Guru Granth Sahib Logo
  
ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ ਸਲੋਕ ਅਤੇ ਸੋਲ੍ਹਾਂ ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਚਉਥਹਿ  ਚੰਚਲ ਮਨ ਕਉ ਗਹਹੁ ॥ 
ਕਾਮ ਕ੍ਰੋਧ ਸੰਗਿ ਕਬਹੁ ਬਹਹੁ
ਜਲ ਥਲ ਮਾਹੇ ਆਪਹਿ ਆਪ ॥ 
ਆਪੈ ਜਪਹੁ ਆਪਨਾ ਜਾਪ ॥੫॥
-ਗੁਰੂ ਗ੍ਰੰਥ ਸਾਹਿਬ ੩੪੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚੌਥੀ ਤਿਥ ਦੇ ਹਵਾਲੇ ਨਾਲ ਭਗਤ ਕਬੀਰ ਜੀ ਦੱਸਦੇ ਹਨ ਕਿ ਇਹ ਜੋ ਚੰਦਰਮਾ ਦੀ ਤਰ੍ਹਾਂ ਘੱਟਣ-ਵਧਣ ਵਾਲਾ ਮਨ ਹੈ, ਜਿਸ ਵਿਚ ਕਦੇ ਟਿਕਾਉ ਨਹੀਂ ਆਉਂਦਾ, ਜੋ ਸਦਾ ਭਟਕਣਾ ਵਿਚ ਰਹਿੰਦਾ ਹੈ, ਇਸ ਨੂੰ ਕਾਬੂ ਕਰਕੇ ਰਖਣਾ ਚਾਹੀਦਾ ਹੈ। ਕਿਉਂਕਿ ਹਰ ਸਮੱਸਿਆ ਤੇ ਦੁਖ ਦਾ ਮੂਲ ਕਾਰਣ ਮਨ ਦਾ ਬੇਕਾਬੂ ਹੋਣਾ ਹੀ ਹੁੰਦਾ ਹੈ।

ਇਸ ਮਨ ਅੰਦਰ ਕਾਮ ਅਤੇ ਕ੍ਰੋਧ ਬੜੇ ਹੀ ਪ੍ਰਬਲ ਅਹਿਸਾਸ ਹਨ, ਜਿਨ੍ਹਾਂ ਨੂੰ ਕਾਬੂ ਵਿਚ ਰਖਣਾ ਬੜਾ ਹੀ ਮੁਸ਼ਕਲ ਹੈ। ਮਨੁਖ ਦੇ ਅੰਦਰ ਕਾਮ ਦੀ ਰੁਚੀ ਜਾਗ ਪਵੇ ਤਾਂ ਇਹ ਮਨੁਖ ਨੂੰ ਬੁਰਾਈ ਅਤੇ ਅਪਰਾਧ ਦੇ ਰਾਹ ਤੋਰ ਦਿੰਦੀ ਹੈ। ਇਸ ਰਾਹ ਤੁਰੇ ਹੋਏ ਮਨੁਖ ਦਾ ਪਿੱਛੇ ਮੁੜਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਰਾਹ ਦਾ ਅੰਤ ਅੱਤ ਦੀ ਖੁਆਰੀ ਹੁੰਦਾ ਹੈ। ਇਸੇ ਤਰ੍ਹਾਂ ਕ੍ਰੋਧ ਵੀ ਇਕ ਵਾਰੀ ਜਾਗ ਪਵੇ ਤਾਂ ਕਤਲਾਂ ਤਕ ਗੱਲ ਜਾ ਪੁਜਦੀ ਹੈ। ਫਿਰ ਬਦਲੇ ਦਾ ਸਿਲਸਿਲਾ ਖਾਨਦਾਨ ਤਬਾਹ ਕਰ ਸੁੱਟਦਾ ਹੈ। ਇਸ ਲਈ ਮਨ ਕਾਬੂ ਕਰਨ ਵਾਲੇ ਲਈ ਜ਼ਰੂਰੀ ਹੈ ਕਿ ਉਹ ਖਾਸ ਤੌਰ ’ਤੇ ਕਾਮ ਤੇ ਕ੍ਰੋਧ ਵਿਚ ਖਚਿਤ ਨਾ ਹੋਵੇ। ਇਹ ਅਜਿਹੀ ਅੱਗ ਹੈ ਜੋ ਭਟਕ ਕੇ ਦੂਰੋਂ ਹੀ ਰਾਖ ਕਰ ਸੁਟਦੀ ਹੈ।

ਜਿਸ ਨੇ ਅੱਥਰੇ ਮਨ ਨੂੰ ਕਾਬੂ ਕਰ ਲਿਆ ਤੇ ਕਾਮ, ਕ੍ਰੋਧ ਆਦਿ ਵਿਕਾਰਾਂ ਤੋਂ ਦੂਰੀ ਬਣਾ ਲਈ ਉਹ ਮਨੁਖ ਅਜਿਹੀ ਅਵਸਥਾ ਵਿਚ ਪੁੱਜ ਜਾਂਦਾ ਹੈ ਕਿ ਉਸ ਨੂੰ ਹਰ ਥਾਂ ਤੇ ਹਰ ਪਾਸੇ ਸਿਰਫ ਪ੍ਰਭੂ ਦਾ ਵਾਸ ਹੀ ਨਜਰ ਆਉਂਦਾ ਹੈ। ਕਿਉਂਕਿ ਪ੍ਰਭੂ ਦਰਮਿਆਨ ਦੂਰੀ ਪੈਦਾ ਕਰਨ ਵਾਲਾ ਅੱਥਰਾ ਮਨ ਕਾਬੂ ਹੇਠ ਹੁੰਦਾ ਹੈ। ਟਿਕੀ ਹੋਈ ਝੀਲ ਦੇ ਨਿਤਰੇ ਹੋਏ ਪਾਣੀ ਦੀ ਤਰ੍ਹਾਂ ਮਨ ਵੀ ਟਿਕ ਜਾਂਦਾ ਹੈ ਤੇ ਏਨਾ ਪਾਰਦਰਸ਼ ਹੋ ਜਾਂਦਾ ਹੈ ਕਿ ਦੂਰ-ਦੁਰਾਡੇ ਜਾਪ ਰਿਹਾ ਪ੍ਰਭੂ ਨੇੜੇ ਮਹਿਸੂਸ ਹੋਣ ਲੱਗਦਾ ਹੈ। ਫਿਰ ਅਜਿਹੀ ਕੋਈ ਥਾਂ ਹੀ ਨਹੀਂ ਨਜਰ ਆਉਂਦੀ, ਜਿਥੇ ਪ੍ਰਭੂ ਦਾ ਵਾਸਾ ਨਾ ਹੋਵੇ। ਅਸਲ ਵਿਚ ਫਿਰ ਉਸ ਦੇ ਬਿਨਾਂ ਹੋਰ ਕੁਝ ਹੁੰਦਾ ਹੀ ਨਹੀਂ ਸਿਰਫ ਉਹੀ ਹੁੰਦਾ ਹੈ। ਅੰਤ ਵਿਚ ਭਗਤ ਕਬੀਰ ਜੀ ਆਖਦੇ ਹਨ ਕਿ ਸਭ ਥਾਂਈਂ ਵਿਆਪਕ ਪ੍ਰਭੂ ਵਿਚ ਆਪਣੀ ਸੁਰਤ ਜੋੜ ਕੇ ਉਸ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ

Tags