ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ
ਸਲੋਕ ਅਤੇ ਸੋਲ੍ਹਾਂ
ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ
ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ
ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ,
ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਚਉਦਸਿ ਚਉਦਹ ਲੋਕ ਮਝਾਰਿ ॥
ਰੋਮ ਰੋਮ ਮਹਿ ਬਸਹਿ ਮੁਰਾਰਿ ॥
ਸਤ ਸੰਤੋਖ ਕਾ ਧਰਹੁ ਧਿਆਨ ॥
ਕਥਨੀ ਕਥੀਐ ਬ੍ਰਹਮ ਗਿਆਨ ॥੧੫॥
-ਗੁਰੂ ਗ੍ਰੰਥ ਸਾਹਿਬ ੩੪੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚੌਦ੍ਹਵੀ ਥਿਤ ਦੁਆਰਾ ਉਪਦੇਸ਼ ਕਰਦਿਆਂ ਭਗਤ ਕਬੀਰ ਜੀ ਚੌਦ੍ਹਾਂ ਲੋਕਾਂ ਤੋਂ ਆਪਣੀ ਗੱਲ ਸ਼ੁਰੂ ਕਰਦੇ ਹਨ। ਸੱਤ ਅਕਾਸ਼ ਅਤੇ ਸੱਤ ਪਾਤਾਲ ਨੂੰ ਮਿਲਾ ਕੇ ਚੌਦਾਂ ਲੋਕ ਮੰਨੇ ਜਾਂਦੇ ਹਨ। ਜਿਸ ਦਾ ਭਾਵ ਸਮੁੱਚੇ ਬ੍ਰਹਿਮੰਡ ਤੋਂ ਲਿਆ ਜਾਂਦਾ ਹੈ। ਇਥੇ ਭਗਤ ਕਬੀਰ ਹੀ ਦੱਸਦੇ ਹਨ ਕਿ ਪ੍ਰਭੂ ਬ੍ਰਹਿਮੰਡ ਦੇ ਕਣ-ਕਣ ਵਿਚ ਰਮਿਆ ਹੋਇਆ ਹੈ। ਇਥੋਂ ਤਕ ਕਿ ਉਸ ਦੀ ਹਸਤੀ ਬ੍ਰਹਿਮੰਡ ਦੇ ਹਰ ਜੀਵ ਦੇ ਰੋਮ-ਰੋਮ ਵਿਚ ਸਮਾਈ ਹੋਈ ਹੈ।
ਇਸ ਦੇ ਨਾਲ ਹੀ ਮਨੁਖ ਨੂੰ ਸਮਝਾਇਆ ਗਿਆ ਹੈ ਕਿ ਕਣ-ਕਣ ਵਿਚ ਸਮਾਏ ਹੋਏ ਪ੍ਰਭੂ ਦੀ ਪ੍ਰਾਪਤੀ ਲਈ ਅਤੇ ਜੀਵਨ ਦੇ ਹਰ ਪੜ੍ਹਾਅ ਵਿਚ ਸੰਤੁਸ਼ਟ ਅਤੇ ਪ੍ਰਸੰਨ ਚਿੱਤ ਰਹਿਣ ਲਈ ਉੱਚੇ-ਸੁੱਚੇ ਰੱਬੀ ਗੁਣਾਂ ਵਾਲੇ ਆਚਰਣ ਅਤੇ ਸੰਤੋਖ ਦੇ ਧਾਰਣੀ ਹੋਣਾ ਪਵੇਗਾ। ਮਨੁਖ ਨੂੰ ਹਰ ਸਮੇਂ ਪਾਰਬ੍ਰਹਮ ਪ੍ਰਭੂ ਦੇ ਗੁਣਾਂ ਦੀ ਵਿਚਾਰ ਅਤੇ ਸਿਫਤਿ-ਸਾਲਾਹ ਕਰਦੇ ਰਹਿਣੇ ਚਾਹੀਦਾ ਹੈ। ਇਸ ਨਾਲ ਹੀ ਮਨ ਬੁਰਾਈ ਤੋਂ ਬਚਿਆ ਰਹਿੰਦਾ ਹੈ ਤੇ ਬੁਰੇ ਵਿਚਾਰਾਂ ਦੀ ਮੈਲ ਕੱਟੀ ਜਾਂਦੀ ਹੈ। ਇਸ ਨਾਲ ਮਨੁਖ ਦਾ ਜੀਵਨ ਸੁਧਰ ਜਾਂਦਾ ਹੈ। ਅਸਲ ਅਨੰਦ ਇਸ ਵਿਚ ਹੀ ਹੈ।