ ਉਸ ਦੇ ਮਿੱਠੇ ਅਤੇ ਅਮਰ ਕਰ ਦੇਣ ਵਾਲੇ ਪ੍ਰੇਮ ਰਸ ਦਾ ਸੁਆਦ ਮਾਣਦਾ ਹੈ। ਕੋਈ ਵਿਰਲਾ ਮਨੁਖ ਹੀ ਸੁਚੇਤ ਹੁੰਦਾ ਹੈ ਜੋ ਇਨ੍ਹਾਂ ਮਾਇਕੀ ਰੁਚੀਆਂ ਵੱਲੋਂ ਮੂੰਹ ਮੋੜਕੇ ਮਾਲਕ ਪ੍ਰਭੂ ਦੇ ਪ੍ਰੇਮ ਰੂਪੀ ਅੰਮ੍ਰਿਤਮਈ ਰਸ ਦਾ ਅਨੰਦ ਮਾਣਦਾ ਹੈ।
ਜਿਹੜਾ ਵੀ ਕੋਈ ਪ੍ਰਭੂ ਨਾਲ ਪ੍ਰੇਮ ਪਾਉਂਦਾ ਹੈ ਉਸ ਨੂੰ ਨਾ ਤਾਂ ਬੁੱਢੇਪਾ ਦਾ ਕੋਈ ਦੁਖ ਹੁੰਦਾ ਹੈ ਤੇ ਨਾ ਹੀ ਉਸ ਨੂੰ ਮੌਤ ਦਾ ਡਰ ਸਤਾਉਂਦਾ ਹੈ। ਇਸ ਦਾ ਅਰਥ ਇਹ ਨਹੀਂ ਕਿ ਉਹ ਕਦੇ ਬੁੱਢਾ ਨਹੀਂ ਹੁੰਦਾ ਜਾਂ ਉਸ ਨੂੰ ਕਦੇ ਮੌਤ ਨਹੀਂ ਆਉਂਦੀ। ਬਲਕਿ ਵਧਦੀ ਉਮਰ ਤੇ ਮੌਤ ਦੇ ਝੋਰਿਆਂ ਤੋਂ ਉਹ ਬਿਲਕੁਲ ਹੀ ਨਿਰਲੇਪ ਰਹਿੰਦਾ ਹੈ। ਉਹ ਦੇਹੀ ਦੀ ਪੱਧਰ ਦੀ ਬਜਾਏ ਰੁਹਾਨੀ ਪੱਧਰ ’ਤੇ ਜੀਵਨ ਬਸਰ ਕਰਦਾ ਹੋਇਆ ਅਨੰਦ ਦੀ ਅਵਸਥਾ ਵਿਚ ਰਹਿੰਦਾ ਹੈ।