ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ
ਸਲੋਕ ਅਤੇ ਸੋਲ੍ਹਾਂ
ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ
ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ
ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ,
ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥
ਆਨਦ ਮੂਲ ਪਰਮਪਦੁ ਪਾਵੈ ॥
ਸਾਧਸੰਗਤਿ ਉਪਜੈ ਬਿਸ੍ਵਾਸ ॥
ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥
-ਗੁਰੂ ਗ੍ਰੰਥ ਸਾਹਿਬ ੩੪੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਭਗਤ ਕਬੀਰ ਜੀ ਇਸ ਤੀਸਰੀ ਥਿਤ ਦੁਆਰਾ ਸਮਝਾ ਰਹੇ ਸਾਧ-ਸੰਗਤ ਅੰਦਰ ਆਪਣੀ ਸੁਰਤ ਨੂੰ ਜੋੜਨ ਵਾਲਾ ਮਨੁਖ ਮਾਇਆ ਦੇ ਤਿੰਨਾਂ ਗੁਣਾਂ ਰਜੋ, ਤਮੋ ਅਤੇ ਸਤੋ ਗੁਣ ਨੂੰ ਸਮ ਕਰ ਜਾਣਦਾ ਹੈ। ਭਾਵ ਕਿ ਉਹ ਇਨ੍ਹਾਂ ਗੁਣਾਂ ਵਿਚ ਕਦੇ ਵੀ ਡੋਲਦਾ ਨਹੀ ਸਗੋਂ ਆਪਣੀ ਸੁਰਤੀ ਕਰਕੇ ਹਮੇਸ਼ਾ ਸਹਿਜ ਅਵਸਥਾ ਵਿਚ ਰਹਿੰਦਾ ਹੈ। ਉਸ ਦਾ ਮਨ ਪੂਰੀ ਤਰ੍ਹਾਂ ਸਥਿਰ ਹੋ ਜਾਂਦਾ ਹੈ।
ਮਾਇਆ ਦੇ ਤਿੰਨਾਂ ਗੁਣਾਂ ਨੂੰ ਕਾਬੂ ਕਰਕੇ ਰਖਣ ਵਾਲਾ ਮਨੁਖ ਜੀਵਨ ਦੇ ਹਰ ਉਤਰਾ-ਚੜ੍ਹਾਅ ਤੇ ਖੁਸ਼ੀ-ਗਮੀ ਤੋਂ ਪਾਰ, ਅਨੰਦ ਦੇ ਮੂਲ ਸੋਮੇ ਪ੍ਰਭੂ ਨਾਲ ਇਕ-ਮਿਕ ਹੋ ਕੇ ਪਰਮ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹ ਅਜਿਹੀ ਅਵਸਥਾ ਹੈ, ਜਿਥੇ ਮਨੁਖ ਦੇ ਆਪੇ ਦਰਮਿਆਨ ਹਰ ਤਰ੍ਹਾਂ ਦੀ ਦੂਰੀ ਮਿਟ ਜਾਂਦੀ ਹੈ ਤੇ ਮਨੁਖ ਆਪਣੇ ਅਸਲ ਰੂਪ ਨੂੰ ਪਛਾਣ ਲੈਂਦਾ ਹੈ।
ਕੋਈ ਪੁੱਛ ਸਕਦਾ ਹੈ ਕਿ ਅਨੰਦ ਦੇ ਮੂਲ ਸੋਮੇਂ ਵਾਲੀ ਪਰਮ ਅਵਸਥਾ ਪ੍ਰਾਪਤ ਕਿਸ ਤਰਾਂ ਹੋ ਸਕਦੀ ਹੈ? ਇਸ ਦੇ ਜਵਾਬ ਵਿਚ ਦੱਸਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਇਸ ਅਵਸਥਾ ਵਿਚ ਵਿਸ਼ਵਾਸ ਪੈਦਾ ਹੋਣਾ ਜ਼ਰੂਰੀ ਹੈ। ਅਜਿਹਾ ਵਿਸ਼ਵਾਸ ਸਾਧ-ਸੰਗਤ ਵਿਚੋਂ ਪ੍ਰਾਪਤ ਹੁੰਦਾ ਹੈ। ਜਿਹੜੇ ਸਾਧ-ਸੰਗਤ ਕਰਨ ਉਪਰੰਤ ਪਰਮ ਅਨੰਦ ਦੀ ਮੂਲ ਅਵਸਥਾ ਪ੍ਰਾਪਤ ਕਰ ਲੈਂਦੇ ਹਨ, ਉਹ ਅਜਿਹੇ ਸੱਜਣ ਪੁਰਸ਼ ਹੁੰਦੇ ਹਨ ਕਿ ਉਨ੍ਹਾਂ ਦੇ ਮਨ-ਮਸਤਕ ਅੰਦਰ ਸਦੀਵੀ ਚਾਨਣ ਹੋ ਜਾਂਦਾ ਹੈ। ਉਹ ਇੰਨੇ ਗਿਆਨਵਾਨ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਅੰਦਰ ਬਾਹਰ ਪ੍ਰਭੂ ਦੀ ਵਿਆਪਕਤਾ ਦਾ ਅਨੁਭਵ ਹੋ ਜਾਂਦਾ ਹੈ। ਉਹ ਹਰ ਤਰ੍ਹਾਂ ਦੇ ਅਗਿਆਨ ਤੋਂ ਮੁਕਤ ਹੋ ਜਾਂਦੇ ਹਨ ਤੇ ਨਿਰੋਲ ਗਿਆਨ ਰੂਪ ਹੀ ਹੋ ਜਾਂਦੇ ਹਨ।