ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ
ਸਲੋਕ ਅਤੇ ਸੋਲ੍ਹਾਂ
ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ
ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ
ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ,
ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਪੂਨਿਉ ਪੂਰਾ ਚੰਦ ਅਕਾਸ ॥
ਪਸਰਹਿ ਕਲਾ ਸਹਜ ਪਰਗਾਸ ॥
ਆਦਿ ਅੰਤਿ ਮਧਿ ਹੋਇ ਰਹਿਆ ਥੀਰ ॥
ਸੁਖਸਾਗਰ ਮਹਿ ਰਮਹਿ ਕਬੀਰ ॥੧੬॥
-ਗੁਰੂ ਗ੍ਰੰਥ ਸਾਹਿਬ ੩੪੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪੰਦਰ੍ਹਵੀਂ ਥਿਤ ਨੂੰ ਆਮ ਤੌਰ ’ਤੇ ਪੁੰਨਿਆਂ ਜਾਂ ਪੂਰਨਮਾਸ਼ੀ ਕਿਹਾ ਜਾਂਦਾ ਹੈ। ਇਸ ਥਿਤ ਦੇ ਹਵਾਲੇ ਨਾਲ ਭਗਤ ਕਬੀਰ ਜੀ ਖੁਦ ਨੂੰ ਸੰਬੋਧਨ ਹੁੰਦਿਆਂ ਆਖਦੇ ਹਨ ਕਿ ਜਿਸ ਤਰ੍ਹਾਂ ਪੁੰਨਿਆਂ ਵਾਲੀ ਥਿਤ ਵੇਲੇ ਅਸਮਾਨ ਵਿਚ ਪੂਰਾ ਚੰਨ ਚਮਕ ਰਿਹਾ ਹੁੰਦਾ ਹੈ, ਉਸ ਵਿਚੋਂ ਨਿਕਲਦੀਆਂ ਰਿਸ਼ਮਾਂ ਹਰ ਪਾਸੇ ਹਨ੍ਹੇਰੇ ਨੂੰ ਦੂਰ ਕਰਕੇ ਚਾਨਣ ਕਰ ਦਿੰਦੀਆਂ ਹਨ, ਬਿਲਕੁਲ ਇਸੇ ਤਰ੍ਹਾਂ ਹੀ ਜਦੋਂ ਮਨੁਖੀ ਮਨ ਵਿਚ ਪ੍ਰਭੂ ਦੀ ਹਾਜ਼ਰ-ਨਾਜ਼ਰਤਾ ਦਾ ਅਹਿਸਾਸ ਪੂਰਨ ਰੂਪ ਵਿਚ ਹੁੰਦਾ ਹੈ ਤਾਂ ਮਨੁਖ ਅੰਦਰ ਵੀ ਗਿਆਨ ਦਾ ਸਹਿਜ ਪ੍ਰਕਾਸ਼ ਹੋ ਜਾਂਦਾ ਹੈ। ਇਸ ਗਿਆਨ ਦੇ ਪ੍ਰਕਾਸ਼ ਸਦਕਾ ਉਸ ਦੇ ਹਰ ਤਰ੍ਹਾਂ ਦੇ ਭਰਮ ਮਿਟ ਜਾਂਦੇ ਹਨ। ਜਿਵੇਂ ਚੰਦਰਮਾਂ ਪੂਰਨ ਰੂਪ ਵਿਚ ਆਪਣੇ ਅਸਲ ਰੂਪ ਵਿਚ ਦਿਖਾਈ ਦਿੰਦਾ ਹੈ, ਉਸੇ ਤਰ੍ਹਾਂ ਮਨੁਖ ਵੀ ਆਪਣੇ ਪੂਰਨ ਰੂਪ ਵਿਚ ਆਪਣੇ ਅਸਲ ਆਪੇ ਨੂੰ ਨੂੰ ਪਛਾਣ ਕੇ ਆਪਣੀ ਸੰਪੂਰਨਤਾ ਦੀ ਅਵਸਥਾ ਵਿਚ ਪਹੁੰਚ ਜਾਂਦਾ ਹੈ।
ਇਸ ਅਵਸਥਾ ਅੰਦਰ ਹੀ ਮਨੁਖ ਇਹ ਅਨੁਭਵ ਕਰਦਾ ਹੈ ਕਿ ਪ੍ਰਭੂ ਆਦਿ, ਅੰਤ, ਮੱਧ ਭਾਵ ਹਰ ਸਮੇਂ, ਹਰ ਥਾਂ ਇਕ-ਸਮਾਨ, ਇਕ-ਰਸ ਰੂਪ ਵਿਚ ਮੌਜੂਦ ਹੈ। ਇਸ ਲਈ ਭਗਤ ਕਬੀਰ ਜੀ ਖੁਦ ਨੂੰ ਮੁਖਾਤਬ ਹੋ ਕੇ ਕਹਿੰਦੇ ਹਨ ਕਿ ਹੇ ਕਬੀਰ! ਜੇਕਰ ਤੂੰ ਵੀ ਉਸ ਸੁਖਾਂ ਦੇ ਸਮੁੰਦਰ ਪ੍ਰਭੂ ਦੀ ਸਿਫਤਿ-ਸਾਲਾਹ ਕਰੇਂਗਾ ਤਾਂ ਉਸ ਵਿਚ ਅਭੇਦ ਹੋ ਜਾਵੇਂਗਾ ਭਾਵ ਤੇਰੇ ਅੰਦਰ ਵੀ ਸਹਿਜ ਅਵਸਥਾ ਦਾ ਪ੍ਰਕਾਸ਼ ਹੋ ਜਾਵੇਗਾ।