Guru Granth Sahib Logo
  
ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ ਸਲੋਕ ਅਤੇ ਸੋਲ੍ਹਾਂ ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਪਰਿਵਾ  ਪ੍ਰੀਤਮ ਕਰਹੁ ਬੀਚਾਰ ॥ 
ਘਟ ਮਹਿ ਖੇਲੈ ਅਘਟ ਅਪਾਰ
ਕਾਲ ਕਲਪਨਾ ਕਦੇ ਖਾਇ ॥ 
ਆਦਿ ਪੁਰਖ ਮਹਿ ਰਹੈ ਸਮਾਇ ॥੨॥
-ਗੁਰੂ ਗ੍ਰੰਥ ਸਾਹਿਬ ੩੪੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਰਵ ਚੰਦਰਮਾ ਦੀ ਪਹਿਲੀ ਥਿਤ ਨੂੰ ਕਹਿੰਦੇ ਹਨ। ਇਸ ਦਿਨ ਚੰਦਰਮਾ ਆਪਣੀ ਯਾਤਰਾ ਅਰੰਭ ਕਰਦਾ ਹੈ। ਇਹ ਚੰਦਰਮਾ ਦਾ ਪਹਿਲਾ ਕਦਮ ਹੁੰਦਾ ਹੈ। ਇਸ ਕਰਕੇ ਇਸ ਦਿਨ ਮਨ ਵਿਚ ਚਾਅ ਅਤੇ ਉਤਸ਼ਾਹ ਹੁੰਦਾ ਹੈ। ਸ਼ਾਇਦ ਇਸੇ ਕਰਕੇ ਚਾਅ ਤੇ ਉਤਸ਼ਾਹ ਵਾਲੇ ਦਿਨ ਨੂੰ ਪਰਵ ਜਾਂ ਪੁਰਬ ਵੀ ਕਹਿੰਦੇ ਹਨ। ਉਤਸ਼ਾਹੀ ਮਨ ਕਈ ਵਾਰੀ ਕੋਈ ਖਰਾਬੀ ਕਰ ਬੈਠਦਾ ਹੈ।

ਭਗਤ ਕਬੀਰ ਜੀ ਚੰਦਰਮਾ ਦੀ ਪਹਿਲੀ ਥਿਤ ਦੁਆਰਾ ਉਪਦੇਸ਼ ਦਿੰਦਿਆਂ ਆਖਦੇ ਹਨ ਹਨ ਕਿ ਸਭ ਤੋਂ ਪਹਿਲਾਂ ਪਿਆਰੇ ਪ੍ਰਭੂ ਦੇ ਗੁਣਾਂ ਬਾਰੇ ਵਿਚਾਰ ਕਰੋ। ਕੋਈ ਵੀ ਕਾਰਜ, ਵਿਚਾਰ ਤੋਂ ਹੀ ਸ਼ੁਰੂ ਹੁੰਦਾ ਹੈ। ਵਿਚਾਰ ਬਗੈਰ ਪੁੱਟਿਆ ਕੋਈ ਵੀ ਕਦਮ ਕੁਰਾਹੇ ਪਾ ਸਕਦਾ ਹੈ।

ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਪਤਾ ਲੱਗਦਾ ਹੈ ਕਿ ਉਹ ਨਿਰਾਕਾਰ ਹੈ ਭਾਵ ਅਕਾਰ ਤੋਂ ਰਹਿਤ ਹੈ, ਉਹ ਸਰੀਰਾਂ ਦੀ ਕੈਦ ਵਿਚ ਨਹੀ ਆਉਂਦਾ। ਇਸਦੇ ਨਾਲ ਹੀ ਉਹ ਬੇਅੰਤ ਵੀ ਹੈ, ਉਸਦਾ ਕੋਈ ਹੱਦ-ਬੰਨਾ ਨਹੀ ਹੈ। ਅਕਾਰ ਤੋਂ ਰਹਿਤ ਅਤੇ ਕਿਸੇ ਵੀ ਹੱਦ ਬੰਨੇ ਰਹਿਤ ਹੋਣ ਦੇ ਬਾਵਜੂਦ ਵੀ ਉਹ ਹਰ ਸਰੀਰ ਦੇ ਵਿਚ ਵਰਤ ਰਿਹਾ ਹੈ ਭਾਵ ਖੇਡ ਰਿਹਾ ਹੈ।

ਪ੍ਰਭੂ ਦੀ ਵਿਚਾਰ ਕੀਤਿਆ ਪਤਾ ਲੱਗਦਾ ਹੈ ਕਿ ਉਹ ਸਾਡੇ ਅੰਦਰ ਹੀ ਵਸਦਾ ਹੈ ਤੇ ਜਿਹੜਾ ਵੀ ਆਪਣੇ ਅੰਦਰ ਵਸਦੇ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਰਖਦਾ ਹੈ ਤੇ ਉਸ ਵਿਚ ਸਮਾਇਆ ਰਹਿੰਦਾ ਹੈ—ਉਸ ਨੂੰ ਝੋਰਾ ਨਹੀਂ ਲੱਗਦਾ ਤੇ ਉਹ ਮੌਤ ਦੇ ਡਰ ਤੋਂ ਮੁਕਤ ਹੋ ਜਾਂਦਾ ਹੈ।


Tags