Guru Granth Sahib Logo
  
ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ ਸਲੋਕ ਅਤੇ ਸੋਲ੍ਹਾਂ ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਦੁਤੀਆ  ਦੁਹ ਕਰਿ ਜਾਨੈ ਅੰਗ ॥ 
ਮਾਇਆ ਬ੍ਰਹਮ ਰਮੈ ਸਭ ਸੰਗ
ਨਾ ਓਹੁ ਬਢੈ  ਘਟਤਾ ਜਾਇ ॥ 
ਅਕੁਲ ਨਿਰੰਜਨ ਏਕੈ ਭਾਇ ॥੩॥
-ਗੁਰੂ ਗ੍ਰੰਥ ਸਾਹਿਬ ੩੪੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚੰਦਰਮਾ ਦੀ ਦੂਜੀ ਤਿਥ ਤੋਂ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਇਹ ਜੋ ਸਾਰਾ ਪਸਾਰਾ ਹੈ ਇਸ ਦੇ ਦੋ ਹਿੱਸੇ ਹਨ। ਜਿਸ ਤਰ੍ਹਾਂ ਚੰਦਰਮਾ ਦੇ ਦੋ ਪਖ ਚਾਨਣ ਅਤੇ ਹਨੇਰਾ ਹਨ। ਇਸੇ ਤਰ੍ਹਾਂ ਸਾਰੇ ਪਸਾਰੇ ਦੇ ਵੀ ਦੋ ਹਿੱਸੇ ਹਨ। ਇਕ ਦਿਖਦਾ ਹੈ ਤੇ ਦੂਜਾ ਇਸ ਵਿਚ ਅਭੇਦ, ਛੁਪਿਆ ਹੋਇਆ ਤੇ ਅਦਿਖ ਹੈ। ਦਿਖਣ ਵਾਲੇ ਨੂੰ ਮਾਇਆ ਦਾ ਸੰਸਾਰ ਕਿਹਾ ਜਾਂਦਾ ਹੈ ਤੇ ਉਸ ਅਦਿਖ ਨੂੰ ਪਾਰਬ੍ਰਹਮ ਪ੍ਰਭੂ ਕਿਹਾ ਜਾਂਦਾ ਹੈ।

ਮਨੁਖ ਦੇ ਅੰਦਰ ਇਹ ਦੋਵੇਂ ਪਖ ਮੌਜੂਦ ਹੁੰਦੇ ਹਨ। ਮਨੁਖ ਦੇ ਅੰਦਰ ਚੇਤਨਾ ਦੇ ਰੂਪ ਵਿਚ ਪਾਰਬ੍ਰਹਮ ਆਪ ਵੀ ਵਸਦਾ ਹੈ ਤੇ ਅਗਿਆਨ ਰੂਪ ਮਾਇਆ ਦਾ ਪਸਾਰਾ ਵੀ ਮਨੁਖ ਦੇ ਅੰਦਰ ਹੀ ਹੈ। ਇਹ ਸਭ ਕੁਝ ਮਨੁਖ ਦੇ ਅੰਦਰ ਹੀ ਵਸਿਆ ਹੋਇਆ ਹੈ।

ਇਨ੍ਹਾਂ ਦੋਵਾਂ ਵਿਚ ਫਰਕ ਇਹ ਹੈ ਕਿ ਮਾਇਆ ਦਾ ਪਸਾਰਾ ਹਮੇਸ਼ਾ ਘੱਟਦਾ-ਵਧਦਾ ਰਹਿੰਦਾ ਹੈ। ਪਰ ਪਾਰਬ੍ਰਹਮ ਪ੍ਰਭੂ ਸਦੀਵੀਂ ਹੈ ਅਤੇ ਉਸ ਦਾ ਪਸਾਰਾ ਨਾ ਘੱਟਦਾ ਹੈ ਅਤੇ ਨਾ ਵਧਦਾ ਹੈ। ਭਾਵ, ਉਹ ਇਕਸਾਰ ਜਗਤ ਵਿਚ ਰਮ ਰਿਹਾ ਹੈ।

ਜਿਹੜਾ ਮਨੁਖ ਵਧਣ-ਘੱਟਣ ਵਾਲੇ ਮਾਇਆ ਦੇ ਪਸਾਰੇ ਦੇ ਪ੍ਰਭਾਵ ਵਿਚ ਰਹਿੰਦਾ ਹੈ, ਉਹ ਚੰਦਰਮਾ ਦੀ ਤਰ੍ਹਾਂ ਹਮੇਸ਼ਾ ਉਤਰਾ-ਚੜ੍ਹਾਅ ਅਤੇ ਵਾਧੇ-ਘਾਟੇ ਵਿਚ ਹੀ ਰਹਿੰਦਾ ਹੈ। ਪਰ ਜਿਹੜਾ ਮਨੁਖ ਮਾਇਆ ਰੂਪ ਮਨ ਦੀ ਬਜਾਏ ਬ੍ਰਹਮ ਨਾਲ ਜੁੜ ਜਾਂਦਾ ਹੈ ਉਹ ਹਮੇਸ਼ਾ ਇਕ ਰਸ ਰਹਿੰਦਾ ਹੈ। ਉਹ ਹਰ ਤਰ੍ਹਾ ਦੇ ਵਾਧੇ-ਘਾਟੇ ’ਤੇ ਉਤਰਾ-ਚੜ੍ਹਾਅ ਤੋਂ ਮੁਕਤ ਹੋ ਜਾਂਦਾ ਹੈ। ਇਸ ਲਈ ਮਨੁਖ ਨੂੰ ਚਾਹੀਦਾ ਹੈ ਕਿ ਉਹ ਬ੍ਰਹਮ ਨਾਲ ਲਗਨ ਲਾਈ ਰਖੇ।

ਮਨ ਦਾ ਮੁਥਾਜ ਮਨੁਖ ਇਸ ਕਰਕੇ ਉਤਰਾ-ਚੜ੍ਹਾਅ ਵਿਚ ਰਹਿੰਦਾ ਹੈ, ਕਿਉਂਕਿ ਮਨ ਅਗਿਆਨ ਕਾਰਣ ਸੰਸਾਰ ਨਾਲ ਲਗਾਉ ਪਾਲ ਲੈਂਦਾ ਹੈ ਤੇ ਕੁਝ ਲੋਕਾਂ ਨੂੰ ਆਪਣਾ ਪਰਿਵਾਰ, ਖਾਨਦਾਨ ਜਾਂ ਕੁੱਲ ਮੰਨ ਲੈਂਦਾ ਹੈ। ਪਰ ਗਿਆਨ ਰੂਪ ਪ੍ਰਭੂ ਨਾਲ ਜੁੜਿਆ ਮਨੁਖ ਪ੍ਰਭੂ ਦੀ ਤਰ੍ਹਾਂ ਹੀ ਆਪਣੇ-ਆਪ ਨੂੰ ਕਾਸੇ ਨਾਲ ਨਹੀਂ ਜੋੜਦਾ ਤੇ ਹਮੇਸ਼ਾ ਇਕ ਰਸ ਨਿਸ਼ਚਿੰਤ ਰਹਿੰਦਾ ਹੈ।

Tags